
ਵਿਦਿਆਰਥੀਆਂ ਨੂੰ ਬੇਹਤਰੀਨ ਸਿੱਖਿਆ ਦੇਣਾ ਹੈ ਮੁੱਖ ਮਕਸਦ–ਮੁੱਖ ਅਧਿਆਪਕਾ ਸ੍ਰੀਮਤੀ ਕਿਰਨਦੀਪ ਕੌਰ
ਭਿੱਖੀਵਿੰਡ/ਤਰਨ ਤਾਰਨ,7 ਜੂਨ (ਨਈਅਰ) ਕਿਸੇ ਨੇ ਸੱਚ ਹੀ ਕਿਹਾ ਹੈ “ ਔਖਾ ਕੰਮ ਨਾ ਕੋਈ ਜਹਾਨ ਉੱਤੇ, ਹੁੰਦਾ ਕਰਨਾ ਸਦਾ ਅਰੰਭ ਔਖਾ। ਹੋਵੇ ਹੌਂਸਲਾ ਤਾਂ ਚੁੱਕ ਪਹਾੜ ਦੇਈਏ,ਬਿਨਾ ਹੌਂਸਲੇ ਚੁੱਕਣਾ ਖੰਭ ਔਖਾ”।
ਆਪਣੇ ਸੁਫ਼ਨਿਆਂ ਨੂੰ ਹੌਂਸਲੇ ਦੇ ਖੰਭ ਲਗਾ ਕੇ ਆਪਣੇ ਜਜ਼ਬਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਹੁਨਰ ਇੱਕ ਮਿਹਨਤੀ ਇਨਸਾਨ ਹੀ ਜਾਣਦਾ ਹੈ। ਕੁਝ ਅਜਿਹੀ ਹੀ ਵੱਖਰੇ ਹੌਂਸਲਿਆਂ ਦੀ ਉਡਾਣ ਭਰੀ ਹੈ ਬਲਾਕ ਭਿੱਖੀਵਿੰਡ ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨਾਰਲਾ ਦੀ ਮਿਹਨਤੀ ਮੁੱਖ ਅਧਿਆਪਕਾ ਸ੍ਰੀਮਤੀ ਕਿਰਨਦੀਪ ਕੌਰ ਨੇ,ਜਿਨ੍ਹਾਂ ਨੇ ਆਪਣੇ ਸਾਥੀ ਅਧਿਆਪਕ ਸ਼੍ਰੀ ਕਾਲੂ ਰਾਮ ਅਤੇ ਸ਼੍ਰੀ ਤਲਵਿੰਦਰ ਸਿੰਘ ਨਾਲ ਮਿਲ ਕੇ ਸਕੂਲ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਮੈਡਮ ਕਿਰਨਦੀਪ ਕੌਰ ਜਦੋਂ 24-06-2010 ਨੂੰ ਇਸ ਸਕੂਲ ਵਿੱਚ ਬਤੌਰ ਈ.ਟੀ.ਟੀ. ਅਧਿਆਪਕ ਹਾਜਰ ਹੋਏ ਤਾਂ ਕੌਣ ਜਾਣਦਾ ਸੀ ਕਿ ਉਹ ਆਪਣੇ ਮਨ ਵਿੱਚ ਇਸ ਸਕੂਲ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣ ਦਾ ਸੁਫਨਾ ਨਾਲ ਲੈ ਕੇ ਆਏ ਹਨ।ਸਕੂਲ ਦੇ ਹਰੇਕ ਕੋਨੇ ਨੂੰ ਸੰਵਾਰਨ ਲਈ ਉਹਨਾਂ ਆਪਣੇ ਸਾਥੀ ਅਧਿਆਪਕਾਂ ਨਾਲ ਮਿਲ ਕੇ ਵਿਉਂਤਬੰਦੀ ਕਰਨ ਦੇ ਨਾਲ ਨਾਲ ਆਪ ਖੁਦ ਕੰਮ ਕਰਵਾਇਆ ਅਤੇ ਸਕੂਲ ਦੀ ਕਲਰ ਕੋਡਿੰਗ,ਪਾਰਕਾਂ,ਸਮਾਰਟ ਕਲਾਸਰੂਮ,ਪ੍ਰੋਜੈਕਟਰ ਰੂਮ,ਮੈਥ ਪਾਰਕ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦੇਣਾ ਸਕੂਲ ਮੁੱਖੀ ਅਤੇ ਸਾਥੀ ਅਧਿਆਪਕ ਸਹਿਬਾਨ ਦਾ ਮੁੱਖ ਮਕਸਦ ਰਿਹਾ ਹੈ।ਸਕੂਲ ਦੇ ਸਾਰੇ ਹੀ ਕਮਰਿਆਂ ਵਿੱਚ ਸਕੂਲ ਮੁੱਖੀ ਸ਼੍ਰੀਮਤੀ ਕਿਰਨਦੀਪ ਕੌਰ ਵੱਲੋਂ ਆਪਣੇ ਹੱਥਾਂ ਨਾਲ ਬਹੁਤ ਹੀ ਸੁੰਦਰ ਬਾਲਾ ਵਰਕ ਕੀਤਾ ਹੋਇਆ ਹੈ।ਬਲਾਕ ਮੀਡੀਆ ਕੋਆਰਡੀਨੇਟਰ ਲਖਬੀਰ ਸਿੰਘ ਨਾਲ ਗੱਲਬਾਤ ਕਰਦਿਆ ਸਕੂਲ ਮੁਖੀ ਸ਼੍ਰੀਮਤੀ ਕਿਰਨਦੀਪ ਕੌਰ ਨੇ ਕਿਹਾ ਕਿ ਸਕੂਲ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣ ਲਈ ਸਕੂਲ ਦੇ ਸਾਰੇ ਅਧਿਆਪਕਾਂ ਨੇ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਹੈ।ਬੀ.ਐਮ.ਟੀ. ਰਾਜੇਸ਼ ਕੁਮਾਰ ਅਤੇ ਵਿਜੈ ਮਹਿਤਾ ਨੇ ਦੱਸਿਆ ਕਿ ਸ਼੍ਰੀਮਤੀ ਕਿਰਨਦੀਪ ਕੌਰ ਬਲਾਕ ਦੇ ਸਭ ਤੋਂ ਵਧੀਆ ਅਤੇ ਸਭ ਤੋਂ ਮਿਹਨਤੀ ਅਧਿਆਪਕਾਂ ਵਿੱਚ ਸ਼ਾਮਿਲ ਹਨ। ਉਹਨਾਂ ਅੱਗੇ ਦੱਸਦਿਆਂ ਕਿਹਾ ਕਿ ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਮਿਹਨਤੀ ਹਨ ਅਤੇ ਜਿਸ ਸਮੇਂ ਤੋਂ ਸ਼੍ਰੀਮਤੀ ਕਿਰਨਦੀਪ ਕੌਰ ਸਕੂਲ ਵਿੱਚ ਬਤੌਰ ਅਧਿਆਪਕ ਹਾਜ਼ਰ ਹੋਏ, ਉਸ ਸਮੇਂ ਤੋਂ ਹੀ ਸਕੂਲ ਨੇ ਵਿੱਦਿਆ ਦੇ ਖੇਤਰ ਵਿੱਚ ਆਪਣਾ ਨਾਮ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਪੜ੍ਹਾਈ ਪੱਖੋਂ ਸਕੂਲ ਦੀ ਗਿਣਤੀ ਬਲਾਕ ਦੇ ਹੀ ਨਹੀਂ ਸਗੋਂ ਜਿਲ੍ਹੇ ਦੇ ਸਭ ਤੋਂ ਵਧੀਆ ਸਕੂਲਾਂ ਵਿੱਚ ਹੁੰਦੀ ਹੈ। ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਭਿੱਖੀਵਿੰਡ ਸ੍ਰ ਹਰਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਸਾਰੇ ਹੀ ਮਿਹਨਤੀ ਅਧਿਆਪਕ ਸਹਿਬਾਨ ਨੇ ਸਕੂਲ ਨੂੰ ਹਰੇਕ ਪੱਖ ਤੋਂ ਸੋਹਣਾ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਹ ਸਕੂਲ ਹੋਰ ਬੁਲੰਦੀਆਂ ਨੂੰ ਛੂਹੇਗਾ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਪਰਮਜੀਤ ਸਿੰਘ ਨੇ ਸਕੂਲ ਮੁਖੀ ਅਤੇ ਸਮੂਹ ਅਧਿਆਪਕ ਸਹਿਬਾਨ ਨੂੰ ਆਪਣੇ ਸਕੂਲ ਅਤੇ ਇਸਦੇ ਵਿੱਚ ਪੜਦੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਦਿਨ ਰਾਤ ਇਸੇ ਤਰ੍ਹਾਂ ਹੋਰ ਵੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ।