
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 8 ਫਰਵਰੀ 2021
ਅਮਰੀਕਾ ਦੀ ਸਾਰਾਹ ਥੌਮਸ ਨੇ ਐਤਵਾਰ ਨੂੰ ਸੁਪਰ ਬਾਲ ਖੇਡਾਂ ਵਿੱਚ ਰੈਫਰੀ ਕਰਨ ਵਾਲੀ ਪਹਿਲੀ ਔਰਤ ਵਜੋਂ ਇਤਿਹਾਸ ਰਚਿਆ ਹੈ। ਇਹਨਾਂ ਖੇਡਾਂ ਵਿੱਚ ਸਾਰਾਹ ਥੌਮਸ ਸੱਤ ਵਿਅਕਤੀਆਂ ਦੇ ਪ੍ਰਮੁੱਖ ਰੈਫਰੀ ਦਲ ਦਾ ਹਿੱਸਾ ਬਣੀ ਹੈ। ਸਾਰਾਹ ਦੇ ਸ਼ਾਮਿਲ ਹੋਣ ਦੀ ਘੋਸ਼ਣਾ ਕਰਦੇ ਹੋਏ, ਐਨ ਐਫ ਐਲ ਫੁੱਟਬਾਲ ਓਪਰੇਸ਼ਨਾਂ ਦੇ ਕਾਰਜਕਾਰੀ ਉਪ ਪ੍ਰਧਾਨ ਟ੍ਰੋਏ ਵਿਨਸੈਂਟ ਨੇ ਰੈਫਰੀਆਂ ਦੇ ਇਸ ਸਮੂਹ ਨੂੰ ਸਰਬੋਤਮ ਕਿਹਾ ਹੈ। ਵਿਨਸੇਂਟ ਅਨੁਸਾਰ ਸਾਰਾ ਥਾਮਸ ਨੇ ਪਹਿਲੀ ਮਹਿਲਾ ਸੁਪਰ ਬਾਲ ਅਧਿਕਾਰੀ ਵਜੋਂ ਸੇਵਾ ਦੇ ਕੇ ਇਤਿਹਾਸ ਰਚਿਆ ਹੈ ਅਤੇ ਉਸ ਦੀ ਉੱਤਮ ਕਾਰਗੁਜ਼ਾਰੀ ਅਤੇ ਵਚਨਬੱਧਤਾ ਸਦਕਾ ਉਸ ਨੂੰ ਸੁਪਰ ਬਾਲ ਦਾ ਇਹ ਅਧਿਕਾਰ ਪ੍ਰਾਪਤ ਹੋਇਆ ਹੈ। ਇਸ ਗਰੁੱਪ ਵਿੱਚ ਸਾਰਾਹ ਦੇ ਨਾਲ ਹੋਰ ਪੁਰਾਣੇ ਰੈਫਰੀ ਫਰੇਡ ਬ੍ਰਾਇਨ, ਰੱਸਟੀ ਬਾਏਨਸ, ਜੇਮਜ਼ ਕੋਲਮੈਨ, ਡੀਨੋ ਪੈਗਨੇਲੀ, ਕਾਰਲ ਸ਼ੈਫਰਸ ਅਤੇ ਮਾਈਕ ਵਿਮਰ ਆਦਿ ਸ਼ਾਮਿਲ ਹਨ। ਇਸ ਸਮੂਹ ਕੋਲ 88 ਸਾਲਾਂ ਦਾ ਐੱਨ.ਐੱਫ.ਐੱਲ. ਦਾ ਤਜਰਬਾ ਅਤੇ 77 ਸੰਯੁਕਤ ਪਲੇਅ ਆਫ ਗੇਮ ਅਸਾਈਨਮੈਂਟ ਹਨ, ਜਿਨ੍ਹਾਂ ਵਿੱਚ ਪਿਛਲੇ ਸਾਲਾਂ ਦੇ ਸੁਪਰ ਬਾਲਜ਼ ਸ਼ਾਮਿਲ ਹਨ।ਸਾਰਾਹ ਥੌਮਸ ਦੋ ਸਾਲ ਪਹਿਲਾਂ ਐਨ ਐਫ ਐਲ ਪਲੇਆਫ ਗੇਮ ਵਿੱਚ ਪਹਿਲੀ ਮਹਿਲਾ ਰੈਫਰੀ ਸੀ ਅਤੇ ਇਸਦੇ ਨਾਲ ਹੀ ਉਹ ਐਨ ਐਫ ਐਲ ਵਿੱਚ ਪਹਿਲੀ ਫੁੱਲ ਟਾਈਮ ਮਹਿਲਾ ਰੈਫਰੀ ਵੀ ਸੀ ।