ਮਨਪ੍ਰੀਤ ਟਿਵਾਣਾ ਦਾ ਜਨਮ 1 ਜੂਨ ਨੂੰ ਪਿਤਾ ਸਰਦਾਰ ਜਗਤਾਰ ਸਿੰਘ ਟਿਵਾਣਾ, ਮਾਤਾ ਸਰਦਾਰਨੀ ਜਸਵੀਰ ਕੌਰ ਟਿਵਾਣਾ ਦੇ ਘਰ ਪਿੰਡ ਮਹਿਲ ਕਲਾਂ (ਜਿਲਾ ਬਰਨਾਲਾ) ਵਿਖੇ ਹੋਇਆ। ਸੱਤਵੀਂ ਜਮਾਤ ਤੱਕ ਪਿੰਡ ਰਹੇ ਤੇ ਫੇਰ ਬਠਿੰਡੇ ਆ ਵਸੇ। ਭਾਵੇਂ 30 ਸਾਲ ਹੋ ਗਏ ਨੇ ਪਿੰਡ ਛੱਡਿਆਂ ਪਰ ਦਿਲ ਚ ਆਪਣੇ ਪਿੰਡ ਪ੍ਰਤੀ, ਭਾਈਚਾਰੇ ਪ੍ਰਤੀ ਪਿਆਰ,ਸਤਿਕਾਰ ਅੱਜ ਵੀ ਬਰਕਰਾਰ ਆ। ਗੀਤਾਂ ਚ ਵੀ ਪਿੰਡ ਦੇ ਝਲਕਾਰੇ ਪੈਂਦੇ ਨੇ।ਆਪਣੀ ਪੜਾਈ ਲਿਖਾਈ ਦੇ ਪੰਜਾਬੀ ਸਾਹਿਤ ਦੇ ਪਿਆਰ ਚ ਗੜੁੱਚ ਆ ਮਨਪ੍ਰੀਤ ਟਿਵਾਣਾ। ਇਹਨਾਂ ਦਾ ਪਹਿਲਾ ਗੀਤ 1999 ਚ ਵਰਿੰਦਰ ਸਿੱਧੂ ,ਬੂਟਾ ਦੀ ਅਵਾਜ ਵਿੱਚ “ਤੇਰੇ ਹਾਸਿਆਂ ਨੇ ਮਾਰ ਮੁਕਾਏ ਗੱਭਰੂ” ਰਿਕਾਰਡ ਹੋਇਆ।ਉਹ ਦੱਸਦੇ ਹਨ ਕਿ ਪਤਾ ਹੀ ਨਹੀਂ ਲੱਗਿਆ ਕਿ ਮੈਂ ਗੀਤਕਾਰ ਕਦੋਂ ਬਣ ਗਿਆ ਉਹ ਆਪ ਦੱਸਦੇ ਹਨ ਕਿ ਮੇਰਾ ਮੇਲ ਅਮਰਦੀਪ ਗਿੱਲ ਜੀ ਨਾਲ ਹੋਇਆ ਜਿਨਾਂ ਨੇ ਮੈਂਨੂੰ ਗੀਤਕਾਰੀ ਦੀ ਬਰੀਕੀਆਂ ਦੱਸੀਆਂ ਤੇ ਇਸੇ ਖੇਤਰ ਦੀਆਂ ਮਹਾਨ ਹਸਤੀਆਂ ਨਾਲ ਮੇਰਾ ਤੁਅਰਫ ਕਰਾਇਆ,ਤੇ ਮੈਂ ਲਿਖਦਾ ਗਿਆ ,ਲਿਖਦਾ ਹਾਂ।ਮਨਪ੍ਰੀਤ ਟਿਵਾਣਾ ਦੇ ਗੀਤ ਸਾਰਥਕ ਹਨ,ਇਕ ਸੁਨੇਹਾ ਦਿੰਦੇ ਹਨ ਤੇ ਧੁਰ ਅੰਦਰ ਤੱਕ ਝੰਜੋੜ ਦਿੰਦੇ ਹਨ।ਉਹ ਦੱਸਦੇ ਹਨ ਕਿ ਮੇਰੀ ਗੀਤਕਾਰੀ ਤੇ ਮੇਰੇ ਨਾਨਾ ਜੀ ਤੇ ਮਾਤਾ ਜੀ ਕੋਲੋਂ ਸੁਣੀਆਂ ਗੱਲਾਂ ਦਾ ਵੀ ਅਸਰ ਹੈ।ਮੈਂ ਮਨਪ੍ਰੀਤ ਟਿਵਾਣਾ ਨੂੰ2014 ਤੋਂ ਜਾਣਿਆ ਜਦੋਂ ਉਹਨਾਂ ਦਾ ਲਿਖਿਆ ਗੀਤ ਵੀਰ ਹਰਭਜਨ ਮਾਨ ਨੇ “ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ” ਗਾਇਆ, ਗੱਲ ਕੀ ਜਦੋਂ ਵੀ ਟੀ ਵੀ ਦੀ ਸਕ੍ਰੀਨ ਤੇ ਇਹ ਗੀਤ ਚੱਲਣਾ ਅਵਾਜ ਲਈ ਤਾਂ ਸਿਰ ਝੁਕਦਾ ਈ ਸੀ ਤੇ ਕਲਮ ਲਈ ਵੀ ਝੁਕਿਆ ਤੇ ਮਨ ਜਜ਼ਬਾਤੀ ਵੀ ਹੋਇਆ।
ਇਹ ਮਾਤਾ ਗੁਜਰੀ ਜੀ ਤੇ ਸਾਹਿਬਜਾਦਿਆਂ ਨੂੰ ਸੱਚੀ ਸ਼ਰਧਾਂਜਲੀ ਸੀ। ਵੱਡਾ ਸੰਦੇਸ਼ ਵੀ ਆ ਇਸ ਗੀਤ ਵਿੱਚ ਜੋ ਬਹੁਤ ਪਸੰਦ ਕੀਤਾ ਗਿਆ। 2015ਚ ਮੈਂ ਮਨਪ੍ਰੀਤ ਟਿਵਾਣਾ ਦਾ ਗੀਤ ਵੀਰ ਹਰਭਜਨ ਦੀ ਅਵਾਜ ਵਿੱਚ “ਸਉਣ ਦੇ ਮਹੀਨੇ ਵਿੱਚ” ਸੁਣਿਆ,ਬਾ ਕਮਾਲ ਰਚਨਾ ,ਵੀਡੀਓ ਵੀ ਬਾ ਕਮਾਲ ਆ। ਇਸ ਗਾਣੇ ਦੀ ਵੀਡੀਓ ਬਾਰੇ ਸਾਡੇ ਮਸ਼ਹੂਰ ਵੀਡੀਓਗਰਾਫਰ ਸਟਾਲਿਨਵੀਰ ਨੂੰ ਮੈਂ ਆਪ ਕਹਿੰਦੇ ਸੁਣਿਆ, ਇਸ ਗਾਣੇ ਦੀ ਵੀਡੀਓ ਮੈਂ ਕਿਉਂ ਨਾ ਬਣਾਈ? ਮਨਪ੍ਰੀਤ ਟਿਵਾਣਾ ਦੇ ਲਿਖੇ ਬਹੁਤ ਗੀਤ ਰਿਕਾਰਡ ਹੋ ਚੁੱਕੇ ਨੇ ਤੇ ਹੋਰ ਬਹੁਤ ਹੋਣਗੇ ਪਰ ਮੈਂ ਇਹਨਾ ਦੋ ਗੀਤਾਂ ਤੋਂ ਇਹਨਾਂ ਨੂੰ ਜਾਨਣ ਲੱਗੀ ਹਾਂ। ਇਹਨਾਂ ਗੀਤਾਂ ਨੂੰ ਸੁਣਨ ਤੋਂ ਬਾਅਦ ਗੀਤਕਾਰ ਮਨਪ੍ਰੀਤ ਟਿਵਾਣਾ ਮੇਰੀ ਵੀਰ ਵਾਲੀ ਲਿਸਟ ਵਿੱਚ ਸ਼ਾਮਲ ਹੋ ਗਏ ਤੇ ਮੇਰੇ ਲਈ ਗੀਤਕਾਰ ਮਨਪ੍ਰੀਤ ਟਿਵਾਣਾ ਤੋਂ * ਵੀਰ ਹਰਭਜਨ ਮਾਨ ਵਾਂਗ # ਵੀਰ ਮਨਪ੍ਰੀਤ ਟਿਵਾਣਾ ਬਣ ਗਏ। ਇਹਨਾਂ ਦਾ ਇਕ ਹੋਰ ਗੀਤ* ਬੱਚਿਆਂ ਵਾਲਿਓ ਭੁੱਲ ਨਾ ਜਾਇਉ, ਬੱਚਿਆਂ ਦੀ ਕੁਰਬਾਨੀ ਨੂੰ* ਰਣਜੀਤ ਬਾਵਾ ਨੇ ਗਾਇਆ ,ਅੱਖਰ ਅੱਖਰ ਰਵਾ ਦਿੰਦਾ ਏਸ ਗੀਤ ਦਾ। ਵੀਰ ਦੇ ਗੀਤ ਸੱਭਿਆਚਾਰਕ ਵੀ ਬਹੁਤ ਨੇ ,** ਫੁਲਕਾਰੀ ** ਤੂੰ ਫੁਲਕਾਰੀ ਕੱਢਦੀ ,ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ,ਮਹਿੰਦੀ ਦਾ ਬੂਟਾ * ਮੇਰੇ ਗਾਇਕ ਵੀਰ ਬਲਕਾਰ ਸਿੱਧੂ** ਨੇ ਗਾਏ ਤੇ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤੇ ਗਏ। ਮਨਪ੍ਰੀਤ ਟਿਵਾਣਾ ਆਪਣੀਆਂ ਰਚਨਾਕਾਰ ਵਿੱਚ ਆਪਣੇ ਮਖਮਲ ਵਰਗੇ ਸ਼ਬਦਾਂ ਸਜਾ ਦਿੰਦੇ ਨੇ। ਉਹ ਆਖਦੇ ਹਨ ਕਿ ਗੀਤਕਾਰ ਸਮਾਜ ਦਾ ਹਿੱਸਾ ਹੁੰਦੇ ਹਨ ਚੰਗਾ ਲਿਖਣਾ ਉਹਨਾਂ ਦਾ ਫਰਜ ਵੀ ਬਣਦਾ।
ਕਿਸਾਨਾਂ ਦਾ ਦੁੱਖ ਦਰਦ ਆਪਣਾ ਦੁੱਖ ਸਮਝ ਕੇ ਉਹਨਾਂ ਲਿਖਿਆ
ਛਿੜ ਜਦ ਪੁੱਠੇ ਰਾਗ ਪਏ ਨੇ
ਖੇਤਾਂ ਦੇ ਪੁੱਤ ਜਾਗ ਪਏ ਨੇ।
ਇਹ ਕਿਸਾਨੀ ਦੀ ਲਹਿਰ ਟਿਵਾਣੇ ਧੋਣੇ ਧੋਵੇਗੀ ,ਜਦ ਤੱਕ ਦੁਨੀਆ ਰਹੂ
, ਤਾਂ ਗੱਲ ਪੰਜਾਬ ਦੀ ਹੋਵੇਗੀ- ਅਵਾਜ ਵੀਰ ਹਰਭਜਨ ਮਾਨ
ਢੁਕਵੇਂ ਸਮੇਂ ਅਨੁਸਾਰ ਲਿਖੇ ਨੇ ਪੰਜਾਬ, ਦਿੱਲੀ ਦੇ ਕਿਸਾਨੀ ਧਰਨਿਆਂ ਵਿਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਰਦ ਵੰਡਾਇਆ ਤੇ ਕਲਮਬੱਧ ਕੀਤਾ । ਮਨਪ੍ਰੀਤ ਟਿਵਾਣਾ ਆਪ ਘੱਟ ਬੋਲਦੇ ਨੇ ਦੂਜੇ ਨੂੰ ਵੱਧ ਸੁਣਦੇ।
ਮੈਂ ਅਕਸਰ ਸੁਣਿਆ ** ਕਿ ਕਲਾਕਾਰ, ਗੀਤਕਾਰ ਆਖਦੇ ਨੇ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਪਰ ਮਨਪ੍ਰੀਤ ਟਿਵਾਣਾ ਦੀ ਸੋਚ ਹੋਰ ਆ * ਉਹ ਆਖਦੇ ਨੇ ਸ਼ੁਕਰਗੁਜ਼ਾਰ ਹਾਂ ਪੰਜਾਬੀ ਮਾਂ ਬੋਲੀ ਦਾ ਜੋ ਸਾਨੂੰ ਪਾਲ ਰਹੀ ਆ।ਮਾਂ ਬੋਲੀ ਕਰਕੇ ਸਾਡੀ ਪਛਾਣ ਬਣ ਰਹੀ ਆ ,ਰੱਬ ਸਾਥੋਂ ਚੰਗਾ ਲਿਖਵਾਵੇ।
ਮਨਪ੍ਰੀਤ ਟਿਵਾਣਾ ਜਿੱਥੇ ਵਿਸ਼ਵ ਪ੍ਰਸਿੱਧ ਲੇਖਕ, ਗੀਤਕਾਰ ਹਨ ਉਸ ਤੋਂ ਪਹਿਲਾਂ ਉਹ ਮਾਤਾ, ਪਿਤਾ ਦੇ ਆਗਿਆਕਾਰ ਪੁੱਤਰ,ਰਾਜਪ੍ਰੀਤ ਟਿਵਾਣਾ( ਅੱਜ ਕੱਲ ਕਨੇਡਾ) ਦੇ ਵੱਡੇ ਭਰਾ , ਪ੍ਰਵੀਨ ਕੌਰ ਟਿਵਾਣਾ ਦੇ ਪਤੀ, ਬੇਟੀ ਕੁੱਲਨੂਰ ਤੇ ਬੇਟਾ ਹਰਨਾਦ ਦੇ ਪਿਤਾ ਤੇ ਇਕ ਬਹੁਤ ਸੁਹਿਰਦ ਇਨਸਾਨ ਵੀ ਹਨ। ਉਹਨਾਂ ਦੀ ਇਸ ਪ੍ਰਸਿੱਧੀ ਪਿੱਛੇ ਉਹਨਾਂ ਦੀ ਹਮਸਫਰ ਪ੍ਰਵੀਨ ਕੌਰ ਟਿਵਾਣਾ ਦਾ ਵੀ ਵੱਡਾ ਯੋਗਦਾਨ ਆ। ਉਹ ਵੀ ਪੰਜਾਬੀ ਸਾਹਿਤ ਨੂੰ ਹੀ ਸਮਰਪਿਤ ਹਨ ਤੇ ਖੋਜੀ ਹਨ। ਅੱਜ ਜਨਮ ਦਿਨ ਤੇ ਮੈਂ ਆਪਣੇ ਇਸ ਗੀਤਕਾਰ ਵੀਰ ਨੂੰ ਵਧਾਈ ਦਿੰਦੀ ਹਾਂ ਤੇ ਗੁਰੂ ਅੱਗੇ ਵੀਰ ਤੇ ਵੀਰ ਦੇ ਪਰਿਵਾਰ ਦੀ ਚੜਦੀ ਕਲਾ ਲਈ ਅਰਦਾਸ ਕਰਦੀ ਹਾਂ।
ਲੇਖਕ ਜਤਿੰਦਰ ਕੌਰ ਬੁਆਲ ਸਮਰਾਲਾ
ਜਸਪਾਲ ਸਿੰਘ ਸਿੱਧੂ ਮੋਗਾ