
ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਉਂਝ ਪੰਜਾਬ ਇਕਜੁੱਟ ਹੈ।ਉਸ ਵਿਚ ਸਾਰੀਆਂ ਧਿਰਾਂ ਆਪਣੀ ਆਪਣੀ ਭੂਮਿਕਾ ਨਿਭਾਅ ਰਹੀਆਂ ਹਨ। ਪਰ ਜੇਕਰ ਅਸੀਂ ਇੱਕ ਰਾਜਨੀਤਕ ਧਿਰ ਦੇ ਤੌਰ ‘ਤੇ ਦੇਖੀਏ ਤਾਂ ਉਹ ਹੈ ਭਾਜਪਾ ਅਤੇ ਸ਼ਿਵ ਸੈਨਾ। ਪੰਜਾਬ ਵਿੱਚ ਭਾਜਪਾ ਵਿੱਚ ਵਪਾਰੀ ਤੇ ਜ਼ਮੀਨਾਂ ਵਾਲੇ ਦੋਵੇਂ ਤਰ੍ਹਾਂ ਦੇ ਲੋਕ ਹਨ। ਜੋ ਕਿਸਾਨ ਅੰਦੋਲਨ ਖਿਲਾਫ ਜਾਕੇ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਦਾ ਪੱਖ ਲੈ ਰਹੇ ਹਨ। ਉਹ ਖਾਂਦੇ ਪੰਜਾਬ ਦਾ ਨੇ। ਉਨ੍ਹਾਂ ਨੂੰ ਅਨਾਜ ਪੰਜਾਬ ਦੇ ਕਿਸਾਨਾਂ ਤੋਂ ਹੀ ਮਿਲਦਾ ਹੈ। ਪਰ ਉਹ ਮੋਦੀ ਦੇ ਪਾਲਤੂ ਬਣ ਕੇ ਬਿਨਾਂ ਸੋਚੇ ਸਮਝੇ ਉਨ੍ਹਾਂ ਦਾ ਪੱਖ ਲੈ ਰਹੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਪੰਜ ਸਾਲ ਰਹੇਗੀ ਪਰ ਰੋਟੀ ਤਾਂ ਤੁਸੀਂ ਸਾਰੀ ਉਮਰ ਖਾਂਦੇ ਰਹਿਣਾ ਹੈ। ਇਸ ਤੋਂ ਇਲਾਵਾ ਭਾਰਤ ਦੀ ਸੰਸਦ ਵਿਚ ਬੈਠੇ ਦੋ ਐੱਮ ਪੀ ਜਿਨਾਂ ਨੂੰ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਲੋਕਾਂ ਨੇ ਜਿਤਾਇਆ ਸੀ। ਉਹ ਵੀ ਪੰਜਾਬੀਆਂ ਨਾਲ ਗ਼ਦਾਰੀ ਕਰਕੇ ਸਰਕਾਰ ਦਾ ਪੱਖ ਲੈ ਰਹੇ ਹਨ। ਸਿਰਫ਼ ਭਾਜਪਾ ਵਿੱਚ ਬੈਠੇ ਲੋਕ ਹੀ ਨਹੀਂ, ਗ਼ਦਾਰ ਉਹ ਵੀ ਹਨ ਜੋ ਆਪਣੇ ਨਿੱਜੀ ਮੁਫਾਦਾਂ ਲਈ ਕਿਸਾਨ ਅੰਦੋਲਨ ਖਿਲਾਫ ਬੋਲ ਰਹੇ ਹਨ ਜਾਂ ਕਾਲੇ ਕਨੂੰਨਾਂ ਦੇ ਪੱਖ ਵਿੱਚ ਬੋਲ ਰਹੇ ਹਨ। ਗਦਾਰ ਉਹ ਵੀ ਹਨ ਜੋ ਖੇਤੀ ਖੇਤਰ ਨੂੰ ਸਟੇਟ ਸਬਜੈਕਟ ਨਾ ਮੰਨ ਕੇ ਕੇਂਦਰ ਦਾ ਮੰਨ ਰਹੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਵੀ ਇਨ੍ਹਾਂ ਗ਼ਦਾਰਾਂ ਦੀ ਲਿਸਟ ਬਹੁਤ ਲੰਬੀ ਹੈ। ਪਰ ਹੁਣ ਇਨ੍ਹਾਂ ਗ਼ਦਾਰਾਂ ਨੂੰ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਕਾਲੇ ਕਨੂੰਨਾਂ ਦੇ ਪੱਖ ਵਿੱਚ ਆਉਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਕਨੂੰਨ ਲਾਗੂ ਹੁੰਦੇ ਹਨ ਤਾਂ ਇਥੇ ਖੇਤੀ ਲਈ ਜ਼ਮੀਨਾਂ ਤਾਂ ਵੱਡੇ ਘਰਾਣਿਆਂ ਦੇ ਹੱਥਾਂ ਵਿਚ ਚਲੀਆਂ ਹੀ ਜਾਣਗੀਆਂ ਨਾਲ ਹੀ ਵਪਾਰ ਵੀ ਵੱਡੇ ਘਰਾਣਿਆਂ ਦੇ ਹੱਥਾਂ ਵਿਚ ਚਲਿਆ ਜਾਵੇਗਾ। ਕੁਰਸੀ ਖਾਤਿਰ ਚੁੱਪ ਬੈਠੇ ਲੋਕਾਂ ਨੂੰ ਵੋਟਾਂ ਮੰਗਣ ਸਮੇਂ ਲੋਕਾਂ ਨੇ ਮੂੰਹ ਨਹੀਂ ਲਗਾਉਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਾਹਣਤਾ ਪਾਉਣਗੀਆਂ। ਜੇਕਰ ਕਿਸਾਨ ਅੰਦੋਲਨ ਦਾ ਇਤਿਹਾਸ ਲਿਖਿਆ ਜਾਂਦਾ ਹੈ ਅਜਿਹੇ ਲੋਕਾਂ ਦਾ ਨਾਮ ਗਦਾਰਾਂ ਵਿਚ ਲਿਖਿਆ ਜਾਵੇਗਾ।ਸੋ ਹੁਣ ਅਜਿਹੇ ਲੋਕ ਜੋ ਕੇਂਦਰ ਸਰਕਾਰ ਦੇ ਹੱਥਾਂ ਵਿਚ ਖੇਡ ਰਹੇ ਹਨ ਉਨ੍ਹਾਂ ਨੂੰ ਜਲਦੀ ਕਿਸਾਨਾਂ ਦੇ ਹੱਕ ਵਿੱਚ ਖੜੇ ਹੋ ਜਾਣਾ ਚਾਹੀਦਾ ਹੈ ਤਾਂ ਲੋਕ ਉਨ੍ਹਾਂ ਨੂੰ ਸਿਰ ਬਿਠਾਉਣਗੇ ਨਹੀਂ ਤਾਂ ਕਿਸੇ ਮੂੰਹ ਨਹੀਂ ਲਗਾਉਣਾ। ਕੇਂਦਰ ਦੇ ਸਿਆਸੀ ਅਹੁਦਿਆਂ ‘ਤੇ ਬੈਠੇ ਲੋਕ ਅਸਤੀਫ਼ੇ ਦੇਣ ਤੇ ਸੁਆਰਥੀ ਲੋਕ ਸੁਆਰਥ ਤਿਆਗਣ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜਕੇ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਜਿਸ ਨਾਲ ਕੇਵਲ ਪੰਜਾਬ ਦਾ ਹੀ ਨਹੀਂ ਪੂਰੇ ਮੁਲਕ ਦਾ ਫਾਇਦਾ ਹੋਵੇਗਾ।
ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
ਮੋਬਾਇਲ ਨੰਬਰ-9781172781