
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 27 ਮਈ 2021
ਅਮਰੀਕਾ ਵਿੱਚ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਇੱਕ ਹੋਰ ਜਾਨਲੇਵਾ ਗੋਲੀਬਾਰੀ ਜੁੜ ਗਈ ਹੈ।ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸੈਨ ਹੋਜੇ ਦੇ ਇੱਕ ਰੇਲਵੇ ਟ੍ਰਾਂਜਿਟ ਯਾਰਡ ਵਿੱਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ਨਾਲ ਘੱਟੋ ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਹਨਾਂ 8 ਮ੍ਰਿਤਕਾਂ ਵਿੱਚ ਇੱਕ ਪੰਜਾਬੀ ਆਦਮੀ ਵੀ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਰਸਲ ਡੇਵਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ (ਵੀ ਟੀ ਏ) ਦੇ ਕਰਮਚਾਰੀ ਮ੍ਰਿਤਕਾਂ ਵਿੱਚ ਹਨ। ਇਸ ਘਟਨਾ ਵਿੱਚ ਮਰਨ ਵਾਲੇ ਸ਼ੱਕੀ ਸ਼ੂਟਰ ਦੀ ਪਛਾਣ ਵੀ ਟੀ ਏ ਦੇ ਇੱਕ ਮਰਦ ਕਰਮਚਾਰੀ ਵਜੋਂ ਹੋਈ ਹੈ ਹਾਲਾਂਕਿ ਪੁਲਿਸ ਨੇ ਇਸ ਬਾਰੇ ਵੇਰਵੇ ਪ੍ਰਦਾਨ ਨਹੀਂ ਕੀਤੇ ਕਿ ਬੰਦੂਕਧਾਰੀ ਦੀ ਮੌਤ ਕਿਵੇਂ ਹੋਈ ਹੈ। ਡੇਵਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਅਧਿਕਾਰੀਆਂ ਨੂੰ ਇਮਾਰਤ ਵਿੱਚ ਵਿਸਫੋਟਕ ਉਪਕਰਣ ਹੋਣ ਦੀ ਵੀ ਸੂਚਨਾ ਮਿਲੀ ਸੀ, ਜਿਸ ਲਈ ਬੰਬ ਸਕੁਐਡ ਨੂੰ ਵੀ ਸੱਦਿਆ ਗਿਆ ਸੀ। ਵੀ ਟੀ ਏ ਕੰਟਰੋਲ ਸੈਂਟਰ ਇੱਕ ਹੱਬ ਹੈ ਜੋ ਇੱਕ ਮੇਨਟੇਨੈਂਸ ਯਾਰਡ ਦੇ ਨਾਲ-ਨਾਲ ਕਈ ਰੇਲ ਗੱਡੀਆਂ ਨੂੰ ਸਟੋਰ ਕਰਦਾ ਹੈ, ਅਤੇ ਇਸਦਾ ਇੱੱਕ ਅੰਦਰੂਨੀ ਅਤੇ ਬਾਹਰੀ ਖੇਤਰ ਹੈ। ਇਸ ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਦੇ ਨਾਮ ਜਾਰੀ ਕੀਤੇ ਗਏ ਹਨ ਜਿਹਨਾਂ ਵਿੱਚ ਪੌਲ ਡੇਲਾਕਰੂਜ਼ ਮੇਗੀਆ(42′ ਤਪਤੇਜਦੀਪ ਸਿੰਘ (36), ਐਡਰਿਅਨ ਬਾਲੇਜ਼ਾ(29), ਜੋਸੇ ਡੀਜੇਸਸ ਹਰਨਾਡੇਜ(35)’ ਟਿਮੋਥੀ ਮਾਈਕਲ ਰੋਮੋ(49), ਮਾਈਕਲ ਜੋਸਫ ਰੁਡੋਮੇਕਿਨ(40), ਅਬਦੋਲਵਾਹਹਾਬ ਅਲਾਘਮੰਦਨ(63 ) ਅਤੇ ਲਾਰਸ ਕੇਪਲਰ ਲੇਨ(63) ਆਦਿ ਸ਼ਾਮਿਲ ਹਨ। ਜਿਕਰਯੋਗ ਹੈ ਕਿ ਇਨ੍ਹਾਂ 8 ਵਿਅਕਤੀਆਂ ਵਿੱਚ ਇੱਕ ਗੁਰਸਿੱਖ ਤਪਤੇਜਦੀਪ ਸਿੰਘ ਗਿੱਲ ਵੀ ਮਾਰਿਆ ਗਿਆ ਹੈ। ਉਸ ਦੇ ਦੋ ਬੱਚੇ, ਇੱਕ 2 ਸਾਲ ਦੀ ਬੇਟੀ ਅਤੇ ਇੱਕ 4 ਸਾਲ ਦਾ ਬੇਟਾ ਹਨ। ਤਪਤੇਜ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗਗਰਵਾਲ ਨਾਲ ਸਬੰਧਿਤ ਸੀ ਅਤੇ ਹੁਣ ਉਹ ਯੂਨੀਅਨ ਸਿਟੀ (ਕੈਲੀਫੋਰਨੀਆ) ਵਿੱਚ ਰਹਿੰਦਾ ਸੀ। ਇਸਦੇ ਇਲਾਵਾ ਉਸਦੇ ਪਰਿਵਾਰਕ ਮੈਂਬਰਾਂ ਅਨੁਸਾਰ ਤਪਤੇਜਦੀਪ ਸਿੰਘ ਤਕਰੀਬਨ ਨੌਂ ਸਾਲਾਂ ਤੋਂ ਲਾਈਟ ਰੇਲਵੇ ਡਰਾਈਵਰ ਵਜੋਂ ਕੰਮ ਕਰਦਾ ਸੀ ।