
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਕੀਤਾ ਗਿਆ ਆਯੋਜਨ ।
ਮੋਗਾ 21 ਫਰਵਰੀ (ਜਗਵੀਰ ਆਜ਼ਾਦ) : ਅੱਜ ਪੂਰੀ ਦੁਨੀਆਂ ਵਿੱਚ ਅੱਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ । ਇਸ ਸਬੰਧੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਵੱਲੋਂ ਅੱਜ ਪੰਜਾਬੀ ਭਾਸ਼ਾ ਪ੍ਰਤੀ ਆਮ ਲੋਕਾਂ ਵਿੱਚ ਸਤਿਕਾਰ ਪੈਦਾ ਕਰਨ ਅਤੇ ਪੰਜਾਬ ਸਰਕਾਰ ਦਾ ਪੰਜਾਬੀ ਰਾਜ ਭਾਸ਼ਾ ਐਕਟ 1967 ਨੂੰ ਪੂਰਨ ਰੂਪ ਵਿੱਚ ਲਾਗੂ ਕਰਕੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਅਤੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਕਨੂੰਨੀ ਅਧਿਕਾਰ ਦੇਣ ਵੱਲ ਧਿਆਨ ਖਿੱਚਣ ਲਈ ਇੱਕ ਲੰਬੀ ਮਨੁੱਖੀ ਭਾਸਾ ਚੇਤਨਾ ਕੜੀ ਬਣਾਈ ਗਈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਅਤੇ ਸਰੀਰ ਉਪਰ ਪਹਿਨੇ ਕੱਪੜਿਆਂ ਤੇ ਮਾਟੋ ਲਿਖ ਕੇ ਸ਼ਾਮ 4 ਵਜੇ ਤੋਂ 5 ਵਜੇ ਤੱਕ ਇੱਕ ਘੰਟੇ ਲਈ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬੀ ਭਾਸਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਦੇ ਕਨਵੀਨਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਅੱਜ ਪੰਜਾਬੀ ਭਾਸਾ ਪਸਾਰ ਭਾਈਚਾਰੇ ਦੇ ਸੱਦੇ ਤੇ ਅੱਜ ਪੰਜਾਬ ਦੇ ਸਾਰੇ ਜਿਲ੍ਹਾ ਅਤੇ ਤਹਿਸੀਲ ਹੈਡਕੁਆਰਟਰਾਂ ਤੇ ਭਾਈਚਾਰੇ ਦੀਆਂ ਇਕਾਈਆਂ ਵੱਲੋਂ ਅਜਿਹੇ ਜਾਗਰੂਕਤਾ ਸਮਾਗਮ ਕੀਤੇ ਜਾ ਰਹੇ ਹਨ। ਉਹਨਾਂ ਪੰਜਾਬ ਸਰਕਾਰ ਪ੍ਰਤੀ ਨਾਰਾਜਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬੀ ਰਾਜ ਭਾਸ਼ਾ ਐਕਟ 1967 ਹਾਲੇ ਤੱਕ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਸਰਕਾਰੀ ਦਫਤਰਾਂ ਦੀਆਂ ਚਿੱਠੀਆਂ ਹਾਲੇ ਵੀ ਅੰਗਰੇਜੀ ਵਿੱਚ ਜਾਰੀ ਹੋ ਰਹੀਆਂ ਹਨ, ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਜਾਰੀ ਹੈ ਅਤੇ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਨਹੀਂ ਕੀਤਾ ਜਾ ਰਿਹਾ । ਉਹਨਾਂ ਕਿਹਾ ਕਿ 1967 ਤੋਂ ਬਾਅਦ ਹਾਲੇ ਤੱਕ ਕਨੂੰਨ ਦੀਆਂ ਕਿਤਾਬਾਂ ਦਾ ਪੰਜਾਬੀ ਤਰਜ਼ਮਾ ਨਹੀਂ ਹੋ ਸਕਿਆ ਅਤੇ ਅਦਾਲਤਾਂ ਦੇ ਫੈਸਲੇ ਪੰਜਾਬੀ ਵਿੱਚ ਨਹੀਂ ਲਿਖੇ ਜਾ ਰਹੇ, ਜਿਸ ਕਾਰਨ ਇਨਸਾਫ ਦੀ ਪ੍ਰਕਿ੍ਰਆ ਨੂੰ ਸਮਝਣਾ ਅਤੇ ਇਨਸਾਫ ਲੈਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਜਿੰਮੇਵਾਰ ਹੋਣ ਦੀ ਲੋੜ ਹੈ ਤੇ ਜਿੱਥੇ ਵੀ ਕਿਤੇ ਪੰਜਾਬੀ ਭਾਸਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਉਥੇ ਆਵਾਜ਼ ਬੁਲੰਦ ਕਰਨ ਦੀ ਜਰੂਰਤ ਹੈ।


ਇਸ ਮੌਕੇ ਉਘੇ ਲੇਖਕ ਅਮਰ ਸੂਫੀ, ਸੁਰਜੀਤ ਸਿੰਘ ਬਰਾੜ, ਬੇਅੰਤ ਕੌਰ ਗਿੱਲ, ਗੁਰਮੀਤ ਕÎੜਿਆਲਵੀ, ਕਿ੍ਰਸ਼ਨ ਪ੍ਰਤਾਪ, ਚਰਨਜੀਤ ਗਿੱਲ ਅਤੇ ਅਮਰ ਘੋਲੀਆ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਤ ਭਾਸਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਭਾਈਚਾਰੇ ਦੀਆਂ ਕੋਸ਼ਿਸ਼ਾਂ ਸਦਕਾ ਕਈ ਸਰਕਾਰੀ ਵਿਭਾਗਾਂ ਵਿੱਚ ਕੰਮਕਾਜ਼ ਪੰਜਾਬੀ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ, ਜਿਵੇਂ ਪਿਛਲੇ ਦਿਨੀ ਸਿੱਖਿਆ ਸਕੱਤਰ ਕਿ੍ਰਸ਼ਨ ਨੂੰ ਕਨੂੰਨੀ ਨੋਟਿਸ ਭੇਜਿਆ ਗਿਆ ਤਾਂ ਉਹਨਾਂ ਤੁਰੰਤ ਆਪਣਾ ਕੰਮ ਪੰਜਾਬੀ ਵਿੱਚ ਕਰਨਾ ਸ਼ੁਰੂ ਕਰ ਦਿੱਤਾ । ਇਸੇ ਤਰ੍ਹਾਂ ਬਿਜਲੀ ਵਿਭਾਗ ਸਮੇਤ ਹੋਰ ਵੀ ਕਈ ਵਿਭਾਗਾਂ ਖਿਲਾਫ ਕਨੂੰਨੀ ਲੜਾਈ ਲੜੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਹੀ, ਜਿਸ ਕਾਰਨ ਭਾੲਂੀਚਾਰੇ ਦੀਆਂ ਜਿੰਮੇਵਾਰੀਆਂ ਵਧੀਆਂ ਹੋਈਆਂ ਹਨ । ਉਹਨਾਂ ਪੰਜਾਬ ਸਰਕਾਰ ਤੋਂ ਤੁੰਰਤ ਪੰਜਾਬ ਰਾਜ ਭਾਸ਼ਾ ਐਕਟ 1967 ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ । ਉਹਨਾਂ ਦੱਸਿਆ ਕਿ ਬੀਤੇ ਕੱਲ੍ਹ ਮੋਗਾ ਇਕਾਈ ਵੱਲੋਂ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਆਪਣੀਆਂ ਪਿਛਲੇ ਦੋ ਸਾਲ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਬਾਰੇ ਤਿਆਰ ਕੀਤੀ ਗਈ ਪੁਸਤਕ ਦੂਜੀ ਗਦਰ ਲਹਿਰ ਦਾ ਬਿਗੁਲ ਰਿਲੀਜ਼ ਕੀਤੀ ਗਈ ਤੇ ਜਲਦ ਹੀ ਮੋਗਾ ਸ਼ਹਿਰ ਵਿੱਚ ਇੱਕ ਪਬਲਿਕ ਲਾਇਬ੍ਰੇਰੀ ਸਥਾਪਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸਮਾਗਮ ਦੇ ਅੰਤ ਵਿੱਚ ਉਘੇ ਸਮਾਜ ਸੇਵੀ ਗੁਰਸੇਵਕ ਸੰਨਿਆਸੀ ਨੇ ਚੇਤਨਾ ਕੜੀ ਵਿੱਚ ਸ਼ਮੂਲੀਅਤ ਕਰਨ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਹਰਜਿੰਦਰ ਸਿੰਘ ਚੁਗਾਵਾਂ, ਦਵਿੰਦਰਜੀਤ ਗਿੱਲ, ਸੁਖਦੇਵ ਸਿੰਘ ਬਰਾੜ, ਭਵਨਦੀਪ ਸਿੰਘ ਪੁਰਬਾ, ਇਕਬਾਲ ਸਿੰਘ ਖੋਸਾ, ਮਨਮੋਹਨ ਸਿੰਘ ਚੀਮਾ, ਤਰਸੇਮ ਸਿੰਘ ਬਰਾੜ, ਕੰਵਲਜੀਤ ਮਹੇਸਰੀ, ਜਸਵਿੰਦਰ ਸਿੰਘ ਬਿੱਟੂ, ਚਮਕੌਰ ਸਿੰਘ ਬਰਾੜ, ਰਮਨ ਮਾਨ ਕਾਲੇਕੇ, ਕੁਲਦੀਪ ਸਿੰਘ, ਸਰਬਜੀਤ ਕੌਰ ਮਾਹਲਾ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਰਾਜਿੰਦਰ ਕੌਰ ਸੋਢੀ, ਸੋਨੀਆ, ਚਮਕੌਰ ਸਿੰਘ, ਪ੍ਰੇਮ ਕੁਮਾਰ, ਭਾਗਵੰਤੀ ਪੁਰਬਾ, ਲੈਕ. ਅਮਰਪ੍ਰੀਤ ਕੌਰ ਆਦਿ ਸ਼ਾਮਲ ਸਨ ।