13.4 C
United Kingdom
Saturday, May 3, 2025
More

    ਵਿਦੇਸ਼ਾਂ ’ਚ ਪੁੱਜਾ ਪੰਜਾਬ ਤੋਂ ਸ਼ੁਰੂ ਹੋਇਆ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼- ਪ੍ਰੋ ਜਗਮੋਹਨ ਸਿੰਘ

    ਅਸ਼ੋਕ ਵਰਮਾ

    ਨਵੀਂ ਦਿੱਲੀ,24ਫਰਵਰੀ2021:ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਇਆ   ਸੰਘਰਸ਼ ਮੁਲਕ ਤੋਂ ਅੱਗੇ   ਹੁਣ ਵਿਦੇਸ਼ਾਂ ਵਿਚ ਪਹੁੰਚ ਗਿਆ ਹੈ  । ਜਰਮਨ  ਵਿੱਚ ਰੋਜ਼ ਰਾਤ ਨੂੰ  ਟਰੈਕਟਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ  ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਵੀ ਮੁਜ਼ਾਹਰੇ ਹੋ ਰਹੇ ਹਨ  । ਅੱਜ ਬੀਕੇਯੂ ਉਗਰਾਹਾਂ ਦੀ ਟਿਕਰੀ ਬਾਰਡਰ ਤੇ ਪਕੌੜਾ ਚੌਂਕ ਨੇੜੇ  ਲੱਗੀ ਸਟੇਜ ਤੋਂ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ   ਪ੍ਰੋ ਜਗਮੋਹਨ ਸਿੰਘ (ਸ਼ਹੀਦ ਭਗਤ ਸਿੰਘ ਦੇ ਭਾਣਜੇ  ) ਨੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿੰਨਾ ਚਿਰ ਖੇਤੀ ਵਿੱਚ ਅਜ਼ਾਰੇਦਾਰੀ ਖ਼ਤਮ ਨਹੀਂ ਹੁੰਦੀ ਓਨਾ ਚਿਰ ਖੇਤੀ ਲਾਹੇਵੰਦਾ ਧੰਦਾ ਨਹੀਂ ਬਣ ਸਕਦਾ  । ਉਨ੍ਹਾਂ ਕਿਹਾ ਕਿ  ਕੇਂਦਰ ਦੀ ਮੋਦੀ ਸਰਕਾਰ ਵੱਲੋਂ   ਕਰੋਨਾ ਦੀ ਆੜ ਹੇਠ ਲਿਆਂਦੇ ਨਵੇਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ  ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਨੂੰ  ਫੇਲ੍ਹ ਕਰਨ ਲਈ ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ ਹਨ  

                         ਉਨ੍ਹਾਂ ਕਿਹਾ ਕਿ  ਇਹ ਨਾਕਾਮ ਰਹਿਣ ਤੇ ਸਰਕਾਰ ਵੱਲੋਂ ਹੁਣ ਫੇਰ ਕੋਰੋਨਾ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ  ਪਰ ਕਾਨੂੰਨਾ ਖ਼ਿਲਾਫ਼ ਦੇਸ਼ ਦੇ ਲੋਕਾਂ ਦਾ ਆ ਰਿਹਾ ਹੜ੍ਹ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਹੂੰਝ ਕੇ ਲੈ ਜਾਵੇਗਾ ਅਤੇ ਹਰ ਹਾਲਤ ਖੇਤੀ ਕਾਨੂੰਨ ਰੱਦ ਕਰਵਾ ਕੇ ਰਹੇਗਾ ।  ਉਨ੍ਹਾਂ    ਚਾਚਾ ਅਜੀਤ ਸਿੰਘ ਦੀ ਸੰਘਰਸ਼ੀ  ਜੀਵਨੀ ਤੇ ਝਾਤ ਪਾਉਂਦਿਆਂ ਕਿਹਾ ਕਿ  ਉਨ੍ਹਾਂ ਨੇ 1906 ਵਿਚ ਅੰਗਰੇਜ਼ਾਂ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼  ਸੰਘਰਸ਼ ਕਰ ਕੇ ਕਾਨੂੰਨ ਰੱਦ ਕਰਵਾਏ ਸਨ । ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਦਾ ਸਮਾਂ ਵਿਦੇਸ਼ਾਂ ਵਿੱਚ ਬੈਠੇ ਬਗਾਵਤ ਕਰ ਰਹੇ ਭਾਰਤੀਆਂ ਦਾ ਮਿਲ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੀ ਲੰਘਿਆ  ।

                  ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ   ਨੇ ਦਿੱਲੀ ਬਾਰਡਰਾਂ ਤੇ ਬੈਠੇ ਸੰਘਰਸ਼ੀ   ਕਿਸਾਨਾਂ ਦੇ ਇਕੱਠ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ  ਤੋਮਰ ਵੱਲੋਂ ਭੀੜ ਸ਼ਬਦ  ਬੋਲਣ ਤੇ ਕਿਹਾ ਕਿ ਇਹ ਸੂਝਵਾਨ   ਜਥੇਬੰਦਕ  ਲੋਕਾਂ ਦਾ ਇਕੱਠ ਹੈ  ਜੋ ਪਹਿਲਾਂ ਪੰਜਾਬ ਵਿੱਚ ਅਤੇ ਤਿੰਨ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਸ਼ਾਂਤਮਈ ਅੰਦੋਲਨ ਕਰ ਰਹੇ ਹਨ  ।ਉਨ੍ਹਾਂ ਕਿਹਾ ਕਿ ਜੇ ਭੀੜ ਹੁੰਦੀ ਤਾਂ ਪੁਲੀਸ ਵੱਲੋਂ ਅੰਦੋਲਨਕਾਰੀਆਂ ਨੂੰ ਤਿੱਤਰ ਬਿੱਤਰ ਕਰਨ ਵਾਲੇ ਲਾਏ ਨੋਟਿਸ   ਬੋਰਡ ਉਖਾੜ ਦੇਣੇ ਸਨ ਜਾਂ ਇਹਨਾਂ ਦੇ ਡਰ ਕਾਰਨ ਸਹਿਮ ਪੈਦਾ ਹੋਣਾ ਸੀ ਜਿਨ੍ਹਾਂ ਨੂੰ ਲੱਗੇ ਹੋਣ ਤੋਂ ਹੁਣ ਪੁਲੀਸ ਮੁੱਕਰ ਰਹੀ ਹੈ ਕਿ ਇਹ ਪੁਲਸ ਨੇ ਨਹੀਂ ਲਾਏ ਕਿਉਂ ਕਿ ਇਹਨਾਂ ਦਾ ਸੰਘਰਸ਼ਮਈ ਕਿਸਾਨਾਂ ਉਪਰ ਕੋਈ ਅਸਰ ਨਹੀਂ ਹੋਇਆ।

           ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ  ਭਾਰਤ ਪਹਿਲਾਂ ਵੀ ਮੁਗਲ ਅਤੇ ਅੰਗਰੇਜ਼ ਸਾਮਰਾਜ ਦੀ ਲੁੱਟ ਦਾ ਸ਼ਿਕਾਰ ਰਿਹਾ ਹੈ  ਪਰ ਉਨ੍ਹਾਂ ਨੇ ਭਾਰਤ ਦੇ ਪੈਦਾਵਾਰੀ ਸਾਧਨਾਂ ਤੇ ਕਬਜ਼ੇ ਨਹੀਂ ਕੀਤੇ  । ਹੁਣ ਸਾਡੇ ਦੇਸ਼ ਦੇ ਚੁਣੇ ਹੋਏ ਹਾਕਮ ਹੀ ਦੋਸ਼ੀ ਵਿਦੇਸ਼ੀ   ਕਾਰਪੋਰੇਟ ਘਰਾਣਿਆਂ ਨੂੰ ਭਾਰਤ ਦੇ ਪੈਦਾਵਾਰੀ ਸੋਮਿਆਂ ਤੇ ਸਿੱਧੇ ਕਬਜ਼ੇ ਕਰਵਾ ਰਹੇ ਹਨ  ਉਨ੍ਹਾਂ ਕਿਹਾ ਕਿ ਇਨ੍ਹਾਂ ਸਾਮਰਾਜੀਆਂ   ਖ਼ਿਲਾਫ਼ ਜੰਗ ਜਾਰੀ ਰਹੇਗੀ।ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ  , ਸੁਦਾਗਰ ਸਿੰਘ ਘੁਡਾਣੀ ( ਲੁਧਿਆਣਾ ) ,ਕੁਲਵਿੰਦਰ ਕੌਰ ਕਾਲੇਕੇ  ਅਤੇ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਵੀ ਸੰਬੋਧਨ ਕੀਤਾ  ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    19:33