
ਬਰਮਿੰਘਮ (ਪੰਜ ਦਰਿਆ ਬਿਊਰੋ)
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਮੈਂਬਰਾਂ ਨੇ ਐਤਵਾਰ ਨੂੰ ਬਰਮਿੰਘਮ ਵਿਖੇ ਭਾਰਤੀ ਕੌਸਲੇਟ ਮੂਹਰਿਓ ਕਾਰਾਂ ਵਿੱਚ ਲੰਘ ਕੇ ਦਿੱਲੀ ਵਿੱਚ ਕਿਸਾਨ ਮੋਰਚੇ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ।
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਬ੍ਰਾਂਚ ਦੇ ਪ੍ਰਧਾਨ ਸ਼ੀਰਾ ਜੌਹਲ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕਰ ਰਹੀ ਹੈ ਜਿਸ ਕਰਕੇ ਕਿਸਾਨਾਂ ਨੂੰ ਪਿਛਲੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕੜਕਦੀ ਠੰਡ ਵਿੱਚ ਸੜਕਾਂ ੳੁਤੇ ਅੰਦੋਲਨ ਕਰਨਾ ਪੈ ਰਿਹਾ ਹੈ। ਸ਼ੀਰਾ ਜੌਹਲ ਨੇ ਕਿਹਾ ਕਿ ਮੋਦੀ ਸਰਕਾਰ ਇਹ ਭੁੱਲ ਜਾਵੇ ਕਿ ਇਹ ਸੰਘਰਸ਼ਸ਼ੀਲ ਕਿਸਾਨਾਂ ਦਾ ਹੜ੍ਹ ਸਰਕਾਰ ਦੀਆਂ ਡਾਂਗਾਂ , ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਤੋਂ ਡਰਦਿਆਂ ਘਰਾਂ ਨੂੰ ਮੁੜ ਜਾਵੇਗਾ। ਮੌਜੂਦਾ ਕਿਸਾਨ ਘੋਲ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਜ਼ਦੂਰ ਕਿਸਾਨ ਏਕਤਾ ਅਤੇ ਸਾਰੇ ਵਰਗਾਂ ਦੀ ਮੱਦਦ ਇਸ ਘੋਲ਼ ਦੀ ਜਿੰਦ ਜਾਨ ਬਣ ਗੲੀ ਹੈ । ਹੁਣ ਉਹ ਸਮਝ ਗੲੇ ਹਨ ਕਿ ਇਹ ਲੜਾਈ ਕਿਸਾਨਾਂ ਦੀਆਂ ਫਸਲਾਂ ਦੇ ਵਾਜਬ ਭਾਅ ਦੀ ਹੀ ਨਹੀਂ ਰਹਿ ਗੲੀ ਸਗੋਂ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਹੋਂਦ ਦੀ ਲੜਾਈ ਵੀ ਹੈ।
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਬ੍ਰਾਂਚ ਦੇ ਸਕੱਤਰ ਭਗਵੰਤ ਸਿੰਘ ਹੁਰਾਂ ਦੱਸਿਆ ਕਿ ਮੌਜੂਦਾ ਹਾਲਾਤ ਵਿੱਚ ਕੋਰੋਨਾ ਦੀ ਬਿਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਇਕੱਠ ਨੂੰ ਛੋਟਾ ਅਤੇ ਕਾਰਾਂ ਤੱਕ ਹੀ ਸੀਮਤ ਰੱਖਿਆ ਗਿਆ ਸੀ ।