10.2 C
United Kingdom
Saturday, April 19, 2025

More

    ਬ੍ਰਿਸਬੇਨ ਵਿਖੇ ਕੌਮਾਂਤਰੀ ਭਾਸ਼ਾ ਦਿਵਸ ਮਨਾਇਆ, ਪੰਜਾਬੀ ਭਾਸ਼ਾ ਲਈ ਸੁਹਿਰਦਤਾ ਅਤੇ ਚਿੰਤਨ ਸਮੇਂ ਦੀ ਮੰਗ

    (ਹਰਜੀਤ ਲਸਾੜਾ, ਬ੍ਰਿਸਬੇਨ 20 ਫਰਵਰੀ) ਇੱਥੇ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’ ਦੀ ਅਗਵਾਈ ਹੇਠ ਅਤੇ ਸਹਿਯੋਗੀ ਪੰਜਾਬੀ ਹਿਤੈਸ਼ੀ ਸੰਸਥਾਵਾਂ, ਲੇਖਕਾਂ, ਪੱਤਰਕਾਰਾਂ ਅਤੇ ਪੰਜਾਬੀ ਪਿਆਰਿਆਂ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਦੋ ਘੰਟੇ ਚੱਲੇ ਇਸ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ, ਗੀਤਾਂ, ਗ਼ਜ਼ਲਾਂ, ਲੇਖਾਂ ਆਦਿ ਨਾਲ ਪੰਜਾਬੀ ਬੋਲੀ ਦਾ ਚਿੰਤਨ ਅਤੇ ਭਵਿੱਖੀ ਲੋੜਾਂ ਨੂੰ ਆਪਣਾ ਸ਼ਬਦੀ ਜਾਮਾ ਪਹਿਨਾਇਆ ਗਿਆ। ਬੈਠਕ ਦੀ ਸ਼ੁਰੂਆਤ ਅਜੇਪਾਲ ਸਿੰਘ ਵੱਲੋਂ ਹਾਜਰੀਨ ਦੇ ਸਵਾਗਤ ਨਾਲ ਕੀਤੀ ਅਤੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਭਾਵੇਂ ਪੰਜਾਬੀ ਭਾਸ਼ਾ ਦੀ ਸਥਿਤੀ ਜਿਆਦਾ ਮਜ਼ਬੂਤ ਨਹੀਂ ਰਹੀ ਪਰ ਇਹ ਭਾਸ਼ਾ ਆਪਣੀਆਂ ਜਮਾਂਦਰੂ ਰੂਚੀਆਂ ਕਾਰਨ ਆਪਣਾ ਭਵਿੱਖ ਵਿੱਚ ਸਥਾਨ ਹਮੇਸ਼ਾਂ ਲਈ ਕਾਇਮ ਰੱਖਣ ਦੇ ਅਜੇ ਵੀ ਕਾਬਲ ਹੈ। ਜਗਜੀਤ ਖੋਸਾ ਨੇ ਆਪਣੀ ਤਕਰੀਰ ‘ਚ ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਦੇ ਪੱਛੜ ਜਾਣ ਨੂੰ ਦੁੱਖਦ ਵਰਤਾਰਾ ਕਿਹਾ ਅਤੇ ਸਮੂਹਿਕ ਜਤਨਾਂ ਨੂੰ ਸਮੇਂ ਦੀ ਮੰਗ ਦੱਸਿਆ। ਸੰਸਥਾ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਬੰਗਲਾ ਭਾਸ਼ਾ ਸਾਡੇ ਸਾਰਿਆਂ ਲਈ ‘ਰੋਲ ਮਾਡਲ’ ਦਾ ਚਿੰਨ੍ਹ ਬਣੀ ਹੋਈ ਹੈ। ਜੇ ਪਾਕਿਸਤਾਨ ਦੇ ਲਏ ਫ਼ੈਸਲੇ ਜਿਸ ਵਿੱਚ ਉਰਦੂ ਨੂੰ ਕੌਮੀ ਜ਼ਬਾਨ ਐਲਾਨ ਕਰ ਦੇਣ ਦੇ ਫ਼ੈਸਲੇ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਦਕਾ ਬੰਗਲਾ ਭਾਸ਼ਾ ਨੂੰ ਇਹ ਮਾਣ ਪ੍ਰਾਪਤ ਹੈ। ‘ਯੂਨੈਸਕੋ’ ਨੇ ਬੰਗਲਾ ਭਾਸ਼ਾ ਦੇ ਸੰਘਰਸ਼ ਨੂੰ ਯਾਦ ਰੱਖਣ ਲਈ, 21 ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਨ ਦਾ ਮਾਣ ਬਖ਼ਸ਼ਿਆ ਹੈ। ਪੰਜਾਬੀ ਲੇਖਕ ਸਭਾ ਤੋਂ ਪ੍ਰਧਾਨ ਜਸਵੰਤ ਵਾਗਲਾ ਅਤੇ ਵਰਿੰਦਰ ਅਲੀਸ਼ੇਰ ਨੇ ਸਾਂਝੇ ਰੂਪ ‘ਚ ਕਿਹਾ ਕਿ ਸਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਪੰਜਾਬੀ ਭਾਸ਼ਾ, ਪੰਜਾਬੀ ਵਿਰਾਸਤ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਟੀਚਿਆਂ ਅਨੁਸਾਰ ਪੱਤਰਕਾਰ ਸੁਰਿੰਦਰ ਖੁਰਦ ਨੇ ਇਸਦੇ ਪਿਛੋਕੜ ਅਤੇ ਹੋਂਦ ਬਾਬਤ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ 7000 ਤੋਂ ਵੱਧ ਭਾਸ਼ਾਵਾਂ ਹਨ ਲੇਕਿਨ ਹਰ ਦੋ ਹਫ਼ਤੇ ਬਾਅਦ ਤਕਰੀਬਨ ਇੱਕ ਦੋ ਭਾਸ਼ਾਵਾਂ ਮਰ ਜਾਂਦੀਆਂ ਹਨ। ਅਜਿਹੀਆਂ ਖ਼ਬਰਾਂ ਸਾਨੂੰ ਆਪਣੀ ਮਾਤ ਭਾਸ਼ਾ ਵੱਲ ਗੰਭੀਰਤਾ ਨਾਲ ਨਜ਼ਰ ਮਾਰਨ ਵੱਲ ਪ੍ਰੇਰਦੀਆਂ ਤੇ ਚੌਕੰਨਾ ਕਰਦੀਆਂ ਹਨ ਕਿ ਅਸੀਂ ਆਪਣੀ ਪੰਜਾਬੀ ਮਾਤ ਭਾਸ਼ਾ ਦੀ ਦਿਨ ਬਦਿਨ ਬਿਗੜ ਰਹੀ ਹਾਲਤ ਨੂੰ ਕਿਵੇਂ ਸੁਧਾਰਨਾ ਹੈ।

    ਜਗਜੀਤ ਖੋਸਾ ਅਨੁਸਾਰ ਪੰਜਾਬ ‘ਚ 2018 ਦੇ 13,000 ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਵਿੱਦਿਅਕ ਬੋਰਡਾਂ ਦੇ ਸਰਵੇਖਣ ਵਿੱਚ ਹਿੱਸਾ ਲਿਆ ਜਿਸ ਅਨੁਸਾਰ 82% ਬੱਚੇ ਪੰਜਾਬੀ ਮਾਤ ਭਾਸ਼ਾ ਵਿਚ ਪੈਂਤੀ ਲਿਖਣ ਤੋਂ ਅਸਮਰਥ ਰਹੇ। ਦੇਵ ਸਿੱਧੂ ਅਤੇ ਹਰਪ੍ਰੀਤ ਕੋਹਲੀ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਵਧੇਰੇ ਪ੍ਰੇਰਿਤ ਅਤੇ ਉਤਸ਼ਾਹਤ ਕਰਨ ਲਈ ਵੱਖੋ ਵੱਖਰੇ ਢੰਗ ਤੇ ਸੁਝਾਅ ਦਿੱਤੇ। ਉਹਨਾਂ ਪੰਜਾਬ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਲੋੜਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ। ਰਛਪਾਲ ਹੇਅਰ ਅਨੁਸਾਰ ਪੰਜਾਬੀ ਮਾਤ ਭਾਸ਼ਾ ਦੀ ਮੌਜੂਦਾ ਸਮੇਂ ਵਿੱਚ ਨਿਘਰਦੀ ਜਾ ਰਹੀ ਹਾਲਤ ਨੂੰ ਵੇਖਦਿਆਂ ਇਹ ਸੋਚਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਅਗਲੇ 50 ਸਾਲਾਂ ਤੱਕ ਪੰਜਾਬੀ ਭਾਸ਼ਾ ਕੁਦਰਤੀ ਮੌਤ ਦਾ ਸ਼ਿਕਾਰ ਹੋ ਸਕਦੀ ਹੈ ਜੇਕਰ ਅਸੀਂ ਇਸੇ ਤਰਾਂ ਲਾਪਰਵਾਹੀ ਵਰਤਦੇ ਰਹੇ। ਸਾਨੂੰ ਪੂਰਾ ਰਾਸ਼ਨ ਪਾਣੀ ਲੈਕੇ ਡੁੱਬਦੀ ਜਾ ਰਹੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਯਤਨ ਕਰਨ ਦੀ ਸਖ਼ਤ ਜ਼ਰੂਰਤ ਹੈ। ਰਿਤਿਕਾ ਅਹੀਰ ਨੇ ਇਤਿਹਾਸ ‘ਚੋਂ ਤੱਥਾਂ ਦੀ ਪੜਚੋਲ ਕਰਦਿਆਂ ਬੰਗਲਾ ਭਾਸ਼ਾ ਬਾਰੇ ਝਾਤ ਪਾਈ ਗਈ ਕਿ ਪੂਰਬੀ ਬੰਗਾਲ ਜੋ 1947 ਵਿੱਚ ਪਾਕਿਸਤਾਨ ਦਾ ਹਿੱਸਾ ਬਣਿਆਂ, ਆਪਣੀ ਬੰਗਲਾ ਭਾਸ਼ਾ ਜਿਹੜੀ 56% ਪਾਕਿਸਤਾਨੀ ਲੋਕਾਂ ਦੀ ਉਸ ਵਕਤ ਜ਼ਬਾਨ ਸੀ ਅੱਜ ਜਿਉਂਦੀ ਨਾਂ ਹੁੰਦੀ ਜੇ ਬੰਗਾਲੀ ਇਸ ਬਾਰੇ ਆਪਣੀ ਆਵਾਜ਼ ਬੁਲੰਦ ਨਾ ਕਰਦੇ। ਉਹਨਾਂ ਅਨੁਸਾਰ ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਜਿੱਥੇ ਮਾਤ ਭਾਸ਼ਾ ਨੂੰ ਕਾਇਮ ਰੱਖਣ ਲਈ ਬਲੀ ਚੜਨ ਦੀ ਲੋੜ ਪਈ ਹੋਵੇ। ਇਸਦੀ ਜਿਉਂਦੀ ਜਾਗਦੀ ਮਿਸਾਲ ਬੰਗਲਾ ਭਾਸ਼ਾ ਹੈ ਜਿਸ ਨੂੰ ਕੌਮੀ ਭਾਸ਼ਾ ਦਾ ਦਰਜਾ ਹਾਸਲ ਕਰਨ ਲਈ ਕੁਰਬਾਨੀਆਂ ਦੇਣੀਆਂ ਪਈਆਂ। ਗ੍ਰੀਨ ਪਾਰਟੀ ਤੋਂ ਨਵਦੀਪ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਦਿਨ ਇਸ ਹੱਕ ਦਾ ਪ੍ਰਤੀਕ ਹੈ ਕਿ ਮਾਤ ਭਾਸ਼ਾ ਸਾਰੀਆਂ ਕੋਮਾਂ ਦਾ ਜਮਾਂਦਰੂ ਹੱਕ ਹੈ। ਇਹ ਦਿਨ ਸਾਨੂੰ ਆਪਣੇ ਅੰਦਰ ਝਾਤ ਮਾਰਨ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਅਸੀਂ ਆਪਣੀ ਭਾਸ਼ਾ ਨੂੰ ਪੰਜਾਬ ਵਿੱਚ ਅਤੇ ਪ੍ਰਦੇਸ਼ਾਂ ਵਿੱਚ ਵਿਕਾਸ ਕਰਨ ਦੇ ਕੀ ਯਤਨ ਕਰ ਰਹੇ ਹਾਂ?
    ਕਵੀ/ਗੀਤਕਾਰ ਸੁਰਜੀਤ ਸੰਧੂ ਅਤੇ ਹਰਜੀਤ ਕੌਰ ਸੰਧੂ ਨੇ ਪੰਜਾਬੀ ਪੜ੍ਹਾਉਣ ਦੇ ਤਰੀਕਿਆਂ ਵੱਲ ਵੀ ਆਲੋਚਨਾਤਮਿਕ ਖਿਆਲਾਂ ਦੀ ਸਾਂਝ ਪਾਈ। ਬੱਚਿਆਂ ਨੂੰ ਪੰਜਾਬੀ  ਸਿਖਾਉਣ ਜਾਂ ਪੜ੍ਹਾਉਣ ਵੇਲੇ ਇਹ ਵਿਚਾਰਨਾ ਜ਼ਰੂਰੀ ਹੈ ਕਿ ਇਥੇ ਪੈਦਾ ਹੋਏ ਬੱਚਿਆਂ ਦੀ ਪੰਜਾਬੀ ਦੂਜੀ ਭਾਸ਼ਾ ਬਣ ਚੁੱਕੀ ਹੈ ਮਾਂ ਬੋਲੀ ਨਹੀਂ ਹੈ। ਇਸਦੇ ਮੁਤਾਬਿਕ ਪੜ੍ਹਾਉਣ ਦੇ ਨਵੇਂ ਤਰੀਕੇ ਅਤੇ ਸਮੱਗਰੀ, ਕਿਤਾਬਾਂ, ਕਾਇਦੇ ਦੂਜੀ ਭਾਸ਼ਾ ਨੂੰ ਮੁੱਖ ਰੱਖਕੇ ਹੀ ਤਿਆਰ ਹੋਣੇ ਚਾਹੀਦੇ ਹਨ। ਪਰ ਬਦਕਿਸਮਤੀ ਨਾਲ ਕਹਿਣਾ ਪੈਂਦਾ ਹੈ ਕਿ ਸਾਡਾ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਤਰੀਕਾ ਅਤੇ ਪੜ੍ਹਾਉਣ ਵਾਲ਼ੀ ਸਾਰੀ ਸਮੱਗਰੀ ਦਾ ਧੁਰਾ ਪੰਜਾਬ ਨਾਲ ਹੀ ਸੰਬੰਧਤ ਹੋਣ ਕਰਕੇ ਪੰਜਾਬੀ ਭਾਸ਼ਾ ਦਾ ਵਿਕਾਸ ਰੁੱਕਿਆ ਪਿਆ ਹੈ। ਹੋਰ ਬੁਲਾਰਿਆਂ ਨੇ ਪੰਜਾਬ ਵਿੱਚ ਨਿੱਘਰਦੀ ਜਾ ਰਹੀ ਪੰਜਾਬੀ ਦੀ ਹਾਲਤ ਤੇ ਡੂੰਘਾਈ ਨਾਲ ਵਿਸਥਾਰ ਸਹਿਤ ਜ਼ਿਕਰ ਕੀਤਾ। ਸਰੋਤਿਆਂ ਨੂੰ ਉੁਦਾਹਰਣਾਂ ਦੇ ਕੇ ਸਬੂਤਾਂ ਸਹਿਤ ਪੰਜਾਬੀ ਭਾਸ਼ਾ ਦਾ ਪਰਦਰਸ਼ਨ ਕਰਵਾਇਆ। ਪੂਰਾ ਦਰਿਸ਼ ਅੱਖਾਂ ਸਾਹਮਣੇ ਪੈਦਾ ਕਰਕੇ ਪੰਜਾਬੀਆਂ ਦੀਆਂ ਕਦਰਾਂ ਕੀਮਤਾਂ ਦੇ ਹਵਾਲਿਆਂ ਤੋਂ ਜਾਣੂ ਕਰਵਾਇਆ ਤਾਂ ਕਿ ਪੰਜਾਬੀ ਭਾਸ਼ਾ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਜਾ ਸਕੇ। ਹਰਜੀਤ ਲਸਾੜਾ ਨੇ ਆਪਣੀ ਤਕਰੀਰ ‘ਚ ਕਿਹਾ ਕਿ ਰੂਸੀ, ਚੀਨੀ, ਜਪਾਨੀ ਅਤੇ ਜਰਮਨੀ ਦੇ ਆਪਣੀਆਂ ਆਪਣੀਆਂ ਭਾਸ਼ਾਵਾਂ ਵਿੱਚ ਖੂਬ ਤਰੱਕੀਆਂ ਕੀਤੀਆਂ ਪਰ ਭਾਰਤੀ ਭਾਸ਼ਾਵਾਂ ਖਾਸ ਕਰਕੇ ਪੰਜਾਬੀ ਭਾਸ਼ਾ ਅਜੇ ਵੀ ਪਛੜਦੀ ਦਿੱਖ ਰਹੀ ਹੈ। ਭਾਵੇਂ ਇਸ ਕਾਰਜ ਲਈ ‘ਪੰਜਾਬੀ ਯੂਨੀਵਰਸਿਟੀ’ ਦੀ ਸੰਥਾਪਨਾ ਕੀਤੀ ਗਈ ਸੀ। ਅੰਤ ਵਿੱਚ ਉਹਨਾਂ ਕਿਸਾਨੀ ਅੰਦੋਲਨ ਦੇ ਹੱਕ ‘ਚ ਹਾਅ ਦਾ ਨਾਅਰਾ ਲਾਉਂਦੇ ਹੋਏ ਕਿਹਾ ਕਿ ਸਾਨੂੰ ਵਿਦੇਸ਼ਾਂ ‘ਚ ਅੰਦੋਲਨ ਦੀ ਆਵਾਜ਼ ਨੂੰ ਇੱਥੋਂ ਦੀਆਂ ਰਾਜਨੀਤਕ ਬਰੂਹਾਂ ਤੱਕ ਪਹੁੰਚਾਉਣਾ ਸਮੇਂ ਦੀ ਮੰਗ ਹੈ। ਪੰਜਾਬੀ ਹਿਤੈਸ਼ੀ ਜਸਪਾਲ ਸੰਧੂ ਨੇ ਮਾਂ-ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰਨ ਲਈ ਪ੍ਰੇਰਿਤ ਕੀਤਾ। ਲੋਕਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਪ੍ਰੇਮ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਦੱਸਦਿਆਂ ਮਾਂ ਬੋਲੀ ਤੋਂ ਮੁੱਖ ਨਾ ਮੋੜਨ ਅਤੇ ਇਸ ਨਾਲ ਸਾਂਝ ਪਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਜਿੰਨੀਆਂ ਮਰਜ਼ੀ ਪੜ੍ਹੋ ਪਰ ਮਾਂ ਬੋਲੀ ਨਾਲ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਤਿਕਾ ਅਹੀਰ, ਗੁਰਵਿੰਦਰ ਕੌਰ, ਦਵਿੰਦਰ ਕੌਰ ਬੈਂਸ, ਹਰਵਿੰਦਰ ਕੌਰ ਸਿੱਧੂ, ਹਰਜੀਤ ਕੌਰ ਸੰਧੂ, ਸੰਸਥਾ ਪ੍ਰਧਾਨ ਦਲਜੀਤ ਸਿੰਘ, ਅਜੇਪਾਲ, ਗੁਰਵਿੰਦਰ ਸਿੰਘ, ਸੁਰਿੰਦਰ ਖੁਰਦ, ਹਰਪ੍ਰੀਤ ਕੋਹਲੀ, ਜਗਜੀਤ ਖੋਸਾ, ਦੇਵ ਸਿੱਧੂ, ਹਰਜੀਤ ਲਸਾੜਾ, ਜਸਵੰਤ ਵਾਗਲਾ, ਵਰਿੰਦਰ ਅਲੀਸ਼ੇਰ, ਸੁਰਜੀਤ ਸੰਧੂ, ਜੱਗਾ ਸਿੱਧੂ, ਗੁਰਮੁੱਖ ਭੰਨਦੋਲ, ਜਤਿੰਦਰ ਰਹਿਲ, ਨਵਦੀਪ ਸਿੰਘ, ਰਛਪਾਲ ਹੇਅਰ, ਹਰਜੀਤ ਭੁੱਲਰ, ਮਨਜੀਤ ਭੁੱਲਰ, ਗੁਰਪ੍ਰੀਤ ਬਰਾੜ, ਸੁਰਿੰਦਰ ਸਿੰਘ, ਜਸਪਾਲ ਸੰਧੂ, ਪ੍ਰਣਾਮ ਹੇਅਰ, ਕਮਲ ਆਦਿ ਨੇ ਆਪਣੀਆਂ ਤਕਰੀਰਾਂ ਅਤੇ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਸਮਾਰੋਹ ਵਿੱਚ ਸਹਿਜਪ੍ਰੀਤ ਕੌਰ, ਸੁਖਮਨਦੀਪ ਸੰਧੂ, ਅਸ਼ਮੀਤ ਸੰਧੂ ਆਦਿ ਬੱਚਿਆਂ ਦੀ ਹਾਜ਼ਰੀ ਅਤੇ ਉਹਨਾਂ ਦੀਆਂ ਰਚਨਾਵਾਂ ਪ੍ਰੋਗਰਾਮ ਦਾ ਸਿਖਰ ਬਿੰਦੂ ਹੋ ਨਿੱਬੜੀਆਂ। ਪੰਜਾਬ ਤੋਂ ਲੇਖਕ ਅਲੀ ਰਾਜਪੁਰਾ ਅਤੇ ਗਾਇਕ ਹਰਮਿੰਦਰ ਨੂਰਪੁਰੀ ਨੇ ਵੀਡੀਓ ਸੁਨੇਹਿਆਂ ਨਾਲ ਪ੍ਰੋਗਰਾਮ ‘ਚ ਆਪਣੀ ਹਾਜ਼ਰੀ ਲਗਵਾਈ ਅਤੇ ਮਾਂ ਬੋਲੀ ਨੂੰ ਸਿਜਦਾ ਕੀਤਾ। ਸਮਾਰੋਹ ਦੇ ਅੰਤ ਵਿੱਚ ਪ੍ਰੈੱਸ ਕਲੱਬ ਵੱਲੋਂ ਮਾਂ ਬੋਲੀ ਪੰਜਾਬੀ ਲਈ ਜ਼ਮੀਨੀ ਪੱਧਰ ‘ਤੇ ਕੀਤੇ ਗਏ ਸੁਹਿਰਦ ਕਾਰਜਾਂ ਲਈ ਦਵਿੰਦਰ ਕੌਰ ਬੈਂਸ, ਹਰਵਿੰਦਰ ਕੌਰ ਸਿੱਧੂ, ਸਿੰਘ ਸਭਾ ਗੁਰਮੁਖੀ ਸਕੂਲ ਟੈਗਮ, ਪੰਜਾਬੀ ਸਕੂਲ ਮਾਝਾ ਯੂਥ ਕਲੱਬ, ਪੰਜਾਬੀ ਸਕੂਲ ਬ੍ਰਿਸਬੇਨ ਸਿੱਖ ਟੈਂਪਲ ਅਤੇ ਨਿੱਕੇ ਤਾਰੇ ਪੰਜਾਬੀ ਸਕੂਲ ਬ੍ਰਿਸਬੇਨ ਨੂੰ ਸਨਮਾਨ ਪੱਤਰ ਦਿੱਤੇ ਗਏ। ਕਾਬਲੇ ਗੌਰ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਕੀਤਾ ਗਿਆ। ਯੂ ਐਨ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਕੌਮਾਂਤਰੀ ਸਾਲ ਕਰਾਰ ਦਿੱਤਾ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!