
ਔਕਲੈਂਡ ਦੇ ਵਿਚ ਕਰੋਨਾ ਪੱਧਰ-2 ਅਤੇ ਬਾਕੀ ਦੇਸ਼ ਦੇ ਵਿਚ ਕਰੋਨਾ ਪੱਧਰ-1 ਲਾਗੂ ਹੋਵੇਗਾ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 17 ਫਰਵਰੀ, 2021:-ਨਿਊਜ਼ੀਲੈਂਡ ਦੇ ਵਿਚ ਬੀਤੇ ਐਤਵਾਰ ਤਿੰਨ ਨਵੇਂ ਕਮਿਊਨਿਟੀ ਕਰੋਨਾ ਕੇਸ ਆਉਣ ਦੇ ਬਾਅਦ ਉਸੇ ਰਾਤ ਤੋਂ ਔਕਲੈਂਡ ਖੇਤਰ ਦੇ ਵਿਚ ਤਾਲਾਬੰਦੀ ਪੱਧਰ-3 ਅਤੇ ਬਾਕੀ ਦੇਸ਼ ਅੰਦਰ ਤਾਲਾਬੰਦੀ ਪੱਧਰ-2 ਲਾਗੂ ਕਰ ਦਿੱਤਾ ਗਿਆ ਸੀ, ਜੋ ਕਿ ਤਿੰਨ ਦਿਨ ਲਈ ਸੀ। ਅੱਜ ਸ਼ਾਮ ਕੈਬਨਿਟ ਦੀ ਮੀਟਿੰਗ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸਰਕਾਰ ਦਾ ਅਗਲਾ ਪ੍ਰੋਗਾਮ ਦੱਸਦਿਆਂ ਕਿਹਾ ਕਿ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਜੋ ਤਿੰਨ ਕਰੋਨਾ ਦੇ ਕੇਸ ਆਏ ਸਨ, ਉਨ੍ਹਾਂ ਦੇ ਹੀ ਪਰਿਵਾਰ ਵਿਚੋਂ ਦੋ ਹੋਰ ਬੱਚਿਆਂ ਦੇ ਕੇਸ ਕਰੋਨਾ ਪਾਜੇਟਿਵ ਆਏ ਹੋਏ ਹਨ, ਜਿਸ ਕਰਕੇ ਕਮਿਊਨਿਟੀ ਦੇ ਵਿਚ ਅਜਿਹਾ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਹੁਣ ਔਕਲੈਂਡ ਦੇ ਵਿਚ ਕਰੋਨਾ ਦਾ ਪੱਧਰ ਹੇਠਾਂ ਖਿਸਕਾ ਕੇ ਪੱਧਰ-2 ਕੀਤਾ ਜਾ ਰਿਹਾ ਹੈ ਅਤੇ ਬਾਕੀ ਦੇਸ਼ ਦੇ ਵਿਚ ਪੱਧਰ-1 ਕੀਤਾ ਜਾ ਰਿਹਾ ਹੈ। ਇਹ ਅੱਜ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗਾ। ਹੁਣ ਸਕੂਲ ਖੁੱਲ੍ਹ ਸਕਣਗੇ। ਜਿਸ ਸਕੂਲ ਦਾ ਇਕ ਬੱਚਾ ਕਰੋਨਾ ਪਾਜੇਟਿਵ ਪਾਇਆ ਗਿਆ ਹੈ ਉਹ ਸੋਮਵਾਰ ਖੁੱਲ੍ਹੇਗਾ। ਸਰਕਾਰ 22 ਫਰਵਰੀ ਨੂੰ ਦੁਬਾਰਾ ਕਰੋਨਾ ਦੀ ਸਥਿਤੀ ਉਤੇ ਵਿਚਾਰ ਕਰੇਗੀ। ਪੱਧਰ-2 ਹੋਣ ਬਾਅਦ ਕੱਲ੍ਹ ਤੋਂ ਲੋਕ ਦੁਬਾਰਾ ਕੰਮਾਂ ਉਤੇ ਜਾ ਸਕਣਗੇ, ਸਕੂਲ ਖੁੱਲ੍ਹ ਜਾਣਗੇ। 100 ਲੋਕਾਂ ਤੱਕ ਇਕੱਠ ਕਰਨ ਦੀ ਆਗਿਆ ਹੋਵੇਗੀ। ਖੇਡਾਂ ਖੇਡੀਆਂ ਜਾ ਸਕਣਗੀਆਂ। ਜਨਤਕ ਥਾਵਾਂ ਉਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ। ਕਰੋਨਾ ਤਾਲਾਬੰਦੀ ਪੱਧਰ-1 ਉਤੇ ਜਨਤਕ ਟਰਾਂਸਪੋਰਟ ਦੇ ਵਿਚ ਮਾਸਕ ਪਹਿਨਣਾ ਲਾਜ਼ਮੀ ਰਹੇਗਾ।