ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਦੁਨੀਆਂ ਭਰ ਵਿੱਚ ਟੈਕਸੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਉਬਰ ਆਪਣੇ ਪ੍ਰਾਈਵੇਟ ਡਰਾਈਵਰਾਂ ਲਈ ਯੂਕੇ ਵਿੱਚ ਜੀ ਐਮ ਬੀ ਟਰੇਡ ਯੂਨੀਅਨ ਨੂੰ ਇੱਕ ਸਮਝੌਤੇ ਲਈ ਮਾਨਤਾ ਦੇ ਰਹੀ ਹੈ। ਇਸ ਸਮਝੌਤੇ ਦੇ ਤਹਿਤ, ਜੀ ਐੱਮ ਬੀ ਯੂਨੀਅਨ ਉਬਰ ਡਰਾਈਵਰਾਂ ਦੀ ਸਹਾਇਤਾ ਲਈ ਉਹਨਾਂ ਦੇ ਮੀਟਿੰਗ ਕੇਂਦਰਾਂ ਤੱਕ ਪਹੁੰਚ ਪ੍ਰਾਪਤ ਕਰੇਗੀ ਅਤੇ ਇਹ ਡਰਾਈਵਰਾਂ ਦੀ ਉਬਰ ਐਪ ਤੱਕ ਪਹੁੰਚ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਵੀ ਹੋਵੇਗੀ। ਇਸਦੇ ਨਾਲ ਹੀ ਯੂਨੀਅਨ ਦੁਆਰਾ ਡਰਾਈਵਰਾਂ ਦੇ ਮੁੱਦਿਆਂ ਅਤੇ ਚਿੰਤਾਵਾਂ ਬਾਰੇ ਵਿਚਾਰ ਵਟਾਂਦਰੇ ਲਈ ਹਰ ਤਿਮਾਹੀ ਮੁਲਾਕਾਤ ਵੀ ਕੀਤੀ ਜਾਵੇਗੀ। ਇਸਦੇ ਤਹਿਤ ਡਰਾਈਵਰ ਆਪਣੇ ਆਪ ਇਸਦੇ ਮੈਂਬਰ ਨਹੀਂ ਬਣ ਸਕਦੇ ਪਰ ਉਹ ਇਸ ਵਿੱਚ ਹਿੱਸਾ ਲੈਣ ਲਈ ਸਾਈਨ ਅਪ ਕਰਨ ਦੇ ਯੋਗ ਹੋਣਗੇ। ਇਸ ਸਮਝੌਤੇ ‘ਤੇ ਸਹਿਮਤੀ ਤੋਂ ਪਹਿਲਾਂਉਬਰ ਨੇ ਸੁਪਰੀਮ ਕੋਰਟ ਦੇ ਇਕ ਮਹੱਤਵਪੂਰਨ ਫੈਸਲੇ ਤੋਂ ਬਾਅਦ ਮਾਰਚ ਵਿੱਚ ਆਪਣੇ 70,000 ਯੂਕੇ ਡਰਾਈਵਰਾਂ ਨੂੰ ਘੱਟੋ-ਘੱਟ ਪ੍ਰਤੀ ਘੰਟਾ ਦਿਹਾੜੀ, ਛੁੱਟੀ ਦੀ ਤਨਖਾਹ ਅਤੇ ਪੈਨਸ਼ਨਾਂ ਦੀ ਗਰੰਟੀ ਦੇਣ ਲਈ ਸਹਿਮਤੀ ਵੀ ਕੀਤੀ ਹੈ। ਦੋ ਮਹੀਨੇ ਬਾਅਦ ਸੌਦੇ ‘ਤੇ ਦਸਤਖਤ ਕੀਤੇ ਹਨ। ਉਬਰ ਦੁਆਰਾ ਯੂਨੀਅਨ ਨਾਲ ਇਹ ਸਮਝੌਤਾ, ਤਨਖਾਹ ਸੌਦੇ ਦੀ ਤਰ੍ਹਾਂ, ਉਬਰ ਈਟਸ ਫੂਡ ਸਰਵਿਸ, ਕੋਰੀਅਰਾਂ, ਸਪੁਰਦਗੀ ਕਰਨ ਵਾਲਿਆਂ ‘ਤੇ ਲਾਗੂ ਨਹੀਂ ਹੁੰਦਾ।