
ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਪੰਜਾਬੀ ਸੰਗੀਤ ਦੀ ਫੁਲਵਾੜੀ ਦਾ ਉਹ ਗੁਲਾਬ ਜੋ ਆਪਣੀ ਆਵਾਜ਼ ਰਾਂਹੀ ਹਮੇਸ਼ਾਂ ਆਪਣੇ ਚਾਹੁੰਣ ਵਾਲਿਆਂ ਦੇ ਦਿਲਾਂ ਚ ਖਿੜਿਆ ਰਹੇਗਾ ਜਨਾਬ ਸਰਦੂਲ ਸਿਕੰਦਰ ਸਾਹਿਬ ਦਾ ਸਭ ਨੂੰ ਅਲਵਿਦਾ ਆਖ ਜਾਣਾ ਇੰਝ ਲਗਦਾ ਕਿ ਜਿਵੇਂ ਝੂਠ ਜਿਹਾ ਹੋਵੇ। ਮਰਨਾ ਸੱਚ ਹੈ ਤੇ ਇੱਕ ਦਿਨ ਸਭ ਨੇ ਤੁਰ ਜਾਣਾ। ਭਾਈ ਮਰਦਾਨਾ ਜੀ ਦੀ ਕੁਲ ਚੋਂ ਮੀਰ ਆਲਮ ਜੀ ਦੇ ਘਰਾਣੇ ਨਾਲ ਸੰਬੰਧਿਤ ਸੰਗੀਤਕ ਪਰਿਵਾਰ ਪਿਤਾ ਸਾਗਰ ਮਸਤਾਨਾ ਜੀ ਅਤੇ ਸਰਦੂਲ ਜੀ ਦੇ ਦੋਵੇਂ ਭਰਾ ਵੀ ਸੰਗੀਤ ਨੂੰ ਸਮਰਪਿਤ ਸਨ। ਰੋਡਵੇਜ ਦੀ ਲਾਰੀ, ਗੁੱਡੀਆਂ ਪਟੋਲੇ, ਤਿੱਤਲੀ, ਠੋਕਰਾਂ, ਤੇਰੇ ਕੋਲੋਂ ਯਾਰਾ ਇਹੋ ਜਿਹੀ ਉਮੀਦ ਨਹੀਂ ਸੀ, ਚਰਖਾ ਗਲੀ ਦੇ ਵਿੱਚ ਡਾਹ ਲਿਆ, ਭੁੱਲਦੀ ਨਾ ਦਿਲ ਵਿੱਚੋਂ ਤੇਰੀ ਯਾਦ ਪਿੰਡ ਮੇਰਿਆ, ਜਿਹੇ ਅਨੇਕਾਂ ਗੀਤ ਜੋ ਰਹਿੰਦੀ ਦੁਨੀਆਂ ਤੱਕ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨਗੇ। ਹਰ ਦਿਲ ਅਜੀਜ਼ ਸਰਦੂਲ ਜੀ ਸੁਰਾਂ ਦੇ ਬਾਦਸ਼ਾਹ ਹੋਣ ਦੇ ਨਾਲ ਇੱਕ ਬਹੁਤ ਹੀ ਵਧੀਆ ਇਨਸਾਨ ਸਨ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ। ਗਾਇਕਾ ਤੇ ਅਦਾਕਾਰਾ ਧਰਮ ਪਤਨੀ ਅਮਰ ਨੂਰੀ ਦੀ ਜਿੰਦਗੀ ਚ ਰੰਗ ਭਰਨ ਵਾਲੇ ਸਰਦੂਲ ਸਿਕੰਦਰ ਦਾ ਵਿਛੋੜਾ ਸੰਗੀਤ ਜਗਤ ਲਈ ਤਾਂ ਵੱਡਾ ਘਾਟਾ ਹੈ ਇਸ ਦੇ ਨਾਲ ਹੀ ਪਰਿਵਾਰ ਲਈ ਇਹ ਦੁੱਖ ਸਹਿਣਾ ਬਹੁਤ ਹੀ ਔਖਾ ਹੈ ਜਿਸ ਨੂੰ ਸ਼ਬਦਾਂ ਰਾਂਹੀ ਬਿਆਨ ਨਹੀਂ ਕੀਤਾ ਜਾ ਸਕਦਾ। ਦੋਵੇਂ ਪੁੱਤਰ ਸਾਰੰਗ ਅਤੇ ਅਲਾਪ ਨੇ ਸੰਗੀਤ ਦੀਆਂ ਬਾਰੀਕੀਆਂ ਪਿਤਾ ਸਰਦੂਲ ਜੀ ਤੋਂ ਸਿੱਖੀਆਂ ਅਤੇ ਉਨ੍ਹਾਂ ਦੀ ਤਰ੍ਹਾਂ ਹੀ ਸੰਗੀਤ ਨਾਲ ਜੁੜੇ ਹਨ। ਸਰਦੂਲ ਸਿਕੰਦਰ ਜੀ ਦੇ ਕਿਡਨੀ ਟਰਾਂਸਪਲਾਂਟ ਕਰਾਉਣ ਤੋਂ ਬਾਅਦ ਅੰਤਰਰਾਸ਼ਟਰੀ ਗਾਇਕ ਲੇੰਹਿੰਬਰ ਹੂਸੈਨਪੁਰੀ ਅਤੇ ਪੁਨਰਜੋਤ ਸੰਸਥਾ ਦੇ ਸਾਂਝੇ ਸਹਿਯੋਗ ਨਾਲ ਰਿਕਾਰਡ ਕੀਤੇ ਗੀਤ “ਮਰ ਕੇ ਵੀ ਜਿਉਣਾ ਤਾਂ ਅੰਗ ਦਾਨ ਕਰੋ” ਜੋ ਕਿ ਗੀਤਕਾਰ ਬਿੰਦਰ ਨਵੇਂ ਪਿੰਡੀਆ ਨੇ ਲਿਖਿਆ ਸੀ ਵਿਸ਼ਵ ਪ੍ਰਸਿੱਧ ਗਾਇਕਾਂ ਜਿਨ੍ਹਾਂ ਵਿੱਚ ਇੰਡੀਆ ਅਤੇ ਯੂਕੇ ਦੇ ਕਲਾਕਾਰਾਂ ਨੇ ਸਾਂਝੇ ਤੌਰ ਤੇ ਗਾਇਆ ਸੀ। ਸਰਦੂਲ ਜੀ ਇਸ ਗੀਤ ਦਾ ਹਿੱਸਾ ਸਨ। ਯਾਦਾਂ ਬਣ ਕੇ ਰਹਿ ਗਈਆਂ ਇਹਨਾਂ ਗੱਲਾਂ ਨੂੰ ਸਾਂਝੇ ਕਰਦਿਆਂ ਜਿਥੇ ਗੱਲਬਾਤ ਦੌਰਾਨ ਲੇੰਹਿੰਬਰ ਹੂਸੈਨਪੁਰੀ ਅਤੇ ਗੀਤਕਾਰ ਬਿੰਦਰ ਨਵੇੰ ਪਿੰਡੀਆ ਨੇ ਨਮ ਅੱਖਾਂ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਗੀਤਕਾਰ ਹਰਵਿੰਦਰ ਉਹੜਪੁਰੀ,ਰਾਜਾ ਖੇਲਾ,ਜਿੰਦ ਸਵਾੜਾ, ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਿਵਿੰਦਰ ਸਿੰਘ ਚਾਹਲ ਅਤੇ ਸਮੂਹਿਕ ਮੈਬਰਾਂ ਨੇ ਵੀ ਸਰਦੂਲ ਜੀ ਦੇ ਤੁਰ ਜਾਣ ਦਾ ਦੁਖ ਦਾ ਪ੍ਰਗਟਾਵਾ ਕੀਤਾ। ਪ੍ਰਸਿੱਧ ਗਾਇਕ ਮਨਜੀਤ ਰੂਪਵਾਲੀਆ ਨੇ ਸਰਦੂਲ ਜੀ ਨਾਲ ਅਨੇਕਾਂ ਬੀਤਾਏ ਪਲਾਂ ਦੀਆਂ ਯਾਦਾਂ ਸਾਂਝੇ ਕਰਦੇ ਹੋਏ ਕਿਹਾ ਕਿ ਅਣਮੁੱਲਾ ਹੀਰਾ ਸਰਦੂਲ ਜੀ ਜਿਸ ਦੇ ਨਾਮ ਦਾ ਸੂਰਜ ਹਮੇਸ਼ਾਂ ਚਮਕਦਾ ਰਹੇਗਾ ਨਵੇਂ ਕਲਾਕਾਰਾਂ ਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।