
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 25 ਮਈ 2021
ਅਮਰੀਕਾ ਵਿੱਚ ਸਰਕਾਰ ਦੇ ਯਤਨਾਂ ਅਤੇ ਕਾਫੀ ਜੱਦੋਜਹਿਦ ਤੋਂ ਬਾਅਦ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ। ਸਰਕਾਰ ਦੁਆਰਾ ਵਾਇਰਸ ਨੂੰ ਦਬਾਉਣ ਲਈ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਸੰਬੰਧੀ ਵੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਸ ਲਈ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਜਪਾਨ ਅਤੇ ਸ੍ਰੀਲੰਕਾ ਵਿੱਚ ਵਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਦੇ ਕਰਕੇ , ਕੋਵਿਡ ਦੇ ਫੈਲਣ ਨੂੰ ਰੋਕਣ ਲਈ ਇਹਨਾਂ ਦੇਸ਼ਾਂ ਦੀ ਯਾਤਰਾ ਦੇ ਵਿਰੁੱਧ ਚਿਤਾਵਨੀ ਜਾਰੀ ਕਰਦਿਆਂ ਦੇਸ਼ ਵਾਸੀਆਂ ਨੂੰ ਯਾਤਰਾ ਨਾਂ ਕਰਨ ਦੀ ਸਲਾਹ ਦਿੱਤੀ ਹੈ। ਵਿਦੇਸ਼ ਵਿਭਾਗ ਨੇ ਇਸ ਹਫ਼ਤੇ ਟਰੈਵਲ ਐਡਵਾਈਜ਼ਰੀਆਂ ਦਾ ਮੁਲਾਂਕਣ ਕਰਨ ਦੇ ਬਾਅਦ ਨਵੀਆਂ ਅਪਡੇਟਸ ਅਨੁਸਾਰ ਜਾਪਾਨ ਅਤੇ ਸ੍ਰੀਲੰਕਾ ਦੀ ਯਾਤਰਾ ਨਾ ਕਰਨ ਦੀ ਹਦਾਇਤ ਕੀਤੀ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਨੇ ਵੀ ਆਪਣੀ ਚੇਤਾਵਨੀ ਵਿਚ ਕਿਹਾ ਹੈ ਕਿ ਅਮਰੀਕੀਆਂ ਨੂੰ ਜਪਾਨ ਦੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜਰੂਰੀ ਤੌਰ ‘ਤੇ ਯਾਤਰਾ ਕਰਨ ਤੋਂ ਪਹਿਲਾਂ ਕੋਰੋਨਾ ਟੀਕਾ ਲਗਵਾਉਣਾ ਜਰੂਰੀ ਹੈ।ਜਪਾਨ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ । ਅੰਕੜਿਆਂ ਅਨੁਸਾਰ ਐਤਵਾਰ ਤੱਕ ਸੱਤ ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਦਰਜ ਹੋਏ ਹਨ । ਇਸਦੇ ਇਲਾਵਾ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ ਐਚ ਓ) ਦੇ ਅਨੁਸਾਰ ਸੋਮਵਾਰ ਨੂੰ ਜਪਾਨ ਵਿੱਚ (ਐਤਵਾਰ) ਤੱਕ ਤਕਰੀਬਨ 7,14,274 ਪੁਸ਼ਟੀ ਕੀਤੇ ਗਏ ਕੇਸ ਅਤੇ 12,236 ਮੌਤਾਂ ਦਰਜ ਹੋਈਆਂ ਹਨ ਜਦਕਿ 15 ਮਈ ਤੱਕ, ਦੇਸ਼ ਵਿੱਚ ਕੁੱਲ 5,593,436 ਟੀਕਿਆਂ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ। ਇਸੇ ਦੌਰਾਨ, ਸ਼੍ਰੀ ਲੰਕਾ ਵਿੱਚ ਸੋਮਵਾਰ ਨੂੰ 2,971 ਨਵੇਂ ਕੋਵਿਡ -19 ਦੇ ਮਾਮਲੇ ਸਾਹਮਣੇ ਆਏ ਹਨ ਅਤੇ ਸੋਮਵਾਰ ਤੱਕ ਦੇਸ਼ ਵਿੱਚ ਕੁੱਲ 167,172 ਕੋਵਿਡ-19 ਕੇਸ ਦਰਜ ਹੋ ਚੁੱਕੇ ਹਨ।