
ਸਿਆਸਤ ਇਕ ਅਜਿਹਾ ਸ਼ਬਦ ਜਿਸ ਦਾ ਕੰਮ ਸਮਾਜ ਜਾ ਰਾਜ ਨੂੰ ਆਪਣੇ ਹੀ ਕੰਟਰੋਲ ਵਿਚ ਰੱਖਣਾ ਹੈ । ਇਸ ਨੂੰ ਅਸੀਂ ਰਾਜਨੀਤੀ ਸ਼ਬਦ ਨਾਲ ਵੀ ਸੰਬੋਧਤ ਕਰ ਸਕਦੇ ਹਾਂ। ਇਸ ਸ਼ਬਦ ਨੂੰ ਅਸੀਂ ਸੱਭ ਤੋਂ ਵੱਧ ਲੋਕਤੰਤਰੀ ਰਾਜ ਵਿਚ ਹੀ ਦੇਖ ਸਕਦੇ ਹਾਂ, ਕਿਉਂਕਿ ਲੋਕਤੰਤਰੀ ਰਾਜ ਵਿਚ ਜਦੋਂ ਇਕ ਪਾਰਟੀ ਦੀ ਹੋਂਦ ਕਾਇਮ ਹੋ ਜਾਂਦੀ ਹੈ ਤਾਂ ਉਸ ਪਾਰਟੀ ਦੀ ਲੀਡਰਸ਼ਿਪ ਆਪਣੀ ਹੋਂਦ ਨੁੰ ਕਾਈਮ ਰੱਖਣ ਲਈ ਗ਼ਲਤ ਨੀਤੀਆਂ ਨੂੰ ਅਪਣਾ ਕੇ ਆਮ ਲੋਕਾਂ ਨੂੰ ਦੋ-ਫਾੜ ਕਰਨ ਵਿਚ ਏਵੀਂ ਦੀ ਭੁਮੀਕਾਂ ਨਿਭਾਉਂਦੀ ਹੈ, ਕਿ ਮੰਨੋ ਜਿਸ ਨਾਲ ਉਸ ਪਾਰਟੀ ਦਾ ਚੰਗਾਪਣ ਤਾਂ ਲੋਕਾਂ ਨੂੰ ਨਜ਼ਰ ਆਵੇ ਪਰ ਉਸ ਦੇ ਅੰਦਰ ਉਹ ਕੀੜ੍ਹਾ ਜੋ ਉਨ੍ਹਾਂ ਭੋਲੇ ਲੋਕਾਂ ਨੂੰ ਘੁਣ ਵਾਂਗ ਖਾ ਰਿਹਾ ਹੈ ਉਹ ਕੀਤੇ ਵੀ ਨਜ਼ਰੀ ਨਾ ਪਵੇ।
ਸਿਆਸਤ ਵਿਚ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਪਾਰਟੀ ਦੀ ਚੰਗੀ ਦਿੱਖ ਲੋਕਾਂ ਵਿਚ ਬਣੀ ਰਹੇ, ਜਿਵੇਂ ਕਿ ਦੂਜੇ ਲੋਕਾਂ ਦੇ ਮਨਾਂ ਵਿਚ ਆਪਣੇ ਸਿਆਸੀ ਵਿਚਾਰ ਪ੍ਰਫੁਲਿੱਤ ਕਰਨੇ, ਦੂਜੇ ਸਿਆਸੀ ਤੱਤਾਂ ਨਾਲ ਮਿਲ ਕੇ ਲੋਕ ਅਵਾਜ ਨੂੰ ਦਬਾਉਣਾ ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਹੁਣ ਦੇ ਚਲਦੇ ਇਸ ਕਿਸਾਨੀ ਅੰਦੋਲਨ ਨੂੰ ਕਿਸੇ ਵੀ ਢੰਗ ਰਾਹੀ ਢਾਹ ਲਾਉਣੀ ਸਿਆਸਤ ਦੀ ਉਹ ਚਾਲ ਹੈ, ਜਿਸ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇ ਜੋ ਉਚੀਆਂ ਕੁਰਸੀਆਂ ‘ਤੇ ਬੈਠ ਕੇ ਹੁਕਮ ਚਲਾ ਰਹੇ ਨੇ, ਤੇ ਸਾਡਾ ਆਮ ਕਿਸਾਨ ਤੇ ਉਸ ਹਰ ਵਰਗ ਨਾਲ ਸੰਬੰਧਿਤ ਮਨੁੱਖ ਜੋ ਕੇਵਲ ਤਿੰਨ ਵਕਤ ਦੀ ਰੋਟੀ ਸਹੀ ਸਲਾਮਤ ਮਿਲਣ ਤੇਂ ਵੀ ਰੱਬ ਦਾ ਸ਼ੁਕਰਗੁਜਾਰ ਕਰਦਾ ਹੈ ਉਨ੍ਹਾਂ ਨੂੰ ਉਸ ਰੋਟੀ ਤੋਂ ਵੀ ਮੁਹਤਾਜ ਕਰ ਕੇ ਖ਼ੁਦਖੁਸ਼ੀ ਕਰਨ ‘ਤੇ ਮਜ਼ਬੂਰ ਕਰਨਾ ਹੈ, ਇਹ ਸਮੇਂ ਦੀ ਸੱਭ ਤੋਂ ਵੱਡੀ ਸਿਆਸਤੀ ਪ੍ਰੀਭਾਸ਼ਾ ਹੈ, ਜੇਕਰ ਅਸੀਂ ਇਸ ਨੂੰ ਡੂੰਗਾਈ ਵਿਚ ਦੇਖਣ ਦਾ ਯਤਨ ਕਰੀਏ।
ਹਰ ਵਰਗ ਨੂੰ ਚੰਗੀ ਰੋਟੀ ਦੇਣ ਲਈ ਚਲਦੇ ਇਸ ਕਿਸਾਨੀ ਅੰਦੋਲਨ ਨੂੰ ਕੁਝ ਸਿਆਸੀ ਲੋਕ ਕਾਮਰੇਡ ਦੀ ਰੰਗਤ ਦੇਣ ਵਿਚ ਮਸ਼ਰੂਫ ਹਨ, ਜਿਨ੍ਹਾਂ ਦਾ ਮੁੱਖ ਮਕਸਦ ਸਿਰਫ਼ ਕਿਸਾਨੀ ਅੰਦੋਲਨ ਵਿਚ ਲੋਕ ਅਵਾਜ ਬੁਲੰਦ ਕਰਨ ਵਾਲੇ ਲੀਡਰ ਨੂੰ ਕਿਸੇ ਨਾ ਕਿਸੇ ਢੰਗ ਰਾਹੀਂ ਅੰਦਰੂਨੀ ਸੱਟ ਲਾ ਕੇ ਉਸ ਦੀ ਨੇਕ ਅਗਵਾਈ ਦੇ ਰਸਤੇ ਵਿਚ ਪੱਥਰ ਸੁੱਟ ਕੇ ਇਕੱਲਾ ਕਰਨਾ ਹੈ। ਅਜਿਹੀ ਰਾਜਨੀਤੀ ਦੀ ਇਕੋ-ਇਕ ਸੋਚ ਇਹ ਹੀ ਹੁੰਦੀ ਹੈ ਕਿ ਕੋਈ ਵੀ ਧਿਰ ਅਜਿਹੀ ਖੜ੍ਹੀ ਨਾ ਹੋ ਸਕੇ ਜੋ ਆਮ ਲੋਕਾਂ ਦੇ ਹਿੱਤ ਦੀ ਗੱਲ ਕਰਦੀ ਹੋਵੇ। ਇਸ ਕਰਕੇ ਹੀ ਉਹਨਾਂ ਨੇ ਕਿਸਾਨੀ ਅੰਦੋਲਨ ਵਿਚ ਮੁੱਖ ਭੂਮਿਕਾ ਨਿਭਾ ਰਹੇ ਸਾਰੇ ਆਗੂਆਂ ਨੂੰ ਕਿਸੇ ਨ ਕਿਸੇ ਦੋਸ਼ ਰਹੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਾ ਰਹੇ ਹਨ ਅਤੇ ਇਨ੍ਹਾਂ ਰੱਬੀ ਰੂਹਾਂ ਨੂੰ ਨੇਕੀ ਦੇ ਰਸਤੇ ਤੁਓ ਭਟਕਣ ਲਈ ਉਕਸਾ ਰਹੇ ਨੇ।
ਕਿਸਾਨੀ ਅੰਦੋਲਨ ਨੂੰ ਪੰਜਾਬ ਵਿਰੋਧੀ ਦੱਸ ਕੇ ਲੋਕ ਮਨਾਂ ਵਿਚ ਸ਼ੰਕਾਂ ਦੇ ਬੀਜ ਇਨ੍ਹਾਂ ਸਿਆਸਤੀ ਲੋਕਾਂ ਦੁਆਰਾ ਹੀ ਬੀਜੇ ਜਾ ਰਹੇ ਨੇ, ਤੇ ਇਸ ਨੂੰ ਕਾਮਰੇਡੀ ਰੰਗਤ ਦੇ ਕੇ ਇਸ ਨੂੰ ਖ਼ਤਮ ਕਰਨਾ ਹੀ ਇਨ੍ਹਾਂ ਦਾ ਮਕਸਦ ਹੈ। ਆਮ ਲੋਕਾਂ ਵਿਚ ਕਿਸਾਨੀ ਅੰਦੋਲਨ ਨੂੰ ਕਾਮਰੇਡੀ ਸੋਚ ਦੱਸਣ ਵਾਲੇ ਇਹ ਲੋਕ ਅਪਣੇ ਪ੍ਰਚਾਰ ਵਿਚ 1978 ਤੋਂ ਲੈਕੇ 19 95 ਤੱਕ ਦੇ ਸੁਰਖ ਲੀਹ, ਲਾਲ ਪਰਚੰਮ, ਸਮਤਾ ਆਦਿ ਕਾਮਰੇਡੀ ਮੈਗ਼ਜ਼ੀਨ ਦਾ ਸਹਾਰਾ ਤੇ ਲੈ ਰਹੇ ਨੇ, ਤੇ ਨਾਲ ਹੀ ਪਿਛੋਕੜ ਨੂੰ ਦੇਖਣ ਦੀ ਗੱਲ ਕਰ ਰਹੇ ਹਨ ਪਰ ਅਜੋਕੇ ਸਮੇਂ ਵਿਚ ਆਮ ਲੋਕਾਂ ਦੇ ਹਿੱਤਾ ਦੀ ਰੱਖਿਆ ਕਰਨ ਵਾਲੇ, ਆਪਣੀ ਹੋਂਦ ਨੂੰ ਕਾਇਮ ਰੱਖਣ ਵਾਲੇ, ਵਿਰਾਸਤ ਨੂੰ ਸੰਭਾਲਣ ਵਾਲੇ, ਮਨੁੱਖਤਾ ਦੇ ਭਲੇ ਦੀ ਗੱਲ ਕਰਨ ਵਾਲੇ, ਸਾਡੇ ਇਹ ਕਿਸਾਨੀ ਸੰਘਰਸ਼ ਦੇ ਨਾਇਕ ਅੱਜ ਇਨ੍ਹਾਂ ਸਿਆਸਤੀ ਲੋਕਾਂ ਨੂੰ ਕਾਮਰੇਡੀ ਦਿਖਦੇ ਤੇ ਕਈਆਂ ਨੂੰ ਇਹ ਖ਼ਲਾਸਤਾਨੀ ਅਤੇ ਕਈਆਂ ਦੀਆਂ ਅੱਖਾਂ ਜਿਨ੍ਹਾਂ ਨੂੰ ਰੱਬ ਹੀ ਨਹੀਂ ਦਿੱਸਦਾ ਉਹ ਇਨ੍ਹਾਂ ਨੂੰ ਅੱਤਵਾਦੀ ਨਜ਼ਰ ਆਉਂਦੇ ਨੇ।
ਸਾਡੀ ਵਿਰਾਸਤ ਨੂੰ ਬਚਾਉਣ ਲਈ ਚੱਲਿਆ ਇਸ ਅੰਦੋਲਨ ਵਿਚ ਨਾਨਕ ਦੀ ਕ੍ਰਿਪਾ ਮੀਂਹ ਵਾਂਗ ਵਰਸ ਰਹੀ ਹੈ ਜੋ ਅਜਿਹੇ ਗੰਦ ਨੂੰ ਨਾਲ ਦੀ ਨਾਲ ਸਾਫ਼ ਕਰ ਕੇ ਇੱਕ-ਮੁੱਠ ਕਰ ਰਹੀ ਹੈ। ਮੇਰਾ ਇਹ ਸਭ ਕੁਝ ਲਿਖਣ ਦਾ ਮਕਸਦ, ਲੋਕਾਂ ਦੀ ਸੋਚ ਨੂੰ ਅਜਿਹੇ ਲੋਕਾਂ ਦੀ ਮਾੜੀ ਸੋਚ ਤੋਂ ਪ੍ਰਭਾਵਿਤ ਹੋਣ ਤੋਂ ਬਚਾਉਣਾ ਹੈ ਜੋ ਸਾਡੀਆਂ ਜੜ੍ਹਾ ਵਿਚ ਬੈਠ ਕੇ ਪਾਣੀ ਦੇਣ ਦਾ ਨਾਲ ਨਾਲ ਉਸ ਨੂੰ ਵੱਢ ਵੀ ਰਹੇ ਹਨ ਤਾਂ ਜੋ ਪਤਾ ਵੀ ਨਾ ਲੱਗੇ ਕਿ ਇਹ ਕੰਮ ਮਾਲੀ ਨੇ ਹੀ ਕੀਤਾ ਹੈ
ਧੰਨਵਾਦ
ਸਰਬਜੀਤ ਕੌਰ ‘ਸਰਬ’