6.8 C
United Kingdom
Monday, April 21, 2025

More

    ਟੈਲੀਵਿਜਨ ਦੀਆਂ ਟਿਊਬਾਂ ਨੂੰ ਕਰੋਨਾ ਲਈ ਕਾਰਗਰ ਦੱਸਕੇ ਲੁੱਟਣ ਵਾਲਾ ਗਿਰੋਹ ਕਾਬੂ

    ਅਸ਼ੋਕ ਵਰਮਾ
    ਬਠਿੰਡਾ,27 ਫਰਵਰੀ2021: ਬਠਿੰਡਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਰੇਡੀਓ ਜਾਂ ਟੈਲੀਵਿਯਨ ਵਿਚਲੀਆਂ ਕੱਚ ਦੀਆਂ ਟਿਊਬਾਂ ਚੋਂ ਨਿਕਲਣ ਵਾਲੇ ਰੈਡ ਮਰਕਰੀ ਨੂੰ ਕਰੋਨਾ ਦੇ ਇਲਾਜ ਲਈ ਕੰਮ ਆਉਣ ਦਾ ਦਾਅਵੇ ਹੇਠ ਠੱਗੀ ਵਜੋਂ ਪੰਜ ਲੱਖ ਰੁਪਿਆ ਲੁੱਟਕੇ ਫਰਾਰ ਹੋ ਗਿਆ ਸੀ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਜਿੰਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧ ’ਚ ਸੁਰਜੀਤ ਸਿੰਘ ਉਰਫ ਭੋਲਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬੀੜ ਬਹਿਮਣ ਅਤੇ ਬਲਰਾਜ ਸਿੰਘ ਉਰਫ ਡਾਕਟਰ ਰਾਣਾ ਪੁੱਤਰ ਕਰਤਾਰ ਸਿੰਘ ਵਾਸੀ ਮੰਡੀ ਕਲਾਂ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਕੋਲੋਂ ਸਾਢੇ ਚਾਰ ਲੱਖ ਰੁਪਿਆ, ਵਾਰਦਾਤ ਲਈ ਵਰਤਿਆ ਮੋਟਰਸਾਈਕਲ ਅਤੇ ਰੈਡ ਮਰਕਰੀ ਟਿਊਬ ਬਰਾਮਦ ਕੀਤੀ ਹੈ।
                           ਉਨ੍ਹਾਂ ਦੱਸਿਆ ਕਿ  ਸੋਸ਼ਲ ਮੀਡੀਆ ਤੇ ‘ਰੈਡ ਮਰਕਰੀ’ ਦੀ ਵਿੱਕਰੀ ਦੇ ਨਾਮ ਹੇਠ ਠੱਗਣ ਦੇ ਢੰਗ ਤਰੀਕੇ ਮੌਜੂਦ ਹਨ। ਸੋਸ਼ਲ ਮੀਡੀਆ ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਪੁਰਾਣੇ ਰੇਡੀਓ ਜਾਂ ਟੀਵੀ ਦੇ ਸਰਕਟ ’ਚ ਕੱਚ ਦੀਆਂ ਛੋਟੀਆਂ ਛੋਟੀਆਂ ਟਿਊਬਾਂ ’ਚ ਰੈਡ ਮਰਕਰੀ ਨਾਂ ਦੀ ਧਾਤੂ ਹੁੰਦੀ ਹੈ ਜਿਸ ਨਾਲ ਕਰੋਨਾ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਹੋਰ ਵੀ ਫਾਇਦੇ ਹਨ। ‘ਰੈਡ ਮਰਕਰੀ’ ਦੀ ਜਰਮਨ ’ਚ ਬਹੁਤ ਮੰਗ ਹੈ ਅਤੇ ਜਰਮਨੀ ਦੀਆਂ ਕੰਪਨੀਆਂ ਇਸ ਦੀ ਖਰੀਦ ਮੌਕੇ ਕਾਫੀ ਪੈਸਾ ਦਿੰਦੀਆਂ ਹਨ। ਐਸ ਐਸ ਪੀ ਨੇ ਦੱਸਿਆ ਕਿ ਇਹ ਅਫਵਾਹ ਫੈਲਣ ਕਰਕੇ ਭੋਲੇ ਭਾਲੇ ਲੋਕ ਇੰਨ੍ਹਾਂ ਟਿਊਬਾਂ ਨੂੰ ਮਹਿੰਗੇ ਭਾਅ ਖਰੀਦ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੇ ਗਿਰੋਹ ਪੂਰੇ ਦੇਸ਼ ’ਚ ਫੈਲੇ ਹੋਏ ਹਨ।
                              ਐਸ ਐਸਪੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਜਾਣਕਾਰੀ ਹਾਸਲ ਕਰਕੇ ਸੁਰਜੀਤ ਸਿੰਘ ਉਰਫ ਭੋਲਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬੀੜ ਬਹਿਮਣ ਨੇ  ਲੋਕਾਂ ਨੂੰ ਠੱਗਣ ਲਈ ਵਿਉਂਤਬੰਦੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਸਨੇ ਇੱਕ ਪੁਰਾਣੇ ਟੀਵੀ ਦੀ ਟਿਊਬ ਨੂੰ ਲਾਲ ਰੰਗ ਕਰਕੇ ਉਸ ’ਚ ਖੰਘ ਦੀ ਦਵਾਈ ਪਾਉਣ ਮਗਰੋਂ ਐਲਫੀ ਨਾਲ ਬੰਦ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਰੈਡ ਮਰਕਰੀ ਹੋਣ ਸਬੰਧੀ ਅਫਵਾਹ ਫੈਲਾ ਦਿੱਤੀ ਕਿ ਉਹ ਉਸ ਨੂੰ ਥੋਹੜੇ ਪੈਸਿਆਂ ’ਚ ਵੇਚਣਾ ਚਾਹੁੰਦਾ ਹੈ। ਉਸ ਨੇ  ਇਸ ਬਾਰੇ ਹੋਰ ਲੋਕਾਂ ਨੂੰ ਵੀ ਦੱਸਿਆ ਅਤੇ  ਗਾਹਕ ਲਿਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉਸ ਨੇ ਬਲਰਾਜ ਸਿੰਘ ਉਰਫ ਡਾਕਟਰ ਰਾਣਾ ਪੁੱਤਰ ਕਰਤਾਰ ਸਿੰਘ ਵਾਸੀ ਮੰਡੀ ਕਲਾਂ ਨਾਲ ਸੰਪਰਕ ਬਣਾ ਲਿਆ ।
                      ਉਨ੍ਹਾਂ ਦੱਸਿਆ ਕਿ ਬਲਰਾਜ ਸਿੰਘ ਨੇ ਟਿਊਬ ਖਰੀਦਣ ਲਈ ਸਵਰਾਜ ਸਿੰਘ ਪੁੱਤਰ ਗੁਲਾਬ ਸਿੰਘ ਭਾਗੂ ਨੂੰ ਤਿੰਨ ਗੁਣਾ ਪੈਸਿਆਂ ਦਾ ਝਾਂਸਾ ਦੇਕੇ ਗਾਹਕ ਬਨਾਉਣ ’ਚ ਸਫਲਤਾ ਹਾਸਲ ਕਰ ਲਈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੋਵਾਂ ਨੇ ਪੰਜ ਲੱਖ ’ਚ ਟਿਊਬ ਖਰੀਦਣ ਲਈ ਸਵਾਰਜ ਸਿੰਘ ਨੂੰ ਬਠਿੰਡਾ ਦੇ ਰੋਜ਼ ਗਾਰਡਨ ’ਚ ਸੱਦ ਲਿਆ। ਉਨ੍ਹਾਂ ਦੱਸਿਆ ਕਿ ਰੈਡ ਮਰਕਰੀ ਟਿਊਬ ਕਿਸੇ ਕੋਲ ਹੋਣ ਦੇ ਬਹਾਨੇ ਗਰੀਨ ਸਿਟੀ ਵੱਲ ਲੈ ਆਏ ਜਿੱਥੇ ਉਹ ਪੈਸੇ ਲੈਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਆਪਣੇ ਨਾਂਲ ਹੋਈ ਠੱਗੀ ਸਬੰਧੀ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਦੇ ਅਧਾਰ ਤੇ ਥਾਣਾ ਕੈਂਟ ਪੁਲਿਸ ਨੇ ਧਾਰਾ 420 ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।
                              ਉਨ੍ਹਾਂ ਦੱਸਿਆ ਕਿ ਮੁਦਈ ਸਵਰਾਜ ਸਿੰਘ ਵੱਲੋਂ ਮੋਟਰਸਾਈਕਲ ਸਵਾਰ ਦੇ ਹੁਲੀਏ ਬਾਰੇ ਜਾਣਕਾਰੀ ਦੇਣ ਉਪਰੰਤ ਮੋਟਰਸਾਈਕਲ ਦੀ ਸ਼ਿਨਾਖਤ ਕਰ ਲਈ । ਉਨ੍ਹਾਂ ਦੱਸਿਆ ਕਿ ਮਾਲਕ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਸੁਰਜੀਤ ਸਿੰਘ ਵਾਸੀ ਬੀੜ ਬਹਿਮਣ ਲੈ ਗਿਆ ਸੀ ਜਿਸ ਨੂੰ ਕਾਬੂ ਕਰਕੇ ਖੋਹੇ ਪੰਜ ਲੱਖ ਵਿੱਚੋਂ ਢਾਈ ਲੱਖ ਬਰਾਮਦ ਕਰ ਲਿਆ। ਇਸੇ ਤਰਾਂ ਹੀ ਬਲਰਾਜ ਸਿੰਘ ਨੂੰ ਗ੍ਰਿਫਤਾਰ ਕਰਕੇ ਦੋ ਲੱਖ ਰੁਪਿਆ ਬਰਾਮਦ ਕਰਨ ’ਚ ਸਫਲਤਾ ਹਾਸਲ ਕਰ ਲਈ। ਐਸ ਐਸ ਪੀ ਨੇ ਇਸ ਠੱਗ ਗਿਰੋਹ ਫੜਨ ਨੂੰ ਪੁਲਿਸ ਦੀ ਵੱਡੀ ਸਫਲਤਾ ਦੱਸਿਆ ਅਤੇ ਇਸ ਲਈ ਪੁਲਿਸ ਅਧਿਕਾਰੀਆਂ ਦੀ ਪਿੱਠ ਥਾਪੜੀ। ਉਨ੍ਹਾਂ ਆਖਿਆ ਕਿ ਮੁਲਜਮਾਂ ਦੇ ਕਾਬੂ ’ਚ ਆਉਣ  ਕਾਰਨ ਹੋਰ ਵੀ ਲੋਕ ਠੱਗੀ ਤੋਂ ਬਚ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!