6.9 C
United Kingdom
Thursday, April 17, 2025

More

    ਵਿਸ਼ਵ ਪੱਧਰ ‘ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿੱਚ 1.1 ਬਿਲੀਅਨ ਤੱਕ ਹੋਇਆ ਵਾਧਾ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿੱਚ ਲੋਕ ਸਿਗਰਟਨੋਸ਼ੀ ਕਰਦੇ ਹਨ, ਜਿਸ ਕਰਕੇ ਸੈਂਕੜੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਵੀ ਗਵਾ ਬੈਠਦੇ ਹਨ। ਇਸ ਸੰਬੰਧੀ ਕੀਤੇ ਗਏ ਇੱਕ ਅਧਿਐਨ ਅਨੁਸਾਰ ਸਾਲ 2019 ਵਿੱਚ ਦੁਨੀਆ ਭਰ ‘ਚ 1.1 ਬਿਲੀਅਨ ਸਿਗਰਟ ਪੀਣ ਵਾਲੇ ਲੋਕ ਦਰਜ ਕੀਤੇ ਗਏ ਸਨ ਅਤੇ ਇਸ ਨਾਲ ਸਬੰਧਿਤ ਲੱਗਭਗ 8 ਮਿਲੀਅਨ ਮੌਤ ਹੋਈਆਂ ਸਨ। ਖੋਜਕਰਤਾਵਾਂ ਨੇ ਦੱਸਿਆ ਕਿ ਅਬਾਦੀ ਦੇ ਵਾਧੇ ਦੇ ਨਤੀਜੇ ਵਜੋਂ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਹ ਜਾਣਕਾਰੀ ਗਲੋਬਲ ਬਰਡਨ ਆਫ ਡੀਸੀਜ਼ਜ਼ 2019 ਦੇ ਅਧਿਐਨ ਦੇ ਹਿੱਸੇ ਵਜੋਂ 204 ਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਅੰਕੜਿਆਂ ਤੋਂ ਮਿਲੀ ਜਾਣਕਾਰੀ ਦੇ ਲੈਨਸੇਟ ਵਿੱਚ ਪ੍ਰਕਾਸ਼ਿਤ ਅੰਕੜਿਆਂ ਤੋਂ ਮਿਲੀ ਹੈ। ਅੰਕੜਿਆਂ ਅਨੁਸਾਰ ਵੱਡੀ ਆਬਾਦੀ ਵਾਲੇ ਚੀਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿੱਚ ਤੰਬਾਕੂਨੋਸ਼ੀ ਦੀ ਭਾਰੀ ਪ੍ਰਵਿਰਤੀ ਹੈ, ਆਬਾਦੀ ਦੇ ਵਾਧੇ ਕਾਰਨ ਸਮੇਂ ਦੇ ਨਾਲ ਤੰਬਾਕੂਨੋਸ਼ੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਰਿਪੋਰਟ ਅਨੁਸਾਰ 10 ਦੇਸ਼ ਇਕੱਲੇ ਹੀ ਗਲੋਬਲ ਤੰਬਾਕੂਨੋਸ਼ੀ ਪੱਧਰ ਦੇ ਲੱਗਭਗ ਦੋ-ਤਿਹਾਈ ਹਿੱਸੇ ਦਾ ਹਿੱਸਾ ਹਨ ਜਿਹਨਾਂ ਵਿੱਚ ਚੀਨ, ਭਾਰਤ, ਇੰਡੋਨੇਸ਼ੀਆ, ਅਮਰੀਕਾ, ਰੂਸ, ਬੰਗਲਾਦੇਸ਼, ਜਾਪਾਨ, ਤੁਰਕੀ, ਵੀਅਤਨਾਮ ਅਤੇ ਫਿਲਪੀਨਜ਼ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਤੰਬਾਕੂਨੋਸ਼ੀ ਕਰਨ ਵਾਲੇ 30% ਲੋਕ 2019 ਵਿੱਚ ਚੀਨ ‘ਚ ਰਹਿੰਦੇ ਸਨ। ਬਹੁਤ ਸਾਰੇ ਦੇਸ਼ਾਂ ਵਿਚ ਤੰਬਾਕੂਨੋਸ਼ੀ ਅਤੇ ਨਿਕੋਟੀਨ ਉਤਪਾਦਾਂ ਦੇ ਵਿਸਥਾਰ ਦੇ ਨਾਲ ਨੌਜਵਾਨਾਂ ਵਿੱਚ ਲਗਾਤਾਰ ਤੰਬਾਕੂਨੋਸ਼ੀ ਦਾ ਪ੍ਰਸਾਰ ਵੱਧ ਰਿਹਾ ਹੈ ਅਤੇ ਇਸ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪੁਰਸ਼ ਅਤੇ ਔਰਤਾਂ ਵਿੱਚ ਸਿਗਰਟਨੋਸ਼ੀ ਨਾਲ ਜੁੜੇ ਸਭ ਤੋਂ ਆਮ ਸਿਹਤ ਦੇ ਮੁੱਦਿਆਂ ਵਿੱਚ ਦਿਲ ਦੀ ਬਿਮਾਰੀ, ਪਲਮਨਰੀ ਬਿਮਾਰੀ, ਟ੍ਰੈਚਿਅਲ, ਫੇਫੜਿਆਂ ਦਾ ਕੈਂਸਰ ਅਤੇ ਸਟ੍ਰੋਕ ਸ਼ਾਮਲ ਹਨ। ਜਿਨ੍ਹਾਂ ਵਿੱਚ ਸਾਲ 2019 ‘ਚ ਤੰਬਾਕੂਨੋਸ਼ੀ ਨਾਲ ਜੁੜੀਆਂ ਸਾਰੀਆਂ ਮੌਤਾਂ ਦਾ ਲੱਗਭਗ 72% ਸ਼ਾਮਲ ਹੈ। ਇਸ ਅਧਿਐਨ ਦੇ ਅਨੁਸਾਰ ਵਧ ਰਹੀ ਸਿਗਰਟਨੋਸ਼ੀ ਨੂੰ ਰੋਕਣ ਲਈ ਵਿਸ਼ਵ ਭਰ ਵਿੱਚ ਮੌਜੂਦਾ ਸਮੇਂ ਨਾਲੋਂ ਮਜ਼ਬੂਤ ​​ਤੰਬਾਕੂ ਨਿਯੰਤਰਣ ਨੀਤੀਆਂ ਨੂੰ ਲਾਗੂ ਕਰਨ ਦੀ ਜਰੂਰਤ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!