
(ਹਰਜੀਤ ਲਸਾੜਾ, ਬ੍ਰਿਸਬੇਨ 7 ਫ਼ਰਵਰੀ) ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ ਆਸਟਰੇਲੀਆ ਸਖ਼ਤ ਸਰਹੱਦੀ ਪਾਬੰਦੀਆਂ ਕਾਰਨ ਵਾਇਰਸ ਨੂੰ ਕਾਬੂ ਕਰਨ ਵਿਚ ਵੱਡੀ ਪੱਧਰ ‘ਤੇ ਸਫ਼ਲ ਹੋਇਆ ਹੈ ਜਦਕਿ ਦੁਨੀਆ ਭਰ ਦੇ ਕਈ ਹੋਰ ਦੇਸ਼ ਅਜੇ ਵੀ ਤਾਲਾਬੰਦੀ ਅਤੇ ਘਾਤਕ ਮੌਤਾਂ ਨਾਲ ਜੂਝ ਰਹੇ ਹਨ। ਉਹਨਾਂ ਸੰਕੇਤ ਦਿੱਤਾ ਹੈ ਕਿ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਉਮੀਦ ਤੋਂ ਜਲਦੀ ਹੀ ਮੁੜ ਖੁੱਲ੍ਹ ਸਕਦੀਆਂ ਹਨ ਜੇ ਕਰੋਨਵਾਇਰਸ ਦਾ ਟੀਕਾ ਵਾਇਰਸ ਦੇ ਸੰਚਾਰ ਨੂੰ ਘਟਾਉਣ ਲਈ ਕਾਰਗਰ ਸਿੱਧ ਹੁੰਦਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਜੇ ਇਹ ਲੋਕਾਂ ਵਿਚ ਵਾਇਰਸ ਦੀ ਲਾਗ ਫੈਲਣ ਤੋਂ ਰੋਕਦਾ ਹੈ ਤਾਂ ਇਹ ਗੇਮ-ਚੇਂਜਰ ਹੋ ਸਕਦਾ ਹੈ। ਇਸ ਲਈ ਅੰਤਰਰਾਸ਼ਟਰੀ ਯਾਤਰਾ ਦੁਬਾਰਾ ਖੋਲ੍ਹਣ ਦਾ ਫੈਸਲਾ ਹੁਣ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਇਰਸ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿਚ ਫੈਲਣ ਤੋਂ ਰੋਕਣ ਵਿਚ ਟੀਕਾ ਕਿੰਨਾ ਪ੍ਰਭਾਵਸ਼ਾਲੀ ਹੁੰਦਾ ਹੈ। ਉੱਧਰ ਮੈਲਬਾਰਨ ਯੂਨੀਵਰਸਿਟੀ ਦੇ ਇਕ ਮਹਾਂਮਾਰੀ ਵਿਗਿਆਨੀ ਅਤੇ ਜਨ ਸਿਹਤ ਮਾਹਿਰ ਟੋਨੀ ਬਲੇਕਲੀ ਨੇ ਕਿਹਾ ਕਿ ਦੇਸ਼ ‘ਚ ਆਗਾਮੀਂ ਟੀਕਾਕਰਨ ਸਮੇਂ ਇਹ ਸੰਭਾਵਨਾ ਹੈ ਕਿ ਕੁਝ ਹੱਦ ਤਕ ਵਾਪਸ ਪਰਤਣ ਵਾਲੇ ਯਾਤਰੀਆਂ ਦੇ ਪ੍ਰਬੰਧਨ ਦੇ ਹਿੱਸੇ ਵਜੋਂ ਅੰਸ਼ਕ ਸਰਹੱਦ ਦੀਆਂ ਪਾਬੰਦੀਆਂ ਅਤੇ ਕੁਆਰੰਟੀਨ ਨੂੰ ਬਰਕਰਾਰ ਰੱਖਿਆ ਜਾਵੇਗਾ। ਕਿਉਂਕਿ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲਾਗ ਲੱਗਣ ਤੋਂ ਕਿੰਨੀ ਸੁਰੱਖਿਆ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਕਿਸੇ ਨੂੰ ਯੂਕੇ ਵਿਚ ਟੀਕਾ ਲਗਾਇਆ ਜਾਂਦਾ ਹੈ ਜੋ ਆਸਟਰੇਲੀਆ ਦੀ ਯਾਤਰਾ ਕਰਦਾ ਹੈ ਤਾਂ ਸ਼ਾਇਦ ਉਨ੍ਹਾਂ ਨੂੰ ਕਾਫ਼ੀ ਸਮੇਂ ਲਈ ਅਲੱਗ ਰੱਖਿਆ ਜਾਵੇ ਕਿਉਂਕਿ ਉਹ ਅਜੇ ਵੀ ਵਾਇਰਸ ਲੈ ਕੇ ਜਾ ਸਕਦੇ ਹਨ।