
ਵਾਤਾਵਰਨ ਨਾ ਬਚਾਇਆ ਤਾਂ ਭੁਗਤਨੇ ਪੈਣਗੇ ਗੰਭੀਰ ਨਤੀਜੇ- ਬੀ.ਈ.ਈ.ਓ ਜਸਵਿੰਦਰ ਸਿੰਘ
ਚੋਹਲਾ ਸਾਹਿਬ/ਤਰਨਤਾਰਨ,5 ਜੂਨ (ਨਈਅਰ) ਹਰੇਕ ਗਤੀਵਿਧੀ ਵਿਚ ਅੱਗੇ ਰਹਿਣ ਵਾਲੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਸੰਧੂ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਜਿੱਥੇ ਬਲਾਕ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੇ ਬਚਾਓ ਸਬੰਧੀ ਜਾਗਰੂਕ ਕਰਦੇ ਹੋਏ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ, ਉਥੇ ਖੁਦ ਵੀ ਪੌਦੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਪ੍ਰਣ ਲਿਆ।ਇਸ ਮੌਕੇ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।ਹਵਾ ਵਿੱਚ ਆਕਸੀਜਨ ਦੀ ਕਮੀ ਅੱਜ ਵੱਡੇ ਸ਼ਹਿਰਾਂ ਵਿੱਚ ਆਮ ਦੇਖਣ ਨੂੰ ਮਿਲ ਰਹੀ ਹੈ।ਜੇਕਰ ਸਮਾਂ ਰਹਿੰਦਿਆਂ ਅਸੀ ਆਪਣੇ ਵਾਤਾਵਰਨ ਨੂੰ ਨਾ ਬਚਾਇਆ ਤਾਂ ਭਵਿੱਖ ਵਿੱਚ ਇਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।ਉਹਨਾਂ ਸਮੁੱਚੇ ਅਧਿਆਪਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਬੁੱਧੀਜੀਵੀ ਵਰਗ ਹੋਣ ਦੇ ਨਾਤੇ ਸਾਡਾ ਇਹ ਇਖਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਅਤੇ ਸਮਾਜ ਨੂੰ ਸੁਹਿਰਦ ਸਮਾਜ ਬਣਾਉਣ ਦੇ ਨੈਤਿਕ ਗੁਣਾ ਤੋਂ ਜਾਣੂ ਕਰਵਾਈਏ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦੇ ਨਾਲ ਨਾਲ ਵਾਤਾਵਰਨ ਨੂੰ ਬਚਾਉਣ ਲਈ ਲਗਾਤਾਰ ਉਪਰਾਲੇ ਜਾਰੀ ਰੱਖੀਏ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਸੰਧੂ ਵੱਲੋਂ ਕੀਤੇ ਗਏ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਭਵਿੱਖ ਵਿੱਚ ਅਸੀਂ ਅਜਿਹੇ ਹੀ ਉਪਰਾਲਿਆਂ ਸਦਕਾ ਆਪਣੇ ਵਾਤਾਵਰਨ ਨੂੰ ਬਚਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ।