ਅਸ਼ੋਕ ਵਰਮਾ
ਨਵੀਂ ਦਿੱਲੀ, 3 ਜੂਨ 2021:ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਦਿੱਲੀ ਦੇ ਟਿਕਰੀ ਬਾਰਡਰ ‘ਤੇ ਲਗਾਇਆ ਹੋਇਆ ਪੱਕਾ ਮੋਰਚਾ ਅੱਜ 187ਵੇਂ ਦਿਨ ਵਿੱਚ ਲਗਾਤਾਰ ਜਾਰੀ ਰਿਹਾ। ਇੱਥੋਂ ਪ੍ਰੈਂਸ ਬਿਆਨ ਜਾਰੀ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਦੇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਮਿਹਨਤੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਤ ਕਦੋਂ ਕਰੇਗਾ। ਉਨ੍ਹਾਂ ਕਿਹਾ ਕਿ ਮੋਦੀ ਕੇ ਮਨ ਕੀ ਬਾਤ ਸਾਫ ਕਰਦੀ ਹੈ ਕਿ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਹਰ ਹਾਲਤ ਦੇਣੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਵੇਲੇ ਕਿਹਾ ਸੀ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਆਵੇਗਾ ਪਰ ਮਿਹਨਤੀ ਲੋਕਾਂ ਦੀਆਂ ਜੇਬਾਂ ਖਾਲੀ ਕਰਾ ਕੇ ਉਨ੍ਹਾਂ ਨੂੰ ਲਾਈਨਾਂ ਵਿੱਚ ਖੜ੍ਹਾ ਕਰ ਦਿੱਤਾ ਅਤੇ ਕਿਸਾਨਾਂ ਨੂੰ ਬੈਂਕਾਂ ਦੇ ਡਿਫਾਲਟਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਨੇ ਜੀ ਐੱਸ ਟੀ ਲਗਾ ਕੇ ਲੋੜੀਂਦੀਆਂ ਵਸਤਾਂ ‘ਤੇ ਵੱਡੇ ਟੈਕਸ ਲਾ ਦਿੱਤੇ,ਜੰਮੂ ਕਸ਼ਮੀਰ ਅੰਦਰ 370 ਅਤੇ 35 ਏ ਧਾਰਾ ਤੋੜ ਕੇ ਲੋਕਾਂ ਨਾਲ ਧੱਕਾ ਕੀਤਾ ਅਤੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਚਲਿਆ ਗਿਆ। ਉਨ੍ਹਾਂ ਕਿਹਾ ਕਿ ਮੋਦੀ ਨੇ ਕਿਹਾ ਸੀ ਕਿ ਮੇਰੀ ਹਕੂਮਤ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜਗਾਰ ਦਿਆ ਕਰੇਗੀ ਪਰ ਇਸ ਦੇ ਉਲਟ ਰੁਜ਼ਗਾਰ ਪਹਿਲਾਂ ਨਾਲੋਂ ਵੀ ਘਟਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਵੱਲੋ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਪਰ ਇਸ ਦੇ ਉਲਟ ਕਿਸਾਨ,ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਅਮੀਰਾਂ ਦਾ ਵਿਦੇਸ਼ੀ ਬੈਂਕਾਂ ਵਿੱਚ ਪਿਆ ਕਾਲਾ ਧਨ ਭਾਰਤ ਵਿੱਚ ਲਿਆ ਕੇ ਹਰ ਇੱਕ ਨਾਗਰਿਕ ਨੂੰ ਪੰਦਰਾਂ ਪੰਦਰਾਂ ਲੱਖ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਅਮੀਰਾਂ ਦਾ ਵਿਦੇਸੀ ਬੈਂਕਾਂ ਵਿੱਚ ਕਾਲਾ ਧਨ ਦਿਨੋ-ਦਿਨ ਵਧ ਰਿਹਾ ਹੈ ਅਤੇ ਕਿਰਤੀ ਲੋਕ ਹੋਰ ਕਰਜਈ ਹੋ ਰਹੇ ਹਨ।ਸੂਬਾ ਆਗੂ ਨੇ ਕਿਹਾ ਕਿ ਸਰਕਾਰ ਦਾ ਮਨੁੱਖੀ ਅਧਿਕਾਰ ਕਮਿਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਉਸ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰਨ ਵਾਲੇ ਲੋਕ ਦਿਖਾਈ ਨਹੀਂ ਦੇ ਰਹੇ।
ਪਕੌੜਾ ਚੌਕ ਨੇੜੇ ਲੱਗੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਖੱਟਰ ਨੇ ਹਾਸੋਹੀਣਾ ਬਿਆਨ ਦੇ ਕੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਕਰਕੇ ਕੋਰੋਨਾ ਵਾਇਰਸ ਫੈਲ ਰਿਹਾ ਹੈ।ਉਨ੍ਹਾਂ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਵੱਲੋਂ ਕੋਰੋਨਾ ਬਿਮਾਰੀ ਨਾਲ ਲੜਨ ਵਾਸਤੇ ਕਿਸੇ ਪ੍ਰਕਾਰ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲੋੜ ਅਨੁਸਾਰ ਡਾਕਟਰਾਂ ਅਤੇ ਹੋਰ ਸਟਾਫ ਦੀ ਵੀ ਭਰਤੀ ਨਹੀਂ ਕੀਤੀ ਗਈ,ਲੋੜੀਂਦੇ ਆਕਸੀਜਨ ਪਲਾਂਟ ਵੀ ਨਹੀਂ ਲਗਾਏ ਗਏ,ਲੋੜ ਮੁਤਾਬਕ ਹਸਪਤਾਲ, ਲੋੜੀਂਦੇ ਵੈਂਟੀਲੇਟਰ ਅਤੇ ਲੋੜੀਂਦੇ ਆਈਸੀਯੂ ਆਦਿ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮਨੋਹਰ ਲਾਲ ਖੱਟਰ ਵੱਲੋਂ ਇੱਕ ਸਰਕਾਰੀ ਹਸਪਤਾਲ ਦਾ ਨੀਂਹ ਪੱਥਰ ਰੱਖ ਕੇ ਡਰਾਮੇਬਾਜ਼ੀ ਕੀਤੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਸਿਆਸੀ ਲੋਕ ਰੈਲੀਆਂ ਕਰ ਕੇ ਲੱਖਾਂ ਦਾ ਇਕੱਠ ਕਰ ਰਹੇ ਹਨ ਤਾਂ ਕੋਰੋਨਾ ਨਹੀਂ ਫੈਲਦਾ ਪਰ ਜੇਕਰ ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦੇ ਹਾਂ ਤਾਂ ਸਾਡੇ ‘ਤੇ ਕੋਰੋਨਾ ਫਿਲਾਉਣ ਦਾ ਝੂੱਠਾ ਦੋਸ਼ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲਿਆਂਦੇ ਹਰੇ ਇਨਕਲਾਬ ਨੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਮੜ੍ਹ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਡਲ ਅਧੀਨ ਲਿਆਂਦੀ ਨਵੀਂ ਤਕਨੀਕ ਨਾਲ ਸਪਰੇਅ,ਖਾਦਾ ਬੀਜਾਂ ਅਤੇ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ ਦੇ ਤਾਂ ਵਾਰੇ ਨਿਆਰੇ ਹੋ ਗਏ ਪਰ ਕਿਸਾਨਾਂ ਦੇ ਪੱਲੇ ਕਰਜ਼ੇ ਤੇ ਖ਼ੁਦਕੁਸ਼ੀਆਂ ਹੀ ਪਈਆਂ।ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਅੱਜ ਸਟੇਜ ਸੰਚਾਲਨ ਦੀ ਭੂਮਿਕਾ ਮਨਪ੍ਰੀਤ ਸਿੰਘ ਸਿੰਘਾਂ ਵਾਲਾ ਨੇ ਨਿਭਾਈ ਅਤੇ ਮਨੋਹਰ ਸਿੰਘ ਸਿੰਘੇਵਾਲਾ,ਗੁਰਦੇਵ ਸਿੰਘ ਪਟਿਆਲਾ,ਬਿੱਟੂ ਮੱਲਣ, ਹਰਮਨਦੀਪ ਸਿੰਘ ਟੱਲੇਵਾਲ ਅਤੇ ਗੁਰਚਰਨ ਸਿੰਘ ਚਾਹਲ ਆਦਿ ਨੇ ਵੀ ਸੰਬੋਧਨ ਕੀਤਾ।