
ਫਗਵਾੜਾ 25 ਮਈ (ਸ਼਼ਿਵ ਕੋੋੜਾ) ਦੇਸ਼ ਵਿਚ ਲਗਾਤਾਰ ਵੱਧਦੀ ਮਹਿੰਗਾਈ ਅਤੇ ਕੋਵਿਡ-19 ਦੀ ਦੂਸਰੀ ਲਹਿਰ ਨੂੰ ਕੰਟਰੋਲ ਕਰਨ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਸਖਤ ਨਖੇਦੀ ਕਰਦੇ ਹੋਏ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਮਹਿੰਗਾਈ ਤੋਂ ਲੈ ਕੇ ਕੋਰੋਨਾ ਤਕ ਮੋਦੀ ਸਰਕਾਰ ਹਰ ਫਰੰਟ ਉਪਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਹੁਣ ਤਕ ਕੋਰੋਨਾ ਦੀ ਦੂਸਰੀ ਲਹਿਰ ਤੇ ਹੀ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਤੀਸਰੀ ਲਹਿਰ ਦਾ ਖਤਰਾ ਸਿਰ ਤੇ ਮੰਡਰਾਉਣ ਲਗ ਪਿਆ ਹੈ। ਮੋਦੀ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਕਾਂਗਰਸ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਵਲੋਂ ਦਿੱਤੇ ਜਾ ਰਹੇ ਸੁਝਾਵਾਂ ਬਾਰੇ ਗੌਰ ਕਰਨ ਨੂੰ ਤਿਆਰ ਨਹੀਂ ਹੈ। ਕੋਰੋਨਾ ਦੀ ਵਜ੍ਹਾ ਨਾਲ ਦੇਸ਼ ਵਿਚ ਲੱਖਾਂ ਮੌਤਾਂ ਹੋ ਚੁੱਕੀਆਂ ਹਨ ਅਤੇ ਆਰਥਕਤਾ ਨੂੰ ਭਾਰੀ ਨੁਕਸਾਨ ਹੋਇਆ ਹੈ। ਮਹਿੰਗਾਈ ਨੇ ਗਰੀਬ ਅਤੇ ਮੱਧ ਵਰਗ ਦੀ ਕਮਰ ਤਾਂ ਤੋੜੀ ਹੀ ਹੈ ਬਲਕਿ ਹੁਣ ਤਾਂ ਅਮੀਰ ਤਬਕਾ ਵੀ ਇਸਦਾ ਸੇਕ ਮਹਿਸੂਸ ਕਰ ਰਿਹਾ ਹੈ। ਇਹਨਾਂ ਮਾੜੇ ਹਲਾਤਾਂ ਵਿਚ ਵੀ ਦਿੱਲੀ ਦੇ ਬਾਰਡਰਾਂ ਉਪਰ ਕਿਸਾਨਾ ਦਾ ਅੰਦੋਲਨ ਜਾਰੀ ਰਹਿਣ ਨੂੰ ਲੈ ਕੇ ਕੀਤੇ ਸਵਾਲ ਦੇ ਜਵਾਬ ਵਿਚ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਕਿਸਾਨ ਦੀ ਤਾਂ ਦੋਵੇਂ ਪਾਸੇ ਹੀ ਮੌਤ ਹੈ ਕਿਉਂਕਿ ਜੇਕਰ ਉਹ ਅੰਦੋਲਨ ਛੱਡਦਾ ਹੈ ਤਾਂ ਕਾਲੇ ਕਾਨੂੰਨ ਉਸਨੂੰ ਤਬਾਹ ਕਰ ਦੇਣਗੇ ਤੇ ਜੇਕਰ ਅੰਦੋਲਨ ਜਾਰੀ ਰਹਿੰਦਾ ਹੈ ਤਾਂ ਕੋਵਿਡ-19 ਨਾਲ ਜਿੰਦਗੀ ਦਾ ਜੋਖਿਮ ਹੈ। ਉਹਨਾਂ ਕਿਹਾ ਕਿ ਆਜਾਦ ਭਾਰਤ ਦੇ ਇਤਿਹਾਸ ਵਿਚ ਮੋਜੂਦਾ ਕੇਂਦਰ ਸਰਕਾਰ ਨੂੰ ਹਮੇਸ਼ਾ ਇਕ ਜਾਲਿਮ ਸਰਕਾਰ ਵਜੋਂ ਯਾਦ ਕੀਤਾ ਜਾਵੇਗਾ ਜਿਸ ਨੂੰ ਕਿਸਾਨੀ ਅੰਦੋਲਨ ਵਿਚ ਬੈਠੇ ਬੱਚਿਆਂ, ਬਜੁਰਗਾਂ, ਔਰਤਾਂ ਅਤੇ ਬਿਮਾਰਾਂ ਦੀ ਕੋਈ ਪਰਵਾਹ ਨਹੀਂ ਹੈ ਪਰ ਦੇਸ਼ ਦੀ ਮਜਬੂਰੀ ਹੈ ਕਿ ਇਸ ਜਾਲਿਮ ਅਤੇ ਨਿਰਦਈ ਸਰਕਾਰ ਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਸਨਮਾਨ ਕਰਦੇ ਹੋਏ 2024 ਤੱਕ ਝਲਣਾ ਹੀ ਪਵੇਗਾ। ਉਹਨਾਂ ਦਾਅਵੇ ਨਾਲ ਕਿਹਾ ਕਿ ਅਗਲੇ ਸਾਲ ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਅਤੇ 2024 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦਾ ਖਾਤਮਾ ਹੋ ਜਾਵੇਗਾ ਅਤੇ ਦੇਸ਼ ਦੀ ਜਨਤਾ ਅੰਗ੍ਰੇਜਾਂ ਤੋਂ ਬਾਅਦ ਮੋਦੀ ਦੇ ਰਾਜ ਤੋਂ ਮੁਕਤ ਹੋਣ ਦਾ ਸੁੱਖ ਅਨੁਭਵ ਕਰੇਗੀ।