4.1 C
United Kingdom
Friday, April 18, 2025

More

    ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਕੌਮਾਂਤਰੀ ਮਹਿਲਾ ਦਿਵਸ ਵਿਸ਼ਾਲ ਪੱਧਰ ‘ਤੇ ਮਨਾਉਣ ਲਈ ਸੈਂਕੜੇ ਬੱਸਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ

    ਚੰਡੀਗੜ੍ਹ 7 ਮਾਰਚ (ਪੰਜ ਦਰਿਆ ਬਿਊਰੋ) ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਟਿਕਰੀ ਬਾਰਡਰ ‘ਤੇ ਮਨਾਏ ਜਾ ਰਹੇ ਕੌਮਾਂਤਰੀ ਮਹਿਲਾ ਦਿਵਸ ‘ਚ ਸ਼ਮੂਲੀਅਤ ਲਈ ਖ਼ਰਾਬ ਮੌਸਮ ਤੋਂ ਬੇਪ੍ਰਵਾਹ ਦਹਿ ਹਜ਼ਾਰਾਂ ਔਰਤਾਂ ਨੂੰ ਲੈ ਕੇ ਸੈਂਕੜੇ ਬੱਸਾਂ,ਮਿਨੀ ਬੱਸਾਂ ਤੇ ਹੋਰ ਵਹੀਕਲਾਂ ਦੇ ਕਾਫਲੇ ਅੱਜ ਦਿੱਲੀ ਵੱਲ ਰਵਾਨਾ ਹੋਏ ਜੋ ਅਜੇ ਵੀ ਜਾਰੀ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਥੇ ਤਾਇਨਾਤ ਹਜ਼ਾਰਾਂ ਵਲੰਟੀਅਰਾਂ ਵੱਲੋਂ ਇਨ੍ਹਾਂ ਔਰਤਾਂ ਦੇ ਰਾਤ ਠਹਿਰਨ ਦੇ ਇੰਤਜ਼ਾਮ ਮੁਕੰਮਲ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਮੌਕੇ ਪਕੌੜਾ ਚੌਕ ਦਿੱਲੀ ਵਿਖੇ ਕੀਤੀ ਜਾ ਰਹੀ ਲਾਮਿਸਾਲ ਔਰਤ ਰੈਲੀ ਦਾ ਮਕਸਦ ਕਿਸਾਨ ਘੋਲ਼ ਨੂੰ ਹੋਰ ਉੱਚੀਆਂ ਬੁਲੰਦੀਆਂ ‘ਤੇ ਪਹੁੰਚਾਉਣਾ ਹੋਵੇਗਾ। ਇਹਦੇ ਨਾਲ ਹੀ ਔਰਤਾਂ ਨਾਲ ਹੁੰਦੇ ਸਮਾਜਿਕ ਵਿਤਕਰਿਆਂ ਤੇ ਮਰਦਾਵੇਂ-ਜਗੀਰੂ ਦਾਬੇ ਤੋਂ ਮੁਕਤੀ ਨਾਲ ਜੁੜੇ ਹੋਏ ਇਸ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਵੀ ਹਰ ਪੱਖੋਂ ਜਾਗ੍ਰਿਤ ਕੀਤਾ ਜਾਵੇਗਾ। ਔਰਤ-ਮੁਕਤੀ ਦੀ ਇਸ ਲਹਿਰ ਦਾ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਆਰਥਿਕ-ਲੁੱਟ ਦੇ ਸਦੀਵੀ ਖਾਤਮੇ ਦੀ ਸੰਗਰਾਮੀ ਲਹਿਰ ਨਾਲ ਅਨਿੱਖੜਵਾਂ ਸੰਬੰਧ ਵੀ ਦਰਸਾਇਆ ਜਾਵੇਗਾ। ਮੌਜੂਦਾ ਕਿਸਾਨ ਘੋਲ਼ ਵਿੱਚ ਹੁਣ ਤੱਕ ਔਰਤਾਂ ਦੇ ਉੱਭਰਵੇਂ ਸੰਗਰਾਮੀ ਰੋਲ ਦੀ ਜੈ ਜੈ ਕਾਰ ਕਰਦਿਆਂ ਘੋਲ਼ ਦੀ ਮੁਕੰਮਲ ਜਿੱਤ ਤੱਕ ਜੂਝਣ ਦਾ ਅਹਿਦ ਕੀਤਾ ਜਾਵੇਗਾ। ਇਸ ਜਿੱਤ ਨਾਲ ਪੂਰੀ ਕਿਰਤੀ ਜਮਾਤ ਦੀ ਆਰਥਿਕ-ਮੁਕਤੀ ਦੀ ਲਹਿਰ ਅਤੇ ਔਰਤ-ਮੁਕਤੀ ਦੀ ਲਹਿਰ ਦਾ ਰਾਹ ਖੁੱਲ੍ਹਣ ਦੀ ਅਹਿਮ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮੌਜੂਦਾ ਘੋਲ਼ ਦੀਆਂ ਮੁੱਖ ਮੰਗਾਂ ਉੱਤੇ ਜੋਰ ਕੇਂਦਰਤ ਕੀਤਾ ਜਾਵੇਗਾ ਕਿ ਤਿੰਨੇ ਕਾਲੇ ਖੇਤੀ ਕਾਨੂੰਨ,ਬਿਜਲੀ ਬਿੱਲ ਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ। ਸਵਾਮੀਨਾਥਨ ਫਾਰਮੂਲੇ ਸੀ-2 ਅਨੁਸਾਰ ਸਾਰੀਆਂ ਫਸਲਾਂ ਦੇ ਐਮ ਐਸ ਪੀ ਮਿਥ ਕੇ ਪੂਰੇ ਦੇਸ਼ ‘ਚ ਹਰ ਫਸਲ ਦੀ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇ। ਲਾਲ ਕਿਲ੍ਹੇ ਦੀ ਸਰਕਾਰੀ ਸਾਜਸ਼ ਮੌਕੇ ਪੁਲਸੀ ਹਮਲੇ ‘ਚ ਸ਼ਹੀਦ ਹੋਏ ਨਵਰੀਤ ਸਿੰਘ ਅਤੇ ਘੋਲ਼ ਦੌਰਾਨ ਹੁਣ ਤੱਕ ਸ਼ਹੀਦ ਹੋਏ 250 ਤੋਂ ਵੱਧ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਸੈਂਕੜੇ ਕਿਸਾਨਾਂ ਅਤੇ ਕਿਸਾਨ ਆਗੂਆਂ ਸਮੇਤ ਇਸ ਸ਼ਾਂਤਮਈ ਘੋਲ਼ ਦੇ ਹਮਾਇਤੀ ਜਥੇਬੰਦਕ ਕਾਰਕੁੰਨਾਂ ਤੇ ਬੁੱਧੀਜੀਵੀਆਂ ਸਿਰ ਮੜ੍ਹੇ ਦੇਸ਼ਧ੍ਰੋਹੀ ਦੇ ਝੂਠੇ ਪਰਚੇ ਰੱਦ ਕਰਕੇ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਕਾਰਪੋਰੇਟ ਸਾਮਰਾਜੀ ਘਰਾਣਿਆਂ ਦੇ ਵਾਰੇ ਨਿਆਰੇ ਕਰਨ ਲਈ ਇਹ ਕਾਲੇ ਖੇਤੀ ਕਾਨੂੰਨ ਮੋਦੀ ਹਕੂਮਤ ਨੇ ਬਣਾਏ ਹਨ ਉਹਨਾਂ ਦੇ ਕਾਰੋਬਾਰਾਂ ਅਤੇ ਹਕੂਮਤੀ ਆਗੂਆਂ ਵਿਰੁੱਧ ਪੱਕੇ ਮੋਰਚੇ ਵੀ ਬਾਦਸਤੂਰ ਜਾਰੀ ਹਨ। ਭਲਕੇ ਇਹ ਮੋਰਚੇ ਵੀ ਔਰਤ ਦਿਵਸ ਨੂੰ ਸਮਰਪਿਤ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!