6.9 C
United Kingdom
Saturday, March 7, 2026

More

    ਕਿਸਾਨ ਮਜਦੂਰ ਏਕਤਾ ਮਹਾਂ-ਰੈਲੀ ਨੇ ਰਚਿਆ ਬਰਨਾਲਾ ਦੀ ਧਰਤੀ ‘ਤੇ ਇਤਿਹਾਸ

    ਅਸ਼ੋਕ ਵਰਮਾ
    ਬਰਨਾਲਾ,21ਫਰਵਰੀ2021:ਕਾਲੇ ਖੇਤੀ ਕਾਨੂੰਨਾਂ ਰਾਹੀਂ ਭਾਰਤੀ ਖੇਤੀ ਉੱਪਰ ਬੋਲੇ ਗਏ ਕਾਰਪੋਰੇਟ ਹਮਲੇ ਖਿਲਾਫ ਲੜੇ ਜਾ ਰਹੇ ਕਿਸਾਨ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਬੀ ਕੇ ਯੂ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ ਕੀਤੀ ’ਕਿਸਾਨ ਮਜ਼ਦੂਰ ਏਕਤਾ ਮਹਾਂ-ਰੈਲੀ’ ’ਚ ਉਮੜੇ ਕਿਸਾਨਾਂ ,ਖੇਤ ਮਜਦੂਰਾਂ ਅਤੇ ਵੱਖ ਵੱਖ ਵਰਗਾਂ ਦੇ ਵਿਸ਼ਾਲ ਜਨ ਸੈਲਾਬ ਨੇ ਇਤਿਹਾਸ ਰਚ ਦਿੱਤਾ ਹੈ। ਅੱਜ ਦੇ ਇਕੱਠ ‘ਚ 27 ਫਰਵਰੀ ਨੂੰ ਦਿੱਲੀ ਮੋਰਚੇ ‘ਚ ਵਿਸ਼ਾਲ ਗਿਣਤੀ ‘ਚ ਪੁੱਜਣ ਤੇ 8 ਮਾਰਚ ਨੂੰ ਔਰਤ ਦਿਵਸ ਮੌਕੇ ਦਿੱਲੀ ਮੋਰਚੇ ‘ਚ ਔਰਤ ਸ਼ਕਤੀ ਦਾ ਵਿਖਾਵਾ ਕਰਨ ਲਈ ਪੰਜਾਬ ਦੀਆਂ ਸਮੂਹ ਔਰਤਾਂ ਨੂੰ ਖਾਸ ਤੌਰ ਤੇ ਹਾਜਰੀ ਲੁਆਉਣ ਅਤੇ । 23 ਫਰਵਰੀ ਨੂੰ ਪੰਜਾਬ ਤੇ ਦਿੱਲੀ ‘ਚ ਚੱਲ ਰਹੇ ਮੋਰਚਿਆਂ ‘ਚ ਪਗੜੀ ਸੰਭਾਲ ਜੱਟਾ ਲਹਿਰ ਦੇ ਨਾਇਕ ਸਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਸੱਦਾ ਦਿੱਤਾ ਗਿਆ।


               ਇਕੱਠ ਨੂੰ ਸੰਬੋਧਨ ਹੁੰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਨੂੰ ਤਕੜਾਈ ਦੇਣ ਲਈ ਜਿੱਥੇ ਸੰਘਰਸ਼ ਅੰਦਰ ਖੇਤ ਮਜਦੂਰਾਂ ਸਮੇਤ ਹੋਰਨਾਂ ਤਬਕਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ ਉਥੇ ਨਾਲ ਹੀ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਨੂੰ ਹੋਰ ਮਜਬੂਤ ਕਰਨ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਸੰਘਰਸ਼ ਦੀ ਆਜ਼ਾਦੀ ਦੀ ਰਾਖੀ ਕਰਨੀ ਵੀ ਜਰੂਰੀ ਹੈ। ਕਿਸਾਨ ਸੰਘਰਸ ਦੀ ਧਾਰ ਭਾਜਪਾਈ ਹਕੂਮਤ ਤੇ ਕਾਰਪੋਰੇਟ ਗੱਠਜੋੜ ਦੇ ਹਮਲੇ ਖਿਲਾਫ ਸੇਧਿਤ ਕਰਦਿਆਂ ਦੇਸ਼ ਭਰ ਦੇ ਕਿਸਾਨਾਂ ਦਾ ਏਕਾ ਮਜਬੂਤ ਕਰਨਾ ਚਾਹੀਦਾ ਹੈ।
                    ਉਹਨਾਂ ਕਿਹਾ ਕਿ ਸੰਘਰਸ਼ ’ਚ ਘੁਸਪੈਠ ਕਰ ਗਈਆਂ ਫਿਰਕੂ ਸ਼ਕਤੀਆਂ ਰਾਹੀਂ ਮੋਦੀ ਹਕੂਮਤ ਨੇ ਸੰਘਰਸ਼ ‘ਤੇ ਵਿਸ਼ੇਸ਼ ਫਿਰਕੇ ਦਾ ਲੇਬਲ ਲਾਉਣ ਦਾ ਯਤਨ ਕੀਤਾ ਸੀ ਜਿਸਨੂੰ ਕਿਸਾਨਾਂ ਦੇ ਏਕੇ ਤੇ ਨੇ ਸਫਲਤਾ ਨਾਲ ਪਛਾੜ ਦਿੱਤਾ ਹੈ। ਉਹਨਾਂ ਮੁਲਕ ਦੇ ਕਿਰਤੀ ਲੋਕਾਂ ਵੱਲੋਂ ਸਾਮਰਾਜੀ ਕੰਪਨੀਆਂ ਖਿਲਾਫ ਜੂਝਣ ਦੀ ਭਾਵਨਾ ਨੂੰ ਖਰੀ ਦੇਸ ਭਗਤੀ ਕਰਾਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸੰਘਰਸ਼ ਅੰਦਰ ਗਿ੍ਰਫ਼ਤਾਰ ਕੀਤੇ ਗਏ ਸਭਨਾਂ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਤੇ ਝੂਠੇ ਕੇਸ ਰੱਦ ਕੀਤੇ ਜਾਣ। 26 ਤਰੀਕ ਨੂੰ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ ।
                       ਰੈਲੀ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਕਿਸਾਨ ਅੰਦੋਲਨ ਹੈ। ਇਸ ਦੀ ਕਾਮਯਾਬੀ ਲਈ ਜਾਤਾਂ,ਧਰਮਾਂ, ਇਲਾਕਿਆਂ ਤੋਂ ਉਪਰ ਉੱਠ ਕੇ ਏਕੇ ਨੂੰ ਹੋਰ ਮਜਬੂਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਕਿਸਾਨ ਆਪਣੇ ਸਿਦਕ ਤੇ ਸਬਰ ਨਾਲ ਆਉਣ ਵਾਲੇ ਦਿਨਾਂ ਵਿੱਚ ਜਿੱਤ ਦੀ ਨਵੀਂ ਇਬਾਰਤ ਲਿਖਣਗੇ।  
                          ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਇਹ ਮਸਲਾ ਖੇਤ ਮਜਦੂਰਾਂ ਦੇ ਜੂਨ ਗੁਜਾਰੇ ਤੇ ਰੁਜਗਾਰ ਉੱਪਰ ਵੱਡੀ ਸੱਟ ਸਾਬਤ ਹੋਵੇਗਾ। ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਵਾਲਾ ਇਹ ਹੱਲਾ ਮੁਲਕ ਦੀ ਅੰਨ ਸੁਰੱਖਿਆ ‘ਤੇ ਬੋਲੇ ਗਏ ਵੱਡੇ ਸਾਮਰਾਜੀ ਹੱਲੇ ਦਾ ਹਿੱਸਾ ਹੈ ਜੋ ਸੰਸਾਰ ਸਾਮਰਾਜੀ ਸੰਸਥਾਵਾਂ ਵੱਲੋਂ ਨਿਰਦੇਸਤਿ ਕੀਤੇ ਜਾ ਰਹੇ ਅਖੌਤੀ ਆਰਥਿਕ ਸੁਧਾਰਾਂ ਤਹਿਤ ਅੱਗੇ ਵਧ ਰਿਹਾ ਹੈ। ਉਹਨਾਂ ਕਿਹਾ ਕਿ ਇਸ ਹਮਲੇ ਖਿਲਾਫ ਚਲਾਈ ਜਾ ਰਹੀ ਚੇਤਨਾ ਮੁਹਿੰਮ ਨੂੰ ਖੇਤ ਮਜਦੂਰਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ, ਜਿਸਦਾ ਪ੍ਰਗਟਾਵਾ ਅੱਜ ਦੀ ਰੈਲੀ ‘ਚ ਖੇਤ ਮਜਦੂਰਾਂ ਦੀ ਭਰਵੀਂ ਹਾਜਰੀ ਰਾਹੀਂ ਜਾਹਰ ਹੋ ਰਿਹਾ ਹੈ।ਖੇਤ ਮਜਦੂਰ ਇਸ ਸੰਘਰਸ਼ ਦਾ ਹੋਰ ਵੀ ਉੱਭਰਵਾਂ ਅੰਗ ਬਣਕੇ ਨਿਤਰਨਗੇ।
                             ਬੇ.ਕੇ.ਯੂ ਏਕਤਾ (ਉਗਰਾਹਾਂ) ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤਾਂ ਨੇ ਹੁਣ ਤੱਕ ਇਸ ਸੰਘਰਸ ਅੰਦਰ ਬਹੁਤ ਅਹਿਮ ਹਿੱਸਾ ਪਾਇਆ ਹੈ। ਕਿਸਾਨ ਅਤੇ ਔਰਤਾਂ ਇਸ ਸੰਘਰਸ ਅੰਦਰ ਇੱਕ ਹੋਣਹਾਰ ਜਾਨਦਾਰ ਧਿਰ ਹਨ ਤੇ ਇਸ ਧਿਰ ਦੀ ਸਮੂਲੀਅਤ ਸੰਘਰਸ ਨੂੰ ਮੰਜਲਿ ਤੱਕ ਪਹੁੰਚਾਉਣ ਲਈ ਬਹੁਤ ਜਰੂਰੀ ਹੈ। ਖੇਤ ਮਜ਼ਦੂਰ ਔਰਤਾਂ ਨੂੰ ਵੀ ਅਜਿਹੀ ਧਿਰ ਵਜੋਂ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਵਾਤਾਵਰਣ ਕਾਰਕੁੰਨ ਦਿਸਾ ਰਵੀ ਤੇ ਮਜਦੂਰ ਆਗੂ ਨੌਦੀਪ ਕੌਰ ਗੰਧੜ੍ਹ ਦੀ ਗਿ੍ਰਫਤਾਰੀ ਦੀ ਨਿੰਦਾ ਕਰਦਿਆਂ ਬਿਨਾ ਸਰਤ ਰਿਹਾਈ ਦੀ ਮੰਗ ਕੀਤੀ।
                           ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਇਹ ਸੰਘਰਸ ਪੰਜਾਬ ਦੇ ਸਭਨਾਂ ਮਿਹਨਤਕਸ ਤਬਕਿਆਂ ਦਾ ਸੰਘਰਸ ਬਣਨਾ ਚਾਹੀਦਾ ਹੈ ਜਿਸ ਵਿਚ ਹਰ ਕਿਰਤੀ ਆਪਣਾ ਹਿੱਸਾ ਪਾਵੇ।ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਬਾਦਲ ਸਰਕਾਰ ਵੱਲੋਂ ਬਣਾਏ ਠੇਕਾ ਖੇਤੀ ਕਾਨੂੰਨ ਨੂੰ ਰੱਦ ਕਰਨ ਦੇ ਐਲਾਨ ਨੂੰ ਫੌਰੀ ਲਾਗੂ ਕਰੇ ਤੇ ਆਪਣੇ ਵੱਲੋਂ ਅਜਿਹਾ ਨਵਾਂ ਕਾਨੂੰਨ ਲਿਆਉਣ ਦੀਆਂ ਵਿਉਂਤਾਂ ਫੌਰੀ ਰੱਦ ਕਰੇ,ਏ.ਪੀ.ਐੱਮ.ਸੀ ਐਕਟ ‘ਚ 2017 ‘ਚ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਤੇ ਕਿਸਾਨਾਂ-ਮਜਦੂਰਾਂ ਦੇ ਕਰਜੇ ਮੁਆਫ ਕਰਨ ਦੇ ਵਾਅਦੇ ਲਾਗੂ ਕੀਤੇ ਜਾਣ।
                                 ਅੱਜ ਦੀ ਰੈਲੀ ਵਿਚ ਨੌਜਵਾਨ, ਵਿਦਿਆਰਥੀ,ਮੁਲਾਜਮਾਂ ਦੇ ਵੱਖ-ਵੱਖ ਹਿੱਸੇ, ਤਰਕਸੀਲ,ਜਮਹੂਰੀ ਹੱਕਾਂ ਦੇ ਕਾਰਕੁੰਨ, ਦੇਸ ਭਗਤ,ਲੇਖਕ, ਬੁੱਧੀਜੀਵੀ, ਰੰਗਕਰਮੀ ਤੇ ਹੋਰ ਲੋਕ ਪੱਖੀ ਸੰਸਥਾਵਾਂ ਤੇ ਸਖਸੀਅਤਾਂ ਸਾਮਲ ਸਨ।ਜਦਕਿ ਮੁਸਲਿਮ ਭਾਈਚਾਰਾ ਗਿਣਨਯੋਗ ਗਿਣਤੀ ਵਿੱਚ ਸਾਮਲ ਹੋਇਆ।ਅੱਜ ਦੀ ਰੈਲੀ ਨੂੰ ਸੰਯੁਕਤ ਮੋਰਚੇ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੁਲਵੰਤ ਸਿੰਘ ਸੰਧੂ ਤੇ ਰੁਲਦੂ ਸਿੰਘ ਮਾਨਸਾ,  ਕਿਰਨਜੀਤ ਸਿੰਘ ਸੇਖੋਂ,ਬਲਦੇਵ ਸਿੰਘ ਨਿਹਾਲਗੜ੍ਹ,ਪਵਿੱਤਰ ਸਿੰਘ ਲਾਲੀ, ਉੱਤਰ ਪ੍ਰਦੇਸ ਤੋਂ ਹਰਪਾਲ ਸਿੰਘ ਬੁਲਾਰੀ ਨੇ ਵੀ ਸੰਬੋਧਨ ਕੀਤਾ।ਕਿਸਾਨ ਆਗੂਆਂ ਨੇ ਵਿਸ਼ਾਲ ਏਕਤਾ ਤੇ ਸਾਂਝੇ ਤੇ ਲੰਬੇ ਸੰਘਰਸ਼ਾਂ ਤੇ  ਟੇਕ ਰੱਖਣ ਦਾ ਸੱਦਾ ਦਿੱਤਾ।ਅੱਜ ਦੀ ਇਸ ਮਹਾਂਰੈਲੀ ਦਾ ਮੰਚ ਸੰਚਾਲਨ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!