8.9 C
United Kingdom
Saturday, April 19, 2025

More

    ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਬਦਸਲੂਕੀ

    ?ਚੰਡੀਗੜ੍ਹ ਪੁਲੀਸ ਦੇ ਭੂਸਰੇ ਥਾਣੇਦਾਰ ਨੇ ਡਿਊਟੀ ਤੇ ਜਾ ਰਹੇ ਸੀਨੀਅਰ ਪੱਤਰਕਾਰ ਨੂੰ ਅਗਵਾ ਕਰਕੇ ਗੱਡੀ ‘ਚ ਸੁੱਟਿਆ , ਠਾਣੇ ‘ਚ ਬੇਇੱਜ਼ਤ ਕੀਤਾ
    ?ਪੱਤਰਕਾਰ ਭਾਈਚਾਰੇ ਚ ਰੋਸ, ਕਾਰਵਾਈ ਦੀ ਕੀਤੀ ਮੰਗ
    ਚੰਡੀਗੜ੍ਹ ( ਰਾਜਿੰਦਰ ਭਦੌੜੀਆ )


    ਚੰਡੀਗੜ੍ਹ ਪੁਲਿਸ ਦੇ ਇੱਕ ਭੂਸਰੇ ਥਾਣੇਦਾਰ ਨੇ ਬੀਤੀ ਕੱਲ 18 ਅਪਰੈਲ ਨੂੰ ਸਾਰੀਆਂ ਹੱਦਾਂ ਪਾਰ ਕਰਦਿਆਂ ਪੰਜਾਬ ਦੇ ਨਾਮੀ ਪੱਤਰਕਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਨੂੰ ਉਸ ਵੇਲੇ ਅਗਵਾ ਕਰਕੇ ਪੁਲਿਸ ਦੀ ਗੱਡੀ ‘ਚ ਸੁੱਟ ਤੇ ਗੰਦੀਆਂ ਗਾਲ੍ਹਾਂ ਦੇ ਕੇ ਬੇਇੱਜ਼ਤ ਕੀਤਾ ਗਿਆ।
    ਦਵਿੰਦਰਪਾਲ ਨੇ ਦੱਸਿਆ ਕਿ ਉਹ 18 ਅਪ੍ਰੈਲ ਨੂੰ ਸਵਾ ਕੁ ਚਾਰ ਕੁ ਵਜੇ ਆਪਣੇ 27 ਸੈਕਟਰ ਵਿਚਲੇ ਘਰੋਂ ਰੋਜ਼ਾਨਾ ਵਾਂਗ ਆਪਣੀ ਡਿਊਟੀ ਨਿਭਾਉਣ ਲਈ ਟ੍ਰਿਬਿਊਨ ਦਫ਼ਤਰ ਵੱਲ ਪੈਦਲ ਜਾ ਰਿਹਾ ਸੀ
    ਮੇਰੇ ਗਲ ਵਿੱਚ ਬਾਕਾਇਦਾ ਟ੍ਰਿਬਿਊਨ ਦਾ ਆਈ ਡੀ ਕਾਰਡ ਪਾਇਆ ਹੋਇਆ ਸੀ। ਅਚਾਨਕ ਸੈਕਟਰ 29 ਅਤੇ 30 ਦੀਆਂ ਬੱਤੀਆਂ ਤੇ ਇੰਡਸਟਰੀਅਲ ਏਰੀਏ ਦੇ ਐਸਐਚਓ ਦੀ ਬੋਲੈਰੋ ਗੱਡੀ ਨੇ ਮੇਰੇ ਕੋਲ ਆ ਕੇ ਬਰੇਕਾਂ ਮਾਰੀਆਂ ਤੇ ਮੇਰੇ ਕੰਨਾਂ ਵਿੱਚ ਗਰਜਵੀਂ ਆਵਾਜ਼ ਪਈ, “ ਕੌਣ ਹੈਂ ਓਏ ਤੂੰ ਤੇ ਕਿੱਧਰ ਜਾ ਰਿਹਾ ਹੈ? “
    ਮੈ ਸਹਿਜ ਮਤੇ ਨਾਲ ਆਪਣੇ ਗਲ ਵਿੱਚ ਪਾਏ ਪਛਾਣ ਕਾਰਡ ਨੂੰ ਹੱਥ ਵਿੱਚ ਫੜਕੇ ਵਿਖਾਉਂਦਿਆਂ ਕਿਹਾ ਕਿ ਮੈ ਪੱਤਰਕਾਰ ਹਾਂ ਤੇ ਟ੍ਰਿਬਿਊਨ ਦਫ਼ਤਰ ਡਿਊਟੀ ‘ਤੇ ਜਾ ਰਿਹਾ ਹਾਂ,
    ਪਰ ਉਸਨੇ ਬਿਨਾਂ ਕੋਈ ਗੱਲ ਸੁਣੇ ਤੇ ਬਿਨਾਂ ਸੁਆਲ ਪੁੱਛੇ ਥਾਣੇਦਾਰ ਨੇ ਗਾਲ੍ਹਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ ਤੇ ਕਿਹਾ ਸਿੱਧਾ ਹੋਕੇ ਗੱਡੀ ਵਿੱਚ ਬੈਠਦਾ ਹੈਂ ਕਿ ਸੜਕ ‘ਤੇ ਹੀ ਚਿੱਤੜ ਕਟਵਾਉਣੇ ਨੇ ? ਮੈਂ ਪਹਿਲਾਂ ਤਾਂ ਥੋੜ੍ਹਾ ਵਿਰੋਧ ਕੀਤਾ ਪਰ ਮੈਨੂੰ ਲੱਗਿਆ ਹੁਣ ਬਹਿਸ ਦਾ ਫ਼ਾਇਦਾ ਨਹੀਂ .”
    ਆਪਣੀ ਹੱਡਬੀਤੀ ਸੁਣਾਉਂਦਿਆਂ ਦਵਿੰਦਰਪਾਲ ਨੇ ਅੱਗੇ ਦੱਸਿਆ ਕਿ ਧੂਹ ਕੇ ਥਾਣੇਦਾਰ ਨੇ ਉਹਨੂੰ ਬਲੈਰੋ ਵਿੱਚ ਸੁੱਟ ਲਿਆ। ਗੱਡੀ ਵਿਚ ਕੋਈ ਇੱਕ ਹੋਰ ਬੰਦਾ ਵੀ ਫੜ ਕੇ ਬਿਠਾਇਆ ਹੋਇਆ ਸੀ .ਇਹ ਵੀ ਪਤਾ ਨਹੀਂ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਸੀ ਜਾਂ ਨਹੀਂ .ਗੱਡੀ ਵਿਚ ਚਾਰ ਪੁਲਿਸ ਵਾਲੇ ਹੋਰ ਬੈਠੇ ਸਨ , ਕੋਈ ਸੋਸ਼ਲ ਡਿਸਟੈਂਸਿੰਗ ਦੀ ਪ੍ਰਵਾਹ ਨਹੀਂ ਸੀ .

    ਦਵਿੰਦਰਪਾਲ ਨੇ ਅੱਗੇ ਦੱਸਿਆ ਕਿ ਉਸ ਨੇ ਰਸਤੇ ਵਿੱਚ ਜਾਂਦਿਆਂ ਆਪਣੇ ਮੋਬਾਈਲ ਤੋਂ ਪੰਜਾਬ ਸਰਕਾਰ ਤੇ ਪੁਲਿਸ ਦੇ ਸਭ ਤੋਂ ਵੱਡੇ ਅਧਿਕਾਰੀਆਂ , ਆਪਣੇ ਸੰਪਾਦਕ, ਪੱਤਰਕਾਰ ਸਾਥੀਆਂ ਤੇ ਕੁੱਝ ਦੋਸਤਾਂ ਨੂੰ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਾਣ ਦੇ ਸੁਨੇਹੇ ਵੀ ਭੇਜ ਦਿੱਤੇ। ਥਾਣੇ ਲਿਜਾ ਕੇ ਵੀ ਉਸ ਨਾਲ ਮੁਜ਼ਰਮਾਂ ਵਰਗਾ ਵਿਹਾਰ ਕੀਤਾ ਤੇ ਉਸ ਨੂੰ ਭੁੰਜੇ ਬੈਠਣ ਲਈ ਮਜਬੂਰ ਕੀਤਾ ਗਿਆ .
    ਜਦੋਂ ਉੱਤੋਂ ਫ਼ੋਨ ਤਾਂ ਖੜਕਣੇ ਸ਼ੁਰੂ ਹੋਏ ਤੇ ਥਾਣੇਦਾਰ ਨੇ ਆਪਣਾ ਜੁਰਮ ਲੁਕੋਣ ਲਈ ਸਰਾਸਰ ਝੂਠ ਬੋਲਿਆ ਕਿ ਇਹ ਬੰਦਾ ਸੜਕ ਉੱਪਰ ਸੈਰ ਕਰ ਰਿਹਾ ਸੀ ਜੋ ਹੁਕਮਾਂ ਦੀ ਉਲੰਘਣਾ ਹੈ ਜਦੋਂ ਕਿ ਅਸਲੀਅਤ ਇਹ ਕਿ ਉਹ ਰੋਜ਼ਾਨਾ ਹੀ ਆਪਣੇ ਘਰ ਤੋਂ ਪੈਦਲ ਹੀ ਦਫ਼ਤਰ ਜਾਂਦਾ ਹੈ ।
    ਲਗਭਗ ਪੌਣੇ ਘੰਟੇ ਬਾਅਦ ਉਸਨੂੰ ਥਾਣੇ ‘ਚੋਂ ਰਿਹਾ ਕੀਤਾ ਗਿਆ .

    ਦਵਿੰਦਰਪਾਲ ਦਾ ਕਹਿਣਾ ਸੀ ਉਹ ਇਸ ਘਟਨਾ ਨਾਲ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਹੋਇਆ।
    ਚੰਡੀਗੜ੍ਹ ਪੁਲਿਸ ਦੇ ਉੱਪਰਲੇ ਅਫ਼ਸਰਾਂ ਨੇ ਥਾਣੇਦਾਰ ਜਸਬੀਰ ਸਿੰਘ ਦੀ ਸਫ਼ਾਈ ਨੂੰ ਸੱਚ ਮੰਨਿਆ ਹੈ ਕਿ ਨਹੀਂ ਇਸ ਬਾਰੇ ਅਜੇ ਨਹੀਂ ਪਤਾ ਪਰ ਸਵਾਲ ਇਹ ਹੈ 29-30 ਦੀਆਂ ਬੱਤੀਆਂ ਤੇ ਕਿਹੜੀ ਸੈਰਗਾਹ ਸੀ ਜਿਸ ਵਿਚ ਉਹ ਸੈਰ ਕਰ ਰਿਹਾ ਸੀ ? ਜਦੋਂ ਉਸਨੇ ਆਪਣੀ ਪਛਾਣ ਦੱਸ ਦਿੱਤੀ ਸੀ ਤਾਂ ਫੇਰ ਥਾਣੇਦਾਰ ਨੇ ਕਿਉਂ ਉਸ ਨਾਲ ਬਦਸਲੂਕੀ ਕੀਤੀ ? ਕਰਫ਼ਿਊ ਪਾਸ ਹੋਣ ਕਰਕੇ ਮੀਡੀਆ ਕਰਮੀਆਂ ਨੂੰ ਇਹ ਖੁੱਲ੍ਹ ਹੈ ਕਿ ਕਿਤੇ ਵੀ ਜਾਂ ਸਕਦੇ ਨੇ। ਕੀ ਉਸ ਥਾਣੇਦਾਰ ਦੇ ਖ਼ਿਲਾਫ਼ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ ਇਹ ਵੀ ਨਹੀਂ ਪਤਾ ਪਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਸਿੰਘ ਵੱਲੋਂ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰਾਂ ਨੂੰ ਲਿਖਤੀ ਸ਼ਿਕਾਇਤ ਜ਼ਰੂਰ ਭੇਜੀ ਹੈ ।ਸਮੁੱਚਾ ਮੀਡੀਆ ਮੰਗ ਕਰਦਾ ਹੈ ਕਿ ਦਵਿੰਦਰਪਾਲ ਨੂੰ ਕਿਸ ਵਜ੍ਹਾ ਕਰਕੇ ਉਸ ਥਾਣੇਦਾਰ ਨੇ ਬੇਇੱਜ਼ਤ ਕੀਤਾ ਇਸ ਗੱਲ ਨੂੰ ਉਜਾਗਰ ਕੀਤਾ ਜਾਵੇ ਤੇ ਚੰਡੀਗੜ੍ਹ ਦੇ ਸੀਨੀਅਰ ਅਫ਼ਸਰਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
    ਇਸ ਮਾਮਲੇ ਤੇ ਮੀਡੀਆ ਕਰਮੀਆਂ ਅੰਦਰ ਸਖ਼ਤ ਰੋਸ ਅਤੇ ਗ਼ੁੱਸਾ ਹੈ ਅਤੇ ਦੋਸ਼ੀ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!