
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਕੋਰੋਨਾਂ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਹਜ਼ਾਰਾਂ ਟੈਕਸੀ ਅਤੇ ਪ੍ਰਾਈਵੇਟ ਹਾਇਰ ਡਰਾਈਵਰਾਂ ਦੀ ਸਹਾਇਤਾ ਲਈ ਇਸ ਹਫਤੇ ਇੱਕ ਨਵੀਂ ਗ੍ਰਾਂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਗ੍ਰਾਂਟ ਨੂੰ ਯਕੀਨੀ ਬਨਾਉਣ ਲਈ ਸਕਾਟਲੈਂਡ ਦੇ ਸਥਾਨਕ ਅਧਿਕਾਰੀ ਲੱਗਭਗ 38,000 ਡਰਾਈਵਰਾਂ ਨਾਲ ਤਾਲਮੇਲ ਪੈਦਾ ਕਰਕੇ ਉਨ੍ਹਾਂ ਨੂੰ 1,500 ਪੌਂਡ ਦੀ ਰਾਸ਼ੀ ਪ੍ਰਾਪਤ ਕਰਨ ਲਈ ਸੱਦਾ ਦੇਣਗੇ। ਇਸ ਯੋਜਨਾ ਅਧੀਨ ਸਹਾਇਤਾ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਟੈਕਸੀ ਚਾਲਕਾਂ ਕੋਲ 9 ਅਕਤੂਬਰ 2020 ਤੋਂ ਘੱਟੋ ਘੱਟ 31 ਜਨਵਰੀ ਤੱਕ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ। ਇਹ ਨਕਦ ਸਹਾਇਤਾ ਰਾਸ਼ੀ ਸਕਾਟਿਸ਼ ਸਰਕਾਰ ਦੇ ਕੋਵਿਡ -19 ਪਬਲਿਕ ਟ੍ਰਾਂਸਪੋਰਟ ਮਿਟੀਗੇਸ਼ਨ ਫੰਡ ਅਤੇ ਯੂਕੇ ਸਰਕਾਰ ਦੀ ਸਵੈ-ਰੁਜ਼ਗਾਰ ਆਮਦਨੀ ਸਹਾਇਤਾ ਯੋਜਨਾ ਤੋਂ ਇਲਾਵਾ ਦਿੱਤੀ ਜਾਵੇਗੀ। ਇਸ ਸੰਬੰਧੀ ਵਿੱਤ ਸਕੱਤਰ ਕੇਟ ਫੋਰਬਜ਼ ਨੇ ਮਹਾਂਮਾਰੀ ਦੌਰਾਨ ਟੈਕਸੀ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਕਾਟਲੈਂਡ ਦੇ ਤਕਰੀਬਨ 38,000 ਟੈਕਸੀ ਅਤੇ ਪ੍ਰਾਈਵੇਟ ਡਰਾਈਵਰਾਂ ਨੂੰ 1,500 ਪੌਂਡ ਦੀ ਗ੍ਰਾਂਟ ਪ੍ਰਦਾਨ ਕਰਨ ਲਈ 57 ਮਿਲੀਅਨ ਪੌਂਡ ਦਾ ਬਜ਼ਟ ਪਾਸ ਕੀਤਾ ਗਿਆ ਹੈ, ਜਿਸ ਨਾਲ ਡਰਾਈਵਰਾਂ ਨੂੰ ਲਾਇਸੈਂਸ ਪਲੇਟ ਫੀਸਾਂ, ਕਿਰਾਏ ਦੀਆਂ ਫੀਸਾਂ ਆਦਿ ਦੇ ਇਲਾਵਾ ਹੋਰ ਖਰਚੇ ਪੂਰੇ ਕਰਨ ਵਿੱਚ ਸਹਾਇਤਾ ਮਿਲੇਗੀ।