
(ਹਰਜੀਤ ਲਸਾੜਾ, ਬ੍ਰਿਸਬੇਨ 22 ਜਨਵਰੀ) ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ ਫਰਾਈਜ਼ਰ-ਬਾਇਓਨਟੈਕ ਟੀਕੇ ਦੀ ਸ਼ੁਰੂਆਤ ਫਰਵਰੀ ਮਹੀਨੇ ਦੇ ਅੱਧ ਤੋਂ ਉਲੀਕੀ ਹੈ ਅਤੇ ਮਾਰਚ ਦੇ ਅੰਤ ਤੱਕ 4 ਲੱਖ ਲੋਕਾਂ ਦੇ ਟੀਕਾਕਰਣ ਦਾ ਟੀਚਾ ਮਿੱਥਿਆ ਹੈ। ਆਸਟ੍ਰੇਲੀਆ ਦੀ ਕੋਵੀਡ-19 ਟੀਕਾਕਰਨ ਨੀਤੀ ਦੇ ਤਹਿਤ ਇਹ ਟੀਕਾ ਕੁੱਝ ਵੀਜ਼ਾ ਸ਼੍ਰੇਣੀਆਂ ਨੂੰ ਛੱਡ ਕੇ ਸਾਰੇ ਆਸਟ੍ਰੇਲਿਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਮੁਫ਼ਤ ਹੋਵੇਗਾ। ਸਬਕਲਾਸ 600 (ਟੂਰਿਸਟ) ਵੀਜ਼ਾ, ਸਬ ਕਲਾਸ 771 (ਟ੍ਰਾਂਜ਼ਿਟ), 651 (ਈਵਿਜ਼ਿਟਰ) ਅਤੇ 601 (ਇਲੈਕਟ੍ਰਾਨਿਕ ਟਰੈਵਲ ਅਥਾਰਟੀ) ਨੂੰ ਇਸ ਸਮੇਂ ਮੁਫ਼ਤ ਟੀਕਾਕਰਨ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਨ੍ਹਾਂ ਸ਼੍ਰੇਣੀਆਂ ਅਧੀਨ ਆਉਂਦੇ ਤਕਰੀਬਨ 65,000 ਵੀਜ਼ਾ ਧਾਰਕਾਂ ਨੂੰ ਇਸ ਟੀਕੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਵਿੱਚ ਲਗਭਗ 69,000 ਲੋਕ ਇਨ੍ਹਾਂ ਸ਼੍ਰੇਣੀਆਂ ਅਧੀਨ ਆਉਂਦੇ ਹਨ। ਆਸਟ੍ਰੇਲਿਅਨ ਸਰਕਾਰ ਨੇ ਫਾਈਜ਼ਰ-ਬਾਇਓਨਟੈਕ ਵੈਕਸੀਨ ਦੇ 10 ਮਿਲੀਅਨ ਟੀਕੇ ਅਤੇ 54 ਮਿਲੀਅਨ ਟੀਕੇ ਐਸਟ੍ਰਾਜ਼ੇਨੇਕਾ ਕੰਪਨੀ ਤੋਂ ਵੀ ਪ੍ਰਾਪਤ ਕਰਣ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਲਈ ਗਈ ਹੈ।