
✍ਕੁਲਵੰਤ ਕੌਰ ਢਿੱਲੋਂ
ਕਵਿਤਾ ਮੇਰੀ ਮੈਨੂੰ ਕਹਿੰਦੀ
ਚੰਦਰੀਏ
ਮਾਂ ਦੇ ਗਰਭ ਚ ਹੀ ਤੂੰ,
ਮਾਂ ਬੋਲੀ ਦਾ ਅਹਿਸਾਸ ਮਹਿਸੂਸਿਆ.
ਉਹ ਬੋਲ,ਦੁੱਖ ਸੁੱਖ ਦੀਆਂ ਸਾਂਝਾਂ
ਜੋ ਆਪਣੀ ਕੁੱਖ ਪਲੋਸਦਿਆਂ,
ਤੇਰੇ ਨਾਲ ਕੀਤੀਆਂ ਸਾਂਝੀਆਂ.
ਕਵਿਤਾ ਮੇਰੀ ਮੈਨੂੰ ਕਹਿੰਦੀ
ਚੰਦਰੀਏ
ਜਦ ਤੂੰ ਜਨਮੀਕਹਿੜੇ ਮੋਹ ਭਰੇ ਬੋਲਾਂ ਨਾਲ,
ਅੰਮੀ ਨੇ ਤੈਨੂੰ ਸੀਨੇ ਲਾਇਆ.
ਬਾਪੂ ਨੇ ਲਾਡੋ ਕਹਿ ਮੱਥਾ ਚੁੰਮਿਆ.
ਕਹਿੜੇ ਬੋਲ,ਬੋਲ
ਭੂਆ ਨੇ ਗੁੜ੍ਹਤੀ ਦਿੱਤੀ.
ਕਵਿਤਾ ਮੇਰੀ ਮੈਨੂੰ ਕਹਿੰਦੀ
ਚੰਦਰੀਏ
ਬਚਪਨ ਚ ਗੀਟੇ,ਪੀਚੋ ਬੱਕਰੀ,ਖੋਖੋ ਖੇਡਦਿਆਂ,
ਕਿੱਕਲੀ ਕਲੀਰ ਦੀ,
ਕਹਿੜੇ ਬੋਲਾਂ ਚ ਪਾਈ.
ਵੀਰੇ ਨਾਲ ਬੈਠ ਫੱਟੀ ਤੇ
ਕਲਮ ਦਵਾਤ ਨਾਲ ਕਹਿੜੇ ਅੱਖਰ ਲਿਖੇ.
ਕਵਿਤਾ ਮੇਰੀ ਮੈਨੂੰ ਕਹਿੰਦੀ
ਚੰਦਰੀਏ
ਜਵਾਨੀ ਚ ਸੌਣ ਦੀਆ ਤੀਆਂ ਚ
ਪਾਈਆ ਗਿੱਧੇ ਦੀਆ ਬੋਲੀਆਂ,
ਵਿਆਹਾਂ ਚ ਗਾਏ
ਸੁਹਾਗ ਤੇ ਘੋੜੀਆਂ
ਕਿਹੜੀ ਬੋਲੀ ਚ?
ਕਵਿਤਾ ਮੇਰੀ ਮੈਨੂੰ ਕਹਿੰਦੀ
ਚੰਦਰੀਏ
ਗੁਰੂਆਂ ਪੀਰਾਂ,ਭਗਤਾਂ ਫਰੀਦ
ਬੁੱਲ੍ਹੇਸ਼ਾਹ ਵਾਰਿਸ ਦਮੋਦਰ ਦੇ ਬੋਲ
ਤੇਰੇ ਸਾਹਾਂ ਨਾਲ ਵਿਚਰਦੇ ਰਹੇ.
ਕਵਿਤਾ ਮੇਰੀ ਮੈਨੂੰ ਕਹਿੰਦੀ
ਚੰਦਰੀਏ
ਉੱਠ ਫਿਕਰ ਕਰ
ਮਾਂ ਬੋਲੀ ਦਾ ਕਰਜ਼ ਹੀ
ਤੇਰਾ ਫਰਜ ਹੈ.
ਪੁੱਛ ਆਪਣੀਆਂ ਬੱਚੀਆਂ ਨੂੰ
ਗਰਭ ਚ ਪਲ ਰਹੇ ਬੱਚੇ ਦੀ,
ਮਾਂ ਬੋਲੀ ਕੀ ਹੋਵੇਗੀ?
ਮੇਰਾ ਭੋਲੂ ਮੇਰੀ ਲਾਡੋ
ਜਾਂ
ਮੋਹ ਭਰੀ ਝਿੜਕ ਚ
ਮਰਜਾਣਿਆ ਡੁੱਬ ਜਾਣੀਏ,
ਕਿਤੇ ਗੁਆਚ ਤਾਂ ਨਹੀਂ ਜਾਣਗੇ?
ਕਵਿਤਾ ਮੇਰੀ ਮੈਨੂੰ ਕਹਿੰਦੀ
ਸਭ ਬੋਲੀਆਂ ਦਾ ਸਤਿਕਾਰ ਕਰਦੇ
ਆਓ ਆਪਣੀ ਦਾ ਪਿਆਰ ਕਰੀਏ.
ਮੇਰੇ ਬੱਚਿਓ
ਮੇਰੇ ਬੱਚਿਆਂ ਦੇ ਬੱਚਿਓ
ਇਹ ਮਾਂ ਦਾ ਕਰਜ਼ ਤੁਸੀ ਚੁਕਾਉਣਾ
ਇਹ ਕਲਮ ਤੁਹਾਡੀ ਹੈ
ਇਹ ਸ਼ਬਦ ਤੁਹਾਡੇ ਨੇ.
ਇਹ ਬੋਲੀ
ਇਹ ਵਿਰਸਾ ਤੁਹਾਡਾ ਹੈ.
ਮਾਂ ਬੋਲੀ ਦਾ ਕਰਜ਼ ਹੀ
ਤੁਹਾਡਾ ਫਰਜ ਹੈ.