
ਦੁੱਖਭੰਜਨ
0351920036369
ਦੁਖਣ ਲੱਗੇ ਨੇਂ ਹਰਫ਼ ਕਲਮ ਦੇ,
ਵਿਹੜਾ ਕਾਗਜ਼ ਦਾ ਰੋਣ ਲੱਗਾ ਏ ।
ਕਰਕੇ ਇਸ਼ਕ ਹਕੀਕੀ ਜਿੰਦੇ,
ਦਿਲ ਮੇਰਾ ਪਛਤਾਉਣ ਲੱਗਾ ਏ ।
ਮੈਂ ਬਣਕੇ ਤਕਲੀਫ ਕੁਲਹਿਣੀਂ,
ਸੱਜਣਾਂ ਨੂੰ ਕਿਉਂ ਹੋਇਆ ਹਾਂ।
ਬਣ ਉਸਦੀ ਮੈਂ ਅੱਖ ਦਾ ਅੱਥਰੂ,
ਭੁੱਬੀਂ ਹੋ-ਹੋ ਰੋਇਆ ਹਾਂ ।
ਮਨ ਨੇਂ ਜੋ ਸਨ ਉਸਰ ਉਸਾਰੇ,
ਉਹਨਾਂ ਨੂੰ ਕਿਉਂ ਢਾਹੁਣ ਲੱਗਾ ਏ।
ਦੁਖਣ ਲੱਗੇ ਨੇਂ ਹਰਫ਼ ਕਲਮ ਦੇ,
ਵਿਹੜਾ ਕਾਗਜ਼ ਦਾ ਰੋਣ ਲੱਗਾ ਏ ।
ਮਹਿਰਮ ਮੇਰਾ ਰਿਸ਼ਮਾਂ ਵਰਗਾ,
ਕਿਹੜੀ ਗੱਲੋਂ ਢਲ ਕੇ ਬਹਿ ਗਿਆ।
ਕਿਹੜੀ ਗੱਲੋਂ ਵਿਗੋਚਿਆਂ ਦੇ ਸੰਗ,
ਅੱਖਾਂ ਮੀਟ ਤੇ ਰਲਕੇ ਬਹਿ ਗਿਆ ।
ਰੜਕਾਂ ਵਾਂਗੂ ਰੜਕੇ ਦਮ-ਦਮ,
ਪੀੜਾਂ ਵਾਂਗੂ ਓ ਹੋਣ ਲੱਗਾ ਏ ।
ਦੁਖਣ ਲੱਗੇ ਨੇਂ ਹਰਫ਼ ਕਲਮ ਦੇ,
ਵਿਹੜਾ ਕਾਗਜ਼ ਦਾ ਰੋਣ ਲੱਗਾ ਏ ।
ਉਹ ਜ਼ਹਿਰਾਂ ਵਾਂਗੂ ਚੜਦਾ ਜਾਵੇ,
ਟੁੱਟਦੀ ਜਾਵੇ ਸਾਹਾਂ ਦੀ ਮਾਲਾ।
ਬੇਕਦਰਾ ਨਈਂ ਕਦਰਾਂ ਕਰਦਾ,
ਕਦਰਾਂ ਕਰਦੈ ਬਸ ਕਦਰਾਂ ਵਾਲਾ।
ਛਾਂ ਵਿਹੂਣੇ ਰਸਤੇ ਦੇ ਵਿੱਚ,
ਆ ਕੇ ਗ਼ਮ ਖਲੋਣ ਲੱਗਾ ਏ ।
ਦੁਖਣ ਲੱਗੇ ਨੇਂ ਹਰਫ਼ ਕਲਮ ਦੇ,
ਵਿਹੜਾ ਕਾਗਜ਼ ਦਾ ਰੋਣ ਲੱਗਾ ਏ ।
ਮੈਨੂੰ ਮਿਲਣ ਤੋਂ ਪਹਿਲਾਂ ਹੀ ਉਹ,
ਮੈਨੂੰ ਮਾਤਾਂ ਦੇ ਕੇ ਤੁਰਦਾ ਹੋਇਆ।
ਆਪਣੇ ਉਸ ਨਿਰਮੋਹੇਪਨ ਦਾ,
ਸੂਲ ਮੇਰੇ ਹਿਜਰ ਚ ਖੁਭੋਇਆ।
ਜਿੱਦਾਂ ਮੈਂ ਕਰਾਹੁੰਦਾ ਰਹਿੰਨਾਂ,
ਉਹ ਊਵੇਂ ਅੱਜ ਕਰਾਹੁਣ ਲੱਗਾ ਏ।
ਦੁਖਣ ਲੱਗੇ ਨੇਂ ਹਰਫ਼ ਕਲਮ ਦੇ,
ਵਿਹੜਾ ਕਾਗਜ਼ ਦਾ ਰੋਣ ਲੱਗਾ ਏ ।
ਮੈਂ ਅੱਜ ਗਮ ਦੇ ਬੂਟੜੇ ਥੱਲੇ,
ਪੀੜ ਦੀ ਛਾਂ ਨੂੰ ਮਾਨਣ ਆਇਆਂ।
ਜਿਸਨੇ ਹੌਕੇ ਦਿੱਤੇ ਨੇਂ ਮੈਨੂੰ,
ਅੱਜ ਮੈਂ ਉਸਨੂੰ ਜਾਨਣ ਆਇਆਂ।
ਮੇਰਾ ਆਪਾ ਆਪਣੇਂ ਹੱਥੀਂ,
ਕੁਝ ਤਾਂ ਅੱਜ ਗਵਾਉਣ ਲੱਗਾ ਏ।
ਦੁਖਣ ਲੱਗੇ ਨੇਂ ਹਰਫ਼ ਕਲਮ ਦੇ,
ਵਿਹੜਾ ਕਾਗਜ਼ ਦਾ ਰੋਣ ਲੱਗਾ ਏ ।
ਦੁੱਖਭੰਜਨ ਉਥੋਂ ਤੱਕ ਅੱਪੜਿਆ ਕਿਵੇਂ,
ਜਿੱਥੋਂ ਮੁੜਨਾ ਔਖਾ ਹੋਵੇ।
ਦੁੱਖਭੰਜਨ ਉਥੋਂ ਤੱਕ ਅੱਪੜਿਆ ਕਿਵੇਂ,
ਜਿੱਥੇ ਕੋਈ ਨਾ ਨਾਲ ਖਲੋਵੇ।
ਜਿਸਨੂੰ ਚਾਹਿਆ ਉਸਨੂੰ ਹੀ ਹੁਣ,
ਰੁਖਸਤੀ ਵੇਲੇ ਧਿਆਉਣ ਲੱਗਾ ਏ।
ਦੁਖਣ ਲੱਗੇ ਨੇਂ ਹਰਫ਼ ਕਲਮ ਦੇ,
ਵਿਹੜਾ ਕਾਗਜ਼ ਦਾ ਰੋਣ ਲੱਗਾ ਏ ।