
ਜੇ ਅੱਧੇ ਸਾਹ ਚ ਆਖਾਂ ਤਾਂ ਮਲਾਲ ਜ਼ਿੰਦਗ਼ੀ ਹੈ,
ਅਣਸੁਲਝਿਆ ਚਿਰਾਂ ਤੋਂ ਸਵਾਲ ਜ਼ਿੰਦਗ਼ੀ ਹੈ।
ਫਿੱਕਾ ਜਿਹਾ ਹੀ ਜਾਪੇ ਜਿੰਨਾ ਵੀ ਰੰਗ ਪਾਵਾਂ,
ਪਲ ਪਲ ਝਲਕ ਬਦਲਦਾ ਇਹ ਗੁਲਾਲ ਜ਼ਿੰਦਗ਼ੀ ਹੈ।
ਅਜੀਬ ਨੇ ਬੇਬਸੀਆਂ ਤੇ ਅਜਬ ਨੇ ਬਹਾਨੇ,
ਹਰ ਇੱਕ ਲਈ ਹੈ ਵੱਖਰੀ ਬਈ ਕਮਾਲ ਜ਼ਿੰਦਗ਼ੀ ਹੈ।
ਕਿਸਦੀ ਤਸ਼ਬੀਹ ਦੇਵਾਂ ਕਿਸ ਨਾਲ ਤੈਨੂੰ ਤੋਲਾਂ,
ਰਚਨਹਾਰੇ ਦੀ ਰਚਨਾ ਬੇਮਿਸਾਲ ਜ਼ਿੰਦਗ਼ੀ ਹੈ।
ਉਡੀਕ ਦੀ ਉਮਰ ਤਾਂ ਲੰਮੀ ਬਹੁਤ ਹੈ ਯਾਰੋ,
ਹਾਸਲ ਜੋ ਚੰਦ ਪਲਾਂ ਦਾ ਉਹ ਵਿਸਾਲ ਜ਼ਿੰਦਗ਼ੀ ਹੈ।
ਲੱਗੀ ਹੈ ਆਪਾ ਧਾਪੀ ਸੁੱਖਾਂ ਦੀ ਭਾਲ ਕਾਰਨ,
ਹਤਾਸ਼ਾ ਚੋਂ ਜੋ ਕਿ ਉੱਠਦਾ ਬਵਾਲ ਜ਼ਿੰਦਗ਼ੀ ਹੈ।
ਕੀਤੀ “ਅਮਨ” ਮੈਂ ਕੋਸ਼ਿਸ਼ ਟੱਬਰ ਦੇ ਚਾਅ ਪੁਗਾਏ,
ਖ਼ੁਦ ਦਾ ਹੀ ਰੱਖ ਨਾ ਸਕਿਆ ਖ਼ਿਆਲ ਜ਼ਿੰਦਗ਼ੀ ਹੈ।
ਪ੍ਰੀਤ “ਅਮਨ” , ਮੋਰਿੰਡਾ।
6280932905