ਬਿੱਟੂ ਖੰਗੂੜਾ, ਲੰਡਨ।
ਧਰਮ ਆਲੇ ਕਹਿੰਦੇ ਆ, ਦੁਨੀਆ ਤੇ ਪਾਪਾ ਦਾ ਘੜਾ ਭਰ ਗਿਆ, ਇਸ ਕਰਕੇ ਰੱਬ ਦੀ ਕਰੋਪੀ ਹੋਈ ਆ, ਨਾ ਮੰਨਣ ਆਲੇ ਕਹਿੰਦੇ ਆ ਕਿ ਰੱਬ ਕੁਝ ਨੀ ਹੁੰਦਾ ਜੇ ਹੋਵੇ ਤਾਂ ਹੁਣ ਕਰੇ ਕੋਈ ਹੱਲ, ਮੇਰਾ ਇੱਕ ਕਾਮਰੇਡ ਮਿੱਤਰ ਕਹਿੰਦਾ ਬਈ ਜੇ ਧਰਮਾਂ ਆਲਿਆ ਨੇ ਗੁਰਦਵਾਰਿਆ ਦੀ ਜਗਹ ਹਸਪਤਾਲ ਬਣਾਏ ਹੁੰਦੇ ਤਾਂ ਘੱਟੋ ਘੱਟ ਇਲਾਜ ਤਾਂ ਹੋ ਜਾਂਦਾ।

ਮੈਂ ਉਸਨੂੰ ਕਿਹਾ ਭਾਈ ਜਿਹੜੇ ਹਸਪਤਾਲ ਨਾਸਤਿਕਾਂ ਨੇ ਬਣਾਏ ਆ ਤੁਸੀਂ ਉਥੇ ਇਲਾਜ ਕਰਾਲੋ। ਮਿਤੱਰ ਪਿਆਰਿਉ ਇਹ ਸਮਾਂ ਆਸਤਿਕ ਨਾਸਤਿਕ ਖੈਡਣ ਦਾ ਨਹੀਂ ਮਨੁੱਖਤਾ ਦੀ ਹੋਂਦ ਬਚਾਉਣ ਦਾ, ਕੋਈ ਵੀ ਸੱਚ ਆਖਰੀ ਨਹੀ ਹੁੰਦਾ, ਹਰ ਵਿਵਸਥਾਂ ਵਿੱਚ ਕੁਝ ਖੂਬੀਆਂ ਤੇ ਕੁਝ ਊਣਤਾਈਆ ਹੁੰਦੀਆਂ, ਬਹੁਤੀਆ ਕਮੀਆਂ ਸਿਸਟਮ ਨੂੰ ਲਾਗੂ ਕਰਨ ਵਾਲੇ ਇਨਸਾਨਾ ਵਿੱਚ ਹੁੰਦੀਆ, ਨਿੱਜੀ ਹਉਮੇ, ਲਾਲਚ, ਸਵੈਪ੍ਰਸਤੀ, ਧਰਮਾਂ, ਕੌਮਾ, ਦੇਸ਼ਾ, ਵਿਵਸਥਾਵਾਂ ਸਭ ਨੂੰ ਲੈ ਡੁੱਬਦੀ ਆ, ਜੇ ਮਜ਼ਹਬਾ ਦੇ ਨਾ ਤੇ ਕਤਲ ਹੋਏ ਨੇ ਤਾਂ ਰੂਸ, ਚੀਨ, ਕੋਰੀਆ, ਕੰਬੋਡੀਆਂ ਵਿੱਚ ਕਾਮਰੇਡਾ ਦੇ ਬੇਕਿਰਕ ਜੁਲਮ ਕਿਸੇ ਨੂੰ ਭੁੱਲੇ ਨਹੀਂ, ਜੇ ਵਿਗਿਆਨ ਨੇ ਮਨੁੱਖ ਦੀ ਸੌਖ ਦੇ ਸਾਧਨ ਬਣਾਏ ਨੇ ਤਾ ਐਟਮ ਬੰਬ ਵੀ ਏਸੇ ਦੀ ਦੇਣ ਆ, ਕੀ ਵਾਕਿਆ ਹੀ ਸਾਨੂੰ ਇਹ ਸਭ ਚੀਜਾਂ ਸੰਤੁਸ਼ਟੀ ਦਿੰਦੀਆ, ਕੀ ਕਾਰਾਂ ਆਉਣ ਨਾਲ ਸਾਡੇ ਕੋਲ ਅੱਗੇ ਨਾਲੋ ਸਮਾਂ ਵੱਧ ਗਿਆ, ਨਹੀਂ ਬਲਕਿ ਅਸੀਂ ਹੋਰ ਵੀ ਰੁੱਝ ਗਏ ਹਾਂ, ਅਸੀਂ ਤੇਜ ਹੋਰ ਤੇਜ ਇੱਕ ਦੂਜੇ ਨਾਲੋ ਤੇਜ ਭੱਜੀ ਤੁਰੇ ਜਾਨੇ, ਪਰ ਭਾਈ ਕਦੇ ਰੁੱਕਕੇ ਸੋਚਿਆ ਬਈ ਆਖਿਰ ਅਸੀਂ ਜਾਣਾ ਕਿੱਥੇ ਆ? ਹੁਣ ਕੁਦਰਤ ਨੇ ਦਿੱਤਾ ਮੌਕਾ, ਸੋਚੋ ਆਖਿਰ ਅਰਮਾਨੀ ਦੀ ਸ਼ਰਟ, ਨਾਈਕੀ ਦੇ ਟਰੇਨਰ, ਵਾਕਿਆ ਹੀ ਸਾਨੂੰ ਚਾਹੀਦੇ ਵੀ ਆ? ਹੁਣ ਕਰਲੋ ਗੱਲਾਂ ਜੀਅ ਭਰਕੇ ਆਪਣਿਆ ਨਾਲ, ਬਹਿਜੋ ਚੈਨ ਨਾਲ ਸਾਰੇ ਰਲਕੇ, ਜਿਨ੍ਹਾ ਕੋਲ ਸਿਰ ਖੁਰਕਣ ਦਾ ਵਿਹਲ ਨਹੀ ਸੀ, ਭਾਈ ਚੰਗੀ ਤਰ੍ਹਾ ਸਿਰ ਖੁਰਕਲੋ ਫਿਰ ਮੌਕਾ ਮਿਲੇ ਨਾ ਮਿਲੇ। ਕਰੋਨਾ ਤੋਂ ਬਹੁਤਾ ਡਰਨ ਦੀ ਲੋੜ ਨੀ, ਜ਼ਿਦਗੀ ਨੂੰ ਲੰਬਾਈ ਨਾਲ ਨਹੀਂ ਗਹਿਰਾਈ ਨਾਲ ਨਾਪੋ, ਕਿੰਨੀ ਦੇਰ ਜਿਉਣਾ ਮਾਇਨੇ ਨਹੀਂ ਰੱਖਦਾ, ਕਿਸ ਤਰ੍ਹਾ ਜਿਉਣਾ ਮਹੱਤਵਪੂਰਣ ਹੈ, ਜੇ ਕਰੋਨਾ ਤੋਂ ਬਚਗੇ, ਫਿਰ ਕਿਹੜਾ ਅਮਰ ਹੋਜਾਂਗੇ, ਮੌਤ ਦੀ ਚਿੰਤਾ ਛੱਡਕੇ ਜੋ ਪਲ ਮੁੱਠੀ ਵਿੱਚ ਹਨ, ਉਨ੍ਹਾ ਨੂੰ ਮਾਣੋ।