
ਬੱਸਾਂ ਦੇ ਕਾਫਲੇ ਭਲਕੇ ਕਰਨਗੇ ਕੂਚ
ਚੰਡੀਗੜ੍ਹ 6 ਮਾਰਚ (ਪੰਜ ਦਰਿਆ ਬਿਊਰੋ) ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਟਿਕਰੀ ਬਾਰਡਰ ‘ਤੇ ਮਨਾਏ ਜਾ ਰਹੇ ਕੌਮਾਂਤਰੀ ਮਹਿਲਾ ਦਿਵਸ ਦੀਆਂ ਤਿਆਰੀਆਂ ਪੰਜਾਬ ਭਰ ‘ਚ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪਿੰਡ/ਇਲਾਕਾ ਪੱਧਰੇ ਚੇਤਨਾ ਮਾਰਚਾਂ ਤੇ ਟ੍ਰੈਕਟਰ ਮਾਰਚਾਂ ਰਾਹੀਂ ਕੀਤੀਆਂ ਵਿਸ਼ਾਲ ਲਾਮਬੰਦੀਆਂ ਆਸਰੇ ਭਲਕੇ ਲਗਭਗ 500ਵੱਡੀਆਂਬੱਸਾਂ,600 ਮਿੰਨੀ ਬੱਸਾਂ,115 ਟਰੱਕ/ਕੈਂਟਰ ਅਤੇ 200 ਹੋਰ ਛੋਟੇ ਵਹੀਕਲਾਂ ਵਿੱਚ 40000 ਤੋਂ ਵੱਧ ਔਰਤਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਇੱਥੇ ਡਟੇ ਹੋਏ ਹਜ਼ਾਰਾਂ ਵਲੰਟੀਅਰਾਂ ਵੱਲੋਂ ਇਨ੍ਹਾਂ ਔਰਤਾਂ ਦੇ ਰਾਤ ਠਹਿਰਨ ਦੇ ਇੰਤਜ਼ਾਮ ਮੁਕੰਮਲ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। 8 ਮਾਰਚ ਨੂੰ ਪਕੌੜਾ ਚੌਕ ਦਿੱਲੀ ਵਿਖੇ ਇਸ ਵਿਸ਼ਾਲ ਇਕੱਠ ਦੀ ਸਟੇਜ ਔਰਤਾਂ ਦੇ ਹੱਥ ਹੋਵੇਗੀ। ਮੁੱਖ ਬੁਲਾਰੇ ਵੀ ਓਹੀ ਹੋਣਗੀਆਂ ਜਿਨ੍ਹਾਂ ਵੱਲੋਂ ਔਰਤਾਂ ਨਾਲ ਹੁੰਦੇ ਸਮਾਜਿਕ ਵਿਤਕਰਿਆਂ ਤੇ ਮਰਦਾਵੇਂ-ਜਗੀਰੂ ਦਾਬੇ ਤੋਂ ਮੁਕਤੀ ਨਾਲ ਜੁੜੇ ਹੋਏ ਇਸ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਗ੍ਰਿਤ ਕੀਤਾ ਜਾਵੇਗਾ। ਅਜਿਹੀ ਔਰਤ-ਮੁਕਤੀ ਲਹਿਰ ਦਾ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਆਰਥਿਕ-ਲੁੱਟ ਦੇ ਸਦੀਵੀ ਖਾਤਮੇ ਦੀ ਲਹਿਰ ਨਾਲ ਅਨਿੱਖੜਵਾਂ ਸੰਬੰਧ ਵੀ ਦਰਸਾਇਆ ਜਾਵੇਗਾ। ਮੌਜੂਦਾ ਕਿਸਾਨ ਘੋਲ਼ ਵਿੱਚ ਹੁਣ ਤੱਕ ਔਰਤਾਂ ਦੇ ਉੱਭਰਵੇਂ ਸੰਗਰਾਮੀ ਰੋਲ ਦੀ ਜੈ ਜੈ ਕਾਰ ਕਰਦਿਆਂ ਘੋਲ਼ ਦੀ ਮੁਕੰਮਲ ਜਿੱਤ ਨਾਲ ਪੂਰੀ ਕਿਰਤੀ ਜਮਾਤ ਦੀ ਆਰਥਿਕ-ਮੁਕਤੀ ਦੀ ਲਹਿਰ ਅਤੇ ਔਰਤ-ਮੁਕਤੀ ਦੀ ਲਹਿਰ ਦਾ ਰਾਹ ਖੁੱਲ੍ਹਣ ਦਾ ਬੋਧ ਵੀ ਕਰਵਾਇਆ ਜਾਵੇਗਾ। ਸਮਾਗਮ ਦਾ ਕੇਂਦਰੀ ਨੁਕਤਾ ਮੌਜੂਦਾ ਘੋਲ਼ ਦੀਆਂ ਮੁੱਖ ਮੰਗਾਂ ਹੋਣਗੀਆਂ ਕਿ ਤਿੰਨੇ ਕਾਲੇ ਖੇਤੀ ਕਾਨੂੰਨ,ਬਿਜਲੀ ਬਿੱਲ ਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ। ਸਾਰੀਆਂ ਫਸਲਾਂ ਦੇ ਲਾਹੇਵੰਦ ਐਮ ਐਸ ਪੀ ਸਵਾਮੀਨਾਥਨ ਫਾਰਮੂਲੇ ਸੀ-2 ਅਨੁਸਾਰ ਮਿਥ ਕੇ ਸਾਰੇ ਦੇਸ਼ ‘ਚ ਪੂਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇ। ਲਾਲ ਕਿਲ੍ਹੇ ਦੀ ਸਰਕਾਰੀ ਸਾਜਸ਼ ਮੌਕੇ ਪੁਲਸੀ ਹਮਲੇ ‘ਚ ਸ਼ਹੀਦ ਹੋਏ ਨਵਰੀਤ ਸਿੰਘ ਅਤੇ ਘੋਲ਼ ਦੌਰਾਨ ਹੁਣ ਤੱਕ ਸ਼ਹੀਦ ਹੋਏ 250 ਤੋਂ ਵੱਧ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਸੈਂਕੜੇ ਕਿਸਾਨਾਂ ਅਤੇ ਕਿਸਾਨ ਆਗੂਆਂ ਸਮੇਤ ਇਸ ਸ਼ਾਂਤਮਈ ਘੋਲ਼ ਦੇ ਹਮਾਇਤੀ ਜਥੇਬੰਦਕ ਕਾਰਕੁੰਨਾਂ ਤੇ ਬੁੱਧੀਜੀਵੀਆਂ ਸਿਰ ਮੜ੍ਹੇ ਦੇਸ਼ਧ੍ਰੋਹੀ ਵਰਗੇ ਝੂਠੇ ਪਰਚੇ ਰੱਦ ਕਰਕੇ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਹ ਭਖਦੀਆਂ ਕਿਸਾਨ ਮਜ਼ਦੂਰ ਮੰਗਾਂ ਤੁਰੰਤ ਮੰਨੇ ਜਾਣ ਉੱਤੇ ਜੋਰ ਦਿੱਤਾ ਜਾਵੇਗਾ।