
ਅਸ਼ੋਕ ਵਰਮਾ
ਬਠਿੰਡਾ,12ਜਨਵਰੀ2021: ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਮਲੂਕਾ ’ਚ ਸਹਿਕਾਰੀ ਸਭਾ ਦੀ ਚੋਣ ਮੌਕੇ ਅਕਾਲੀਆਂ ਅਤੇ ਕਾਂਗਰਸੀਆਂ ਵਿਚਕਾਰ ਹੋਈਆਂ ਝੜਪਾਂ ਨੂੰ ਲੈਕੇ ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਐਸਐਚਓ ਤੇ ਰਿਟਰਨਿੰਗ ਅਫਸਰ ਨੂੰ ਧਮਕੀਆਂ ਦੇਣ, ਸਰਕਾਰੀ ਡਿਊਟੀ ’ਚ ਵਿਘਨ ਪਾਉਣ ,ਪੁਲਿਸ ਕਰਮਚਾਰੀਆਂ ਨਾਲ ਧੱਕਾ ਮੁੱਕੀ ਕਰਨ ਅਤੇ ਭੰਨ ਤੋੜ ਦੇ ਦੋਸ਼ਾਂ ਤਹਿਤ 12 ਵਿਅਕਤੀਆਂ ਨੂੰ ਨਾਮਜਦ ਕਰਨ ਸਮੇਤ 150 ਅਣਪਛਾਤਿਆਂ ਖਿਲਾਫ ਧਾਰਾ 353,186,506,427 ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਜੋ ਵਿਅਕਤੀ ਨਾਮਜਦ ਕੀਤੇ ਹਨ ਉਹਨਾਂ ’ਚ ਅਕਾਲੀ ਦਲ ਦਾ ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ ਹਾਲ ਅਬਾਦ ਬਠਿੰਡਾ , ਨਗਰ ਪੰਚਾਇਤ ਭਗਤਾ ਭਾਈ ਦਾ ਸਾਬਕਾ ਅਕਾਲੀ ਕੌਂਸਲਰ ਜਗਮੋਹਨ ਲਾਲ ਅਤੇ ਨਗਰ ਪੰਚਾਇਤ ਦਾ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਸ਼ਾਮਲ ਹਨ।
ਪੁਲਿਸ ਨੇ ਇਸ ਮਾਮਲੇ ’ਚ ਮਲੂਕਾ ਸਮਰਥਕਾਂ ਰੇਸ਼ਮ ਸਿੰਘ ਪੁੱਛਰ ਰਾਮ ਸਿੰਘ, ਗੁਰਲਾਲ ਸਿੰਘ ਪੁੱਤਰ ਦਰਸ਼ਨ ਸਿੰਘ,ਬਲਜੀਤ ਰਾਮ ਪੁੱਤਰ ਚਾਨਣ ਰਾਮ,ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ,ਜਤਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ,ਬੂਟਾ ਸਿੰਘ ਪੁੱਤਰ ਪ੍ਰੀਤਮ ਸਿੰਘ ,ਸਤਿਗੁਰੂ ਸਿੰਘ ਪੁੱਤਰ ਨਿਰੰਜਣ ਸਿੰਘ,ਹਰਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀਅਨ ਮਲੂਕਾ ਅਤੇ ਗੁਜੰਟ ਸਿੰਘ ਖਾਨਦਾਨ ਵਾਸੀ ਭਗਤਾ ਭਾਈ ਵੀ ਪੁਲਿਸ ਕੇਸ ’ਚ ਸ਼ਾਮਲ ਕੀਤੇ ਹਨ। ਇਸ ਝਗੜੇ ਦਾ ਕਾਰਨ ਪਾਰਟੀਬਾਜੀ ਕਰਕੇ ਬਣੀ ਰੰਜਿਸ਼ ਦੱਸਿਆ ਗਿਆ ਹੈ।
ਥਾਣਾ ਦਿਆਲਪੁਰਾ ਭਾਈਕਾ ’ਚ ਰੇਸ਼ਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਲੂਕਾ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਦਰਜ ਐਫਆਈਆਰ ਨੰਬਰ ਦੋ ਅਨੁਸਾਰ ਮਿਤੀ 11 ਜਨਵਰੀ ਨੂੰ ਪਿੰਡ ਮਲੂਕਾ ਦੀ ਸਹਿਕਾਰੀ ਸਭਾ ਦੀਆਂ ਵੋਟਾਂ ਲਈ ਉਸ ਦੇ ਲੜਕੇ ਬਲਦੇਵ ਸਿੰਘ ਨੇ ਕਾਗਜ਼ ਦਾਖਲ ਕਰਨੇ ਸਨ। ਐਫਆਈਆਰ ’ਚ ਦੱਸਿਆ ਹੈ ਕਿ ਇਹਨਾਂ ਵਿਅਕਤੀਆਂ ਨੇ ਸਰਕਾਰੀ ਕੰਮ ਕਾਜ ’ਚ ਖਲਲ ਪਾਇਆ, ਰਿਟਰਨਿੰਗ ਅਫਸਰ ਜਿਤੇਸ਼ ਕੁਮਾਰ, ਇੰਸਪੈਕਟਰ ਅਮਨਪਾਲ ਸਿੰਘ ਨੂੰ ਧਮਕੀਆਂ ਦਿੱਤੀਆਂ,ਪੁਲਿਸ ਮੁਲਾਜਮਾਂ ਨਾਲ ਧੱਕਾ ਮੁੱਕੀ ਕੀਤੀ,ਪੁਲਿਸ ਮੁਲਾਜਮ ਦੀ ਗੱਡੀ ਤੇ ਹਮਲਾ ਕੀਤਾ ਅਤੇ ਓਥੇ ਪਏ ਸਮਾਨ ਦੀ ਭੰਨਤੋੜ ਕੀਤੀ।ਪੁਲਿਸ ਅਨੁਸਾਰ ਇਸ ਮਾਮਲੇ ’ਚ ਫਿਲਹਾਲ ਕੋਈ ਗਿ੍ਰਫਤਾਰੀ ਨਹੀਂ ਕੀਤੀ ਗਈ ਹੈ।
ਦੱਸਣਯੋਗ ਹੈ ਕਿ 11 ਜਨਵਰੀ ਨੂੰ ਦੀ ਮਲੂਕਾ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਮਲੂਕਾ ਦੀ ਚੋਣ ਰੱਖੀ ਗਈ ਸੀ । ਇਸ ਮੌਕੇ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਮਹੌਲ ਤਣਾਅ ਵਾਲਾ ਬਣਿਆ ਹੋਇਆ ਸੀ ਜਿਸ ਨੂੰ ਦੇਖਦਿਆਂ ਥਾਣਾ ਦਿਆਲਪੁਰਾ ਦੇ ਮੁੱਖ ਥਾਣਾ ਅਫਸਰ ਅਮਨਪਾਲ ਸਿੰਘ ਵਿਰਕ ਦੀ ਅਗਵਾਈ ਹੇਠ ਪੁਲਿਸ ਨਫਰੀ ਤਾਇਨਾਤ ਕੀਤੀ ਹੋਈ ਸੀ। ਇਸ ਮੌਕੇ ਕਾਗਜ਼ ਦਾਖਲ ਕਰਨ ਵੇਲੇ ਆਪਸੀ ਤਕਰਾਰ ਵਧਦੀ ਵਧਦੀ ਝਗੜੇ ਦਾ ਰੂਪ ਧਾਰਨ ਕਰ ਗਈ । ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਸ ਮੌਕੇ ਐਸਐਚਓ ਨੇ ਕਾਫੀ ਤੇਜੀ ਨਾਲ ਗੱਡੀ ਭਜਾ ਲਈ ਜਿਸ ਕਰਕੇ ਕੋਈ ਵੱਡਾਹਾਦਸਾ ਹੋ ਜਾਣਾ ਸੀ ਪਰ ਲੋਕਾਂ ਦੀ ਮੁਸਤੈਦੀ ਕਾਰਨ ਬਚਾਅ ਹੋ ਗਿਆ।
ਕਾਂਗਰਸ ਨੇ ਧੱਕੇ ਸ਼ਾਹੀ ਕੀਤੀ:ਮਲੂਕਾ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ਨੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਹਨ। ਉਹਨਾਂ ਆਖਿਆ ਕਿ ਪੁਲਿਸ ਚੋਣ ਸਟਾਫ ਨੂੰ ਧੱਕੇ ਨਾਲ ਗੱਡੀ ’ਚ ਬਿਠਾਕੇ ਲੈ ਗਈ ਜਿਸ ਕਰਕੇ ਚੋਣ ਨਹੀਂ ਹੋ ਸਕੀ ਹੈ। ਮਲੂਕਾ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਨੇ ਚੋਣਾਂ ਧੱਕੇ ਨਾਲ ਜਿੱਤੀਆਂ ਹਨ। ਉਹਨਾਂ ਆਖਿਆ ਕਿ ਅਕਾਲ ਦਲ ਦੇ ਉਮੀਦਵਾਰਾਂ ਨੂੰ ਤਾਂ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਸਫਲ ਹੋ ਗਏ ਸਨ। ਉਹਨਾਂ ਪੁਲਿਸ ਪ੍ਰਸ਼ਾਸ਼ਨ ਦੇ ਕਥਿਤ ਪੱਖਪਾਤੀ ਰਵਈਏ ਨੂੰ ਦੇਖਦਿਆਂ ਅਕਾਲੀ ਦਲ ਵੱਲੋਂ ਥਾਣੇ ਅੱਗੇ ਧਰਨਾ ਲਾਉਣ ਦਾ ਐਲਾਨ ਵੀ ਕੀਤਾ ਹੈ।
. ਅਕਾਲੀ ਦਲ ਤੇ ਮਹੌਲ ਵਿਗਾੜ ਦੇ ਇਲਜਾਮ
ਕਾਂਗਰਸੀ ਆਗੂ ਜਗਸੀਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਚੋਣ ਅਮਲ ਪੁਰਅਮਨ ਢੰਗ ਨਾਲ ਚੱਲ ਰਿਹਾ ਸੀ ਪਰ ਮੌਕੇ ਤੇ ਹਾਜਰ ਵੱਡੀ ਗਿਣਤੀ ਅਕਾਲੀ ਆਗੂਆਂ ਨੇ ਗੁੰਡਾਗਰਦੀ ਕਰਕੇ ਮਹੌਲ ਖਰਾਬ ਕੀਤਾ ਹੈ। ਕਾਂਗਰਸ ਤੇ ਲਾਏ ਧੱਕਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਜਗਸੀਰ ਸਿੰਘ ਨੇ ਆਖਿਆ ਕਿ ਆਪਣੀ ਹਾਰ ਹੁੰਦੀ ਦੇਖਕੇ ਅਕਾਲੀ ਅਜਿਹੇ ਦੋਸ਼ ਲਾਉਣ ਲੱਗਿਆ ਹੈ।
ਚੋਣ ਮੁਲਤਵੀ ਪਰ ਪੁਸ਼ਟੀ ਨਹੀਂ
ਸੂਤਰ ਦੱਸਦੇ ਹਨ ਕਿ ਸਹਿਕਾਰੀਸਭਾ ਮਲੂਕਾ ਦੀ ਚੋਣ ਇੱਥ ਵਾਰ ਮੁਲਤਵੀ ਕਰ ਦਿੱਤੀ ਗਈ ਹੈ। ਮਾਮਲੇ ਦੀ ਪੁਸ਼ਟੀ ਕਰਨ ਅਤੇ ਘਟਨਾਵਾਂ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਰਿਟਰਨਿੰਗ ਅਫਸਰ ਜਿਤੇਸ਼ ਗਰਗ ਨੇ ਫੋਨ ਨਹੀਂ ਚੁੱਕਆ।
ਐਸਐਚਓ ਨੇ ਦੋਸ਼ ਨਕਾਰੇ
ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਨੂੰ ਮੁੱਖ ਥਾਣਾ ਅਫਸਰ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਸਿਰੇ ਤੋਂ ਰੱਦ ਕੀਤਾ ਹੈ। ਉਹਨਾਂ ਆਖਿਆ ਕਿ ਏਦਾਂ ਦੀ ਕੋਈ ਗੱਲ ਨਹੀਂ ਹੋਈ ਬਲਕਿ ਪੁਲਿਸ ਨੇ ਆਪਣੀ ਬਣਦੀ ਡਿਊਟੀ ਕੀਤੀ ਹੈ।