ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਕੋਰੋਨਾ ਵਾਇਰਸ ਦੇ ਫੈਲ ਰਹੇ ਭਾਰਤੀ ਰੂਪ ਨੂੰ ਕਾਬੂ ਕਰਨ ਲਈ ਟਵਿਕਨਹੈਮ ਰਗਬੀ ਸਟੇਡੀਅਮ ਨੂੰ ਇੱਕ ਵਿਸ਼ਾਲ ਟੀਕਾਕਰਨ ਕੇਂਦਰ ਵਜੋਂ ਵਰਤਿਆ ਗਿਆ ਅਤੇ ਸੋਮਵਾਰ ਨੂੰ 30 ਸਾਲ ਤੱਕ ਦੇ ਹਜਾਰਾਂ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਇਆ ਗਿਆ। ਇਸ ਮੌਕੇ ਟੀਕਾ ਲਗਵਾਉਣ ਲਈ ਹਜਾਰਾਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਵੇਖੀਆਂ ਗਈਆਂ। ਪ੍ਰਸ਼ਾਸਨ ਦੁਆਰਾ ਲੰਡਨ ਦੇ ਖੇਤਰਾਂ ਵਿੱਚ ਭਾਰਤੀ ਰੂਪਾਂਤਰਣ ਦੇ ਮਾਮਲਿਆਂ ਵਿੱਚ ਹੋਏ ਵਾਧੇ ਨਾਲ ਨਜਿੱਠਣ ਲਈ ਸਟੇਡੀਅਮ ਨੂੰ ਵਾਕ-ਇਨ ਟੀਕਾ ਕੇਂਦਰ ਵਿੱਚ ਬਦਲ ਦਿੱਤਾ ਗਿਆ। ਇਸ ਦੌਰਾਨ ਲੰਡਨ ਵਾਸੀਆਂ ਨੂੰ 15,000 ਦੇ ਕਰੀਬ ਫਾਈਜ਼ਰ ਕੰਪਨੀ ਦੇ ਟੀਕੇ ਉਪਲੱਬਧ ਕਰਵਾਏ ਗਏ ਹਨ । ਹਾਲਾਂਕਿ ਐੱਨ ਐੱਚ ਐੱਸ ਇਸ ਸਮੇਂ ਟੀਕਾਕਰਨ ਲਈ 30 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ, ਪਰ ਟਵਿਕਨਹੈਮ ਸਟੇਡੀਅਮ ਵਿੱਚ ਦੁਪਹਿਰ 2.30 ਵਜੇ ਤੋਂ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਟੀਕੇ ਲਈ ਸੱਦਾ ਦਿੱਤਾ ਗਿਆ। ਇਸ ਟੀਕਾਕਰਨ ਮੁਹਿੰਮ ਦਰਮਿਆਨ ਜੀ ਪੀ ਕਰਮਚਾਰੀਆਂ ਅਤੇ ਨਰਸਾਂ ਸਮੇਤ 100 ਤੋਂ ਵੱਧ ਸਿਹਤ ਅਮਲਾ ਟੀਕਾਕਰਨ ਲਈ ਡਿਊਟੀ ‘ਤੇ ਸਨ।