
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 27 ਮਈ 2021
ਅਮਰੀਕੀ ਸੂਬੇ ਐਰੀਜੋਨਾ ਦੇ ਨੋਗਾਲੇਸ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਇੱਕ ਟਰੱਕ ਡਰਾਈਵਰ ਦਾ ਪਿੱਛਾ ਕਰਨ ਉਪਰੰਤ ਉਸਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਸੋਮਵਾਰ ਨੂੰ ਪੁਲਿਸ ਦੁਆਰਾ ਇੱਕ ਟਰੈਕਟਰ-ਟ੍ਰੇਲਰ ਦੇ ਡਰਾਈਵਰ ਨੂੰ ਇੰਟਰਸਟੇਟ 19 ਸਾਊਥ ਤੋਂ ਨੋਗਾਲੇਸ ਦੇ ਵਾਲਮਾਰਟ ਦੀ ਪਾਰਕਿੰਗ ਤੱਕ ਪਿੱਛਾ ਕਰਨ ਦੇ ਬਾਅਦ ਗੋਲੀ ਮਾਰੀ ਗਈ। ਸੈਂਟਾ ਕਰੂਜ਼ ਕਾਉਂਟੀ ਦੇ ਸ਼ੈਰਿਫ ਡੇਵਿਡ ਹੈਥਵੇ ਨੇ ਦੱਸਿਆ ਕਿ ਸੈਂਟਾ ਕਰੂਜ਼ ਕਾਉਂਟੀ ਅਤੇ ਨੋਗਾਲੇਸ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਵਾਲਮਾਰਟ ਪਾਰਕਿੰਗ ਵਿੱਚ ਅਤੇ ਗ੍ਰੈਂਡ ਐਵੀਨਿਊ ਨੇੜੇ ਡਰਾਈਵਰ ‘ਤੇ ਫਾਇਰਿੰਗ ਕੀਤੀ, ਜਿੱੱਥੇ ਉਹ ਰੁਕ ਗਿਆ ਸੀ। ਹੈਥਵੇ ਨੇ ਪੁਸ਼ਟੀ ਕੀਤੀ ਕਿ ਗੋਲੀ ਲੱਗਣ ਨਾਲ ਡਰਾਈਵਰ ਦੀ ਮੌਤ ਹੋ ਗਈ ਸੀ ਪਰ ਉਸਨੇ ਡਰਾਈਵਰ ਕੌਣ ਸੀ ਜਾਂ ਉਸਦਾ ਪਿੱਛਾ ਕਰਨ ਦੀ ਵਜ੍ਹਾ ਦੀ ਜਾਣਕਾਰੀ ਨਹੀਂ ਦਿੱਤੀ। ਇਸ ਘਟਨਾ ਦੇ ਕੁੱਝ ਗਵਾਹਾਂ ਅਨੁਸਾਰ ਇਹ ਟਰੱਕ ਦੁਪਹਿਰ ਦੇ ਲੱਗਭਗ 1:40 ਵਜੇ ਲਾਪਰਵਾਹੀ ਨਾਲ ਡਰਾਈਵਿੰਗ ਕਰਦਿਆਂ ਪਾਰਕਿੰਗ ਵਿੱਚ ਦਾਖਲ ਹੋਇਆ ਅਤੇ ਪੁਲਿਸ ਨੇ ਟਰੱਕ ਨੂੰ ਸਪਾਈਕ ਸਟਰਿੱਪ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਇਸਦੇ ਰੁਕਣ ਉਪਰੰਤ ਗੋਲੀਬਾਰੀ ਕੀਤੀ ਗਈ। ਹੈਥਵੇ ਅਨੁਸਾਰ ਐਰੀਜ਼ੋਨਾ ਦਾ ਪਬਲਿਕ ਸੇਫਟੀ ਵਿਭਾਗ ਇਸਦੀ ਜਾਂਚ ਕਰ ਰਿਹਾ ਹੈ।