ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 26 ਮਈ 2021
ਅਮਰੀਕਾ ਦੀ ਸੈਨੇਟ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਅਮਰੀਕੀ ਸਿਹਤ ਬੀਮਾ ਪ੍ਰੋਗਰਾਮਾਂ ਨੂੰ ਚਲਾਉਣ ਲਈ ਨਾਮਜਦ ਕੀਤੀ ਗਈ ਉਮੀਦਵਾਰ
ਚਿਕਿਤਾ ਬਰੂਕਸ-ਲਾਸਿਉਰ ਦੀ ਇਸ ਅਹੁਦੇ ਲਈ ਪੁਸ਼ਟੀ ਕੀਤੀ ਹੈ। ਓਬਾਮਾ ਪ੍ਰਸ਼ਾਸਨ ਵਿੱਚ ਪੋਲਿਸੀ ਸਲਾਹਕਾਰ ਵਜੋਂ ਸੇਵਾ ਕਰ ਚੁੱਕੀ ਚਿਕਿਤਾ ਬਰੂਕਸ-ਲਾਸਿਉਰ ਪਹਿਲੀ ਕਾਲੇ ਮੂਲ ਦੀ ਮਹਿਲਾ ਹੋਵੇਗੀ ਜੋ ਮੈਡੀਕੇਅਰ ਅਤੇ ਮੈਡੀਕੇਡ ਦੇ ਕੇਂਦਰਾਂ, ਸੀ ਐਮ ਐਸ ਦੀ ਅਗਵਾਈ ਕਰੇਗੀ ਇਸ ਦੇ ਇਲਾਵਾ ਇਹ ਪ੍ਰੋਗਰਾਮ ਬੱਚਿਆਂ ਦੇ ਸਿਹਤ ਬੀਮੇ ਅਤੇ ਕੇਅਰ ਐਕਟ ਦਾ ਪ੍ਰਬੰਧ ਵੀ ਕਰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨਰਸਿੰਗ ਹੋਮ ਦੇ ਵਸਨੀਕਾਂ ਸਮੇਤ ਤਕਰੀਬਨ 130 ਮਿਲੀਅਨ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੈਨੇਟ ਵਿੱਚ ਚਿਕਿਤਾ ਨੇ 55-44 ਦੀ ਵੋਟ ਪ੍ਰਾਪਤ ਕੀਤੀ ਸੀ, ਜਿਸ ਵਿੱਚ ਪੰਜ ਰਿਪਬਲਿਕਨਜ਼ ਨੇ ਉਸਦੀ ਚੋਣ ਲਈ ਡੈਮੋਕਰੇਟਸ ਦਾ ਸਾਥ ਦਿੱਤਾ। 46 ਸਾਲਾਂ ਚਿਕਿਤਾ ਨੇ ਆਪਣਾ ਜ਼ਿਆਦਾਤਰ ਕੈਰੀਅਰ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਦੇ ਪ੍ਰਸ਼ਾਸਨ ਵਿੱਚ ਬਿਤਾਇਆ ਹੈ।ਉਸਨੇ ਜਾਰਜ ਡਬਲਯੂ ਬੁਸ਼ ਦੇ ਰਿਪਬਲਿਕਨ ਪ੍ਰਸ਼ਾਸਨ ਦੇ ਦੌਰਾਨ ਵ੍ਹਾਈਟ ਹਾਊਸ ਦੇ ਬਜਟ ਦਫਤਰ ਵਿੱਚ ਕੰਮ ਕੀਤਾ, ਅਤੇ ਬਰਾਕ ਓਬਾਮਾ ਵੇਲੇ ਪੋਲਿਸੀ ਦੀਆਂ ਭੂਮਿਕਾਵਾਂ ਵਿੱਚ ਸੇਵਾ ਨਿਭਾਈ। ਬਾਈਡੇਨ ਪ੍ਰਸ਼ਾਸਨ ਵਿੱਚ ਚਿਕਿਤਾ ਕੋਲੋਂ ਮੌਜੂਦਾ ਪ੍ਰੋਗਰਾਮਾਂ, ਖ਼ਾਸਕਰ ਅਮਰੀਕੀਆਂ ਲਈ ਸਿਹਤ ਬੀਮੇ ਲਈ ਬਾਈਡੇਨ ਦੇ ਟੀਚੇ ਵੱਲ ਵਧਣ ਦੀ ਉਮੀਦ ਹੈ।