?ਸੋਸ਼ਲ ਮੀਡੀਆ ਰਾਹੀਂ ਪਰਿਵਾਰ ਮੈਂਬਰਾਂ ਤੱਕ ਕੀਤੀ ਪਹੁੰਚ।
?ਪਰਿਵਾਰ ਨੇ ਕੀਤੀ ਡੀਸੀ ਮੋਗਾ ਕੋਲ ਫਰਿਆਦ,ਬੰਗਾਲ ਨਾਲ ਰਾਬਤਾ ਕਾਇਮ ਕਰੇ ਸਰਕਾਰ।
ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ)

ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਪਸਾਰੇ ਪੈਰ ਅਤੇ ਤਾਲਾਬੰਦੀ ਕਾਰਨ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਨਜ਼ਦੀਕੀ ਪਿੰਡ ਮਧੇਕੇ ਦੇ ਇੱਕ ਕੰਬਾਈਨ ਉਪਰੇਟਰ ਬੰਗਾਲ ‘ਚ ਫ਼ਸ ਗਏ ਹਨ ਜੋ ਕਿ ਉਹ ਉੱਥੇ ਕਣਕ ਦਾ ਸੀਜ਼ਨ ਲਗਾਉਣ ਗਏ ਸਨ। ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਮਧੇਕੇ ਦੇ ਹਰਦੇਵ ਸਿੰਘ, ਗੁਰਜੀਤ ਸਿੰਘ, ਜਗਿੰਦਰ ਸਿੰਘ, ਰੇਸ਼ਮ ਸਿੰਘ, ਲਖਵਿੰਦਰ ਸਿੰਘ, ਗੁਰਚਰਨ ਸਿੰਘ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਇੱਥੋਂ ਬੰਗਾਲ ਵਿਖੇ ਕਣਕ ਦਾ ਸੀਜ਼ਨ ਲਗਾਉਣ ਲਈ ਗਏ ਸਨ ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਵਧ ਰਹੇ ਪ੍ਰਭਾਵ ਕਾਰਨ ਕੇਂਦਰ ਸਰਕਾਰ ਵੱਲੋ ਸਮੁੱਚੇ ਦੇਸ਼ ਅੰਦਰ ਤਾਲਾਬੰਦੀ ਲਗਾਈ ਜਾਣ ਕਾਰਨ ਉਹ ਉੱਥੇ ਫ਼ਸ ਗਏ ਹਨ। ਸੋਸ਼ਲ ਮੀਡੀਆ ਰਾਹੀਂ ਭੇਜੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਵੀ ਖਰਚ ਕਰਨ ਲਈ ਪੈਸੇ ਸਨ ਉਹ ਹੁਣ ਖਤਮ ਹੋ ਚੁੱਕੇ ਹਨ ਅਤੇ ਜਦੋਂ ਉਨ੍ਹਾਂ ਵੱਲੋਂ ਉੱਥੋਂ ਦੇ ਸਥਾਨਿਕ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੰਜਾਬ ਜਾਣ ਲਈ ਲੋੜੀਂਦੇ ਪਾਸ ਬਨਾਉਣ ਲਈ ਬੇਨਤੀ ਕੀਤੀ ਤਾਂ ਉੱਥੇ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਉਕਤ ਵਿਅਕਤੀਆਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਸਾਡੇ ਪਰਿਵਾਰ ਵੱਲੋਂ ਹਲਕਾ ਵਿਧਾਇਕ ਅਤੇ ਨਿਹਾਲ ਸਿੰਘ ਵਾਲਾ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨਾਲ ਸੰਪਰਕ ਕਰਨ ਬਾਰੇ ਕਿਹਾ ਅਤੇ ਡਿਪਟੀ ਕਮਸ਼ਿਨਰ ਮੋਗਾ ਵੱਲੋਂ ਬੰਗਾਲ ‘ਚ ਫ਼ਸੇ ਵਿਅਕਤੀਆਂ ਨੂੰ ਆਨਲਾਇਨ ਅਪਲਾਈ ਕਰਨ ਬਾਰੇ ਕਿਹਾ ਗਿਆ। ਪਰ ਉਕਤ ਵਿਅਕਤੀਆਂ ਨੇ ਦੱਸਿਆ ਕਿ ਇੱਥੇ ਇਸ ਤਰ੍ਹਾਂ ਦੀਆਂ ਆਨਲਾਇਨ ਸਹੂਲਤਾਂ ਦੀ ਜਿੱਥੇ ਘਾਟ ਪਾਈ ਜਾ ਰਹੀ ਉੱਥੇ ਉਨ੍ਹਾਂ ਨੂੰ ਵੀ ਇਸ ਕਾਰਵਾਈ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਉਹ ਪੰਜਾਬ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਉਹ ਬੰਗਾਲ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਪੰਜਾਬ ਆਉਣ ਲਈ ਕੋਈ ਪੁਖਤਾ ਇੰਤਜ਼ਾਮ ਕਰਕੇ ਦੇਵੇ ਤਾਂ ਜੋ ਉਹ ਆਪਣੇ ਘਰ –ਪਰਿਵਾਰ ਤੱਕ ਪਹੁੰਚ ਸਕਣ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਖ਼ਬਾਰਾਂ ‘ਚ ਇਸ਼ਤਿਹਾਰ ਦੇ ਕੇ ਪੰਜਾਬ ਤੋਂ ਬਾਹਰ ਗਏ ਕੰਬਾਈਨ ਉਪਰੇਟਰਾਂ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਪਰਕ ਨੰਬਰ ਵੀ ਦਿੱਤੇ ਸਨ ਅਤੇ ਜਦੋਂ ਉਕਤ ਵਿਅਕਤੀਆਂ ਦੇ ਪਰਿਵਾਰਾਂ ਨੇ ਉਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਅਧਿਕਾਰੀਆਂ ਵੱਲੋਂ ਵੀ ਰਟਿਆ-ਰਟਾਇਆ ਆਨ-ਲਾਈਨ ਅਪਲਾਈ ਕਰਨ ਦੇ ਜਵਾਬ ਦੇ ਕੇ ਆਪਣਾ ਵੱਲੋਂ ਸੁਰਖਰੂ ਹੋਣਾ ਹੀ ਠੀਕ ਸਮਝਿਆ।