10.2 C
United Kingdom
Saturday, April 19, 2025

More

    ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਕਾਲੇ ਕਾਨੂੰਨਾਂ ਅਤੇ ਕਰੋਨਾ ਦੇ ਖਾਤਮੇ ਲਈ ਭਲਕੇ ਕਾਲਾ ਦਿਨ ਮਨਾਉਣ ਦੀਆਂ ਤਿਆਰੀਆਂ ਮੁਕੰਮਲ

    ਚੰਡੀਗੜ੍ਹ 25 ਮਈ (ਵਰਿੰਦਰ ਸਿੰਘ ਖੁਰਮੀ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਾਲੇ ਕਾਨੂੰਨਾਂ ਦੇ ਖਾਤਮੇ ਅਤੇ ਕਰੋਨਾ ਦੇ ਖਾਤਮੇ ਲਈ ਸੰਘਰਸ਼ ਦੇ ਪਸਾਰੇ ਅਤੇ ਮਜ਼ਬੂਤੀ ਖਾਤਰ ਭਲਕੇ ਪੂਰੇ ਦੇਸ਼ ਵਿੱਚ ਕਿਸਾਨਾਂ ਮਜਦੂਰਾਂ ਤੇ ਹੋਰ ਕਿਰਤੀ ਕਾਰੋਬਾਰੀਆਂ ਵੱਲੋਂ ਮਨਾਏ ਜਾ ਰਹੇ ਕਾਲੇ ਦਿਨ ਦੀਆਂ ਤਿਆਰੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਆਪਣੇ ਕੰਮ ਖੇਤਰ ਦੇ 16 ਜਿਲ੍ਹਿਆਂ ਦੇ 1600 ਤੋਂ ਵੱਧ ਪਿੰਡਾਂ ਵਿੱਚ ਮੁਕੰਮਲ ਕਰ ਲਈਆਂ ਗਈਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਹਰ ਪਿੰਡ ਵਿੱਚ ਆਗੂ ਟੀਮ ਵੱਲੋਂ ਕਾਲੇ ਝੰਡਿਆਂ ਦੀ ਸਿਲਾਈ ਕਰਵਾ ਕੇ ਘਰ ਘਰ ਵੰਡੇ ਗਏ ਹਨ। ਇਹ ਕਰਦੇ ਹੋਏ ਸੱਦਾ ਦਿੱਤਾ ਗਿਆ ਹੈ ਕਿ ਭਲਕੇ ਹਰ ਘਰ, ਦੁਕਾਨ, ਦਫਤਰ ਅਤੇ ਹੋਰ ਬਿਲਡਿੰਗਾਂ ਤੋਂ ਇਲਾਵਾ ਹਰ ਵਹੀਕਲ ਉੱਤੇ ਵੀ ਇਹ ਝੰਡੇ ਲਹਿਰਾ ਕੇ ਸੱਥਾਂ ਮੁਹੱਲਿਆਂ ਵਿੱਚ ਇਕੱਠੇ ਹੋ ਕੇ ਮੋਦੀ ਭਾਜਪਾ ਹਕੂਮਤ ਤੇ ਸਾਮਰਾਜੀ ਗੱਠਜੋੜ ਦੀਆਂ ਅਰਥੀਆਂ ਸਾੜੀਆਂ ਜਾਣ। ਇਸ ਪਰੋਗਰਾਮ ਵਿੱਚ ਕਿਸਾਨਾਂ ਮਜਦੂਰਾਂ ਤੋਂ ਇਲਾਵਾ ਸਮੂਹ ਕਿਰਤੀਆਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਮੌਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਨ ਤੋਂ ਇਲਾਵਾ ਐਮ ਐਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਅਤੇ ਜਨਤਕ ਵੰਡ ਪ੍ਰਨਾਲੀ ਸਾਰੇ ਗਰੀਬ ਲੋਕਾਂ ਲਈ ਲਾਗੂ ਕਰਨ ਵਰਗੀਆਂ ਮੁੱਖ ਮੰਗਾਂ ਦੇ ਨਾਲ ਨਾਲ ਕਰੋਨਾ ਰੋਕਥਾਮ ਲਈ ਲੋੜੀਂਦੇ ਪ੍ਰਬੰਧਾਂ ਸੰਬੰਧੀ ਠੋਸ ਮੰਗਾਂ ਵੀ ਉਭਾਰੀਆਂ ਜਾਣਗੀਆਂ। ਜਿਵੇਂ ਸਾਰੇ ਵੱਡੇ ਪ੍ਰਾਈਵੇਟ ਹਸਪਤਾਲ ਸਰਕਾਰੀ ਕੰਟਰੋਲ ਹੇਠ ਲਏ ਜਾਣ ਅਤੇ ਲੋੜੀਂਦੇ ਬੈੱਡਾਂ, ਵੈਂਟੀਲੇਟਰਾਂ ਅਤੇ ਆਕਸੀਜਨ ਸਿਲੰਡਰਾਂ ਆਦਿ ਦੇ ਪੂਰੇ ਪ੍ਰਬੰਧ ਕੀਤੇ ਜਾਣ। ਮੈਡੀਕਲ ਸਟਾਫ਼ ਦੀ ਭਾਰੀ ਥੁੜ੍ਹੋਂ ਦੀ ਪੂਰਤੀ ਲਈ ਨਵੀਂ ਭਰਤੀ ਤੁਰੰਤ ਕੀਤੀ ਜਾਵੇ। ਬਚਾਓ ਵਾਲੀ ਵੈਕਸੀਨ ਸਾਰੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇ। ਮੁਫ਼ਤ ਟੈਸਟਾਂ ਦਾ ਹਰੇਕ ਸ਼ਹਿਰ, ਕਸਬੇ, ਪਿੰਡ ਵਿੱਚ ਪ੍ਰਬੰਧ ਕੀਤਾ ਜਾਵੇ। ਸਾਰੇ ਪ੍ਰਬੰਧਾਂ ਲਈ ਲੋੜੀਂਦਾ ਬਜਟ ਤੁਰੰਤ ਜੁਟਾਇਆ ਜਾਵੇ ਅਤੇ ਇਹਦੀ ਖਾਤਰ ਕਾਰਪੋਰੇਟ ਘਰਾਣਿਆਂ ਸਮੇਤ ਜਗੀਰਦਾਰਾਂ ਤੇ ਵੱਡੇ ਪੂੰਜੀਪਤੀਆਂ ਤੋਂ ਭਾਰੀ ਟੈਕਸ ਵਸੂਲੇ ਜਾਣ। ਸਾਵਧਾਨੀਆਂ ਪ੍ਰਤੀ ਪਿੰਡ ਪਿੰਡ ਵਿਆਪਕ ਸਿੱਖਿਆ ਮੁਹਿੰਮ ਰਾਹੀਂ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ ਅਤੇ ਕੁਟਾਪੇ, ਚਲਾਣ, ਗ੍ਰਿਫ਼ਤਾਰੀਆਂ ਜਾਂ ਕਰਫਿਊ ਵਰਗਾ ਜਾਬਰ ਸਿਲਸਿਲਾ ਤੁਰੰਤ ਠੱਪ ਕੀਤਾ ਜਾਵੇ। ਵੈਕਸੀਨ ਵੀ ਜ਼ਬਰਦਸਤੀ ਲਾਉਣ ਦੀ ਬਜਾਏ ਇਸ ਸੰਬੰਧੀ ਪੈਦਾ ਹੋਏ ਸ਼ੰਕੇ ਜਾਗ੍ਰਿਤੀ ਮੁਹਿੰਮ ਵਿੱਢ ਕੇ ਸਿਹਤ ਅਮਲੇ ਦੁਆਰਾ ਨਵਿਰਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਕਰੋਨਾ ਰੋਕਥਾਮ ਲਈ ਖੁਦ ਟਿਕਰੀ ਬਾਰਡਰ ਦਿੱਲੀ ਵਿਖੇ ਮਾਸਕਾਂ,ਆਪਸੀ ਦੂਰੀ, ਆਕਸੀਜਨ ਸਿਲੰਡਰਾਂ ਤੇ ਬੈੱਡਾਂ ਵਾਲਾ ਆਰਜ਼ੀ ਹਸਪਤਾਲ ਅਤੇ ਡਾਕਟਰਾਂ, ਦਵਾਈਆਂ,ਸੈਨੇਟਾਈਜ਼ਰਾਂ, ਕਾੜ੍ਹਿਆਂ ਆਦਿ ਦੇ ਪ੍ਰਬੰਧ ਕਰਨ ਸਮੇਤ ਪੰਜਾਬ ਵਿੱਚ ਚੱਲ ਰਹੇ ਸਾਰੇ ਪੱਕੇ ਮੋਰਚਿਆਂ ਵਿੱਚ ਵੀ ਅਜਿਹੇ ਲੋੜੀਂਦੇ ਮੁੱਢਲੇ ਪ੍ਰਬੰਧ ਕੀਤੇ ਗਏੇ ਹਨ। 23 ਮਈ ਤੋਂ ਸ਼ੁਰੂ ਕੀਤੇ ਗਏ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਕਾਫਲੇ ਹਰ ਐਤਵਾਰ ਦਿੱਲੀ ਮੋਰਚੇ ਵਿੱਚ ਭੇਜੇ ਜਾਣਗੇ। ਤੀਜੇ ਪੱਖ ਦੀ ਲੜਾਈ ‘ਚ ਜਥੇਬੰਦੀ ਵੱਲੋਂ ਕਰੋਨਾ ਦੇ ਅਸਰਦਾਰ ਟਾਕਰੇ ਸੰਬੰਧੀ ਮੰਗਾਂ ਤੁਰੰਤ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਖਾਤਰ 28,29,30 ਮਈ ਨੂੰ ਪਟਿਆਲਾ ਵਿਖੇ ਜਰੂਰੀ ਸਾਵਧਾਨੀਆਂ ਵਰਤਦੇ ਹੋਏ ਦਿਨ-ਰਾਤ ਦਾ ਸੂਬਾਈ ਧਰਨਾ ਵੀ ਲਾਇਆ ਜਾਵੇਗਾ। ਇਸ ਧਰਨੇ ਦੀਆਂ ਮੰਗਾਂ ਤੇ ਸਾਵਧਾਨੀਆਂ ਬਾਰੇ ਵੀ ਜਥੇਬੰਦੀ ਵੱਲੋਂ ਪਿੰਡ ਪਿੰਡ ਵਿਆਪਕ ਜਾਗ੍ਰਿਤੀ ਮੁਹਿੰਮ ਚਲਾਈ ਜਾ ਰਹੀ ਹੈ। ਪੇਂਡੂ ਤੇ ਖੇਤ ਮਜਦੂਰਾਂ ਸਮੇਤ ਹੋਰ ਸਾਰੇ ਪ੍ਰਭਾਵਿਤ ਹਿੱਸਿਆਂ ਦੀਆਂ ਜਥੇਬੰਦੀਆਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!