
ਜੱਗ ਤੋ ਕੱਢਣਾ ਚਾਹਵੇ ਜੱਗ ਦੀ ਜਣਨੀ ਨੂੰ ,
ਗ਼ੈਰਤ ਵਾਲਾ ਖਾਨਾ ਤੇਰਾ ਖਾਲ਼ੀ ਆ ,
ਉਹੀ ਬੂਟੇ ਪੁੱਟਤੇ ਤੂੰ, ਬਣ ਨਾਸ਼ੁਕਰਾ,
ਜਿਹੜੇ ਤੈਨੂੰ ਮੰਨਦੇ ਰਹੇ , ਤੂੰ ਮਾਲੀ ਆ।
ਜਿੱਥੋਂ ਮੋਹ ਮੁਹੱਬਤਾਂ,ਮਿਲਿਆ ਸੀਰ ਤੈਨੂੰ ,
ਅੱਖਾਂ ਦੇ ਨਾਲ ਤੋਲੇਂ, ਉਹਨਾਂ ਅੰਗਾਂ ਨੂੰ,
ਪਾਕ ਪਵਿੱਤਰ ਰੂਹ ਐ,ਐਪਰ ਚੰਡੀ ਵੀ,
ਡਰ ਕੇ ਰਹਿ ਉਏ, ਸਮਝ ਖੁਦਾ ਦੇ ਰੰਗਾਂ ਨੂੰ ।
ਤੇਰੇ ਲਈ ਹਰ ਵਕਤ,ਨਿਸ਼ਾਵਰ ਜਿੰਦ ਉਸਦੀ,
ਓੇਏ ਕੌਣ ਉਹਦੇ ਬਿਨ, ਜੱਗ ਤੇ ਤੇਰਾ ਵਾਲੀ ਆ,
ਉਹੀ ਬੂਟੇ ਪੁੱਟਤੇ ਤੂੰ, ਬਣ ਨਾਸ਼ੁਕਰਾ,
ਜਿਹੜੇ ਤੈਨੂੰ ਮੰਨਦੇ ਸੀ, ਤੂੰ ਮਾਲੀ ਆ।
ਸਭ ਲਈ ਅੱਡ ਅੱਡ ਰੂਪ ਨਿਭਾਵੇ,ਹੱਸ ਹੱਸ ਕੇ ,
ਬਣ ਅਦਬਾਂ ਦੀ ਮੂਰਤ , ਨਿਭਦੀ ਨੱਸ ਨੱਸ ਕੇ ,
ਰੱਬ ਨੂੰ ਲਭਦੈਂ ਪੱਥਰਾਂ ਮਿੱਟੀਆਂ, ਖੁੰਦਰਾਂ ਚੋਂ,
“ਹੈਪੀ” ਦਾ ਉਹ ਰੱਬ, ਤੇ ਆਪ ਸਵਾਲੀ ਆ,
ਜੱਗ ਤੋ ਕੱਢਣਾ ਚਾਹਵੇ ਜੱਗ ਦੀ ਜਣਨੀ ਨੂੰ ,
ਗ਼ੈਰਤ ਵਾਲਾ ਖਾਨਾ ਤੇਰਾ ਖਾਲ਼ੀ ਆ,
ਉਹੀ ਬੂਟੇ ਪੁੱਟਤੇ ਤੂੰ, ਬਣ ਨਾਸ਼ੁਕਰਾ,
ਜਿਹੜੇ ਤੈਨੂੰ ਮੰਨਦੇ ਸੀ, ਤੂੰ ਮਾਲੀ ਆ ।
✍?”ਹੈਪੀ ਚੌਧਰੀ” ( ਟੋਰਾਂਟੋ ਕਨੇਡਾ )