9.6 C
United Kingdom
Saturday, March 7, 2026

More

    ਡਾ.ਰਾਕੇਸ਼ ਸ਼ਰਮਾ ਵਲੋਂ ਲਿਖੀ ਗਈ ਦੂਜੀ ਪੁਸਤਕ ਅਧਿਆਤਮਕ ਬੌਧਿਕ ਮੰਥਨ’’ ਦੀ ਘੁੰਢ ਚੁਕਾਈ ਕੀਤੀ

    ਡਾ.ਰਾਕੇਸ਼ ਸ਼ਰਮਾ ਵਲੋਂ ਲਿਖੀ ਗਈ ਦੂਜੀ ਪੁਸਤਕ ਅਧਿਆਤਮਕ ਬੌਧਿਕ ਮੰਥਨ’’ ਦੀ ਘੁੰਢ ਚੁਕਾਈ ਕਰਦੇ ਹੋਏ ਮੁੱਖ ਮਹਿਮਾਨ  ਸ. ਬਲਵੀਰ ਸਿੰਘ ਸਿੱਧੂ ਅਤੇ ਹੋਰ ਪਤਵੰਤੇ।(ਤਸਵੀਰ-ਥਿੰਦ)

    “ਲੇਖਕ ਦੀ ਇਹ ਪੁਸਤਕ ਸਮੇਂ ਦੀ ਲੋੜ”-ਡਾ.ਧਰਮ ਚੰਦ ਬਾਤਿਸ਼
    ਨਾਮ ਸਿਮਰਨ ਤੋਂ ਬਗੈਰ ਮਨੁੱਖੀ ਜੀਵਨ ਅਧੂਰਾ-ਇੰਦਰਜੀਤ ਮੁੰਡੇ
    ਮਾਲੇਰਕਟਲਾ, 10 ਜਨਵਰੀ (ਥਿੰਦ)-ਸਥਾਨਕ ਸਾਹਿਤਕ ਮਿੱਤਰ ਮੰਡਲ ਮਾਲੇਰਕਟਲਾ ਵਲੋਂ ਆਯੋਜਿਤ ਵੱਖ-ਵੱਖ ਵਿਧਾਵਾਂ ਦੇ ਉੱਘੇ ਸਾਹਿਤਕਾਰਾਂ ਜਯੋਤਿਸ਼ ਅਚਾਰਿਆ, ਪੱਤਰਕਾਰਾਂ ਅਤੇ ਇਲਾਕੇ ਦੇ ਵਿਦਵਾਨਾਂ ਦੀ ਹਾਜ਼ਰੀ ਵਿਚ ਅਧਿਆਤਮਵਾਦ ਦੇ ਰਹੱਸਪੂਰਨ ਵਿਸ਼ੇ ਉੱਪਰ ਡਾ. ਰਾਕੇਸ਼ ਸ਼ਰਮਾ (ਸਵਾਮੀ ਆਨੰਦ ਗਣਤਵ) ਵਲੋਂ ਖੋਜ਼ ਭਰਪੂਰ ਰਚਿਤ ਆਪਣੀ ਦੂਜੀ ਪਸਤਕ ‘‘ ਅਧਿਆਤਮਕ ਬੌਧਿਕ ਮੰਥਨ’’ ਲੋਕ ਅਰਪਿਤ ਕੀਤੀ ਗਈ। ਕਿਤਾਬ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਭਰ ਤੋਂ ਪਹੁੰਚੇ ਵਿਦਵਾਨਾਂ ਵਿਚ ਉੱਘੇ ਆਲੋਚਕ ਡਾ. ਧਰਮ ਚੰਦ ਬਾਤਿਸ਼, ਰਾਸ਼ਰਪਤੀ ਐਵਾਰਡੀ ਪ੍ਰੋ. ਡੀ.ਡੀ. ਭੱਟੀ, ਰਾਸ਼ਟਰੀ ਮਹਾਂਵੀਰ ਦਲ ਅਤੇ ਰਾਸ਼ਟਰੀ ਪ੍ਰਧਾਨ ਬ੍ਰਾਹਮਣ ਫਰੰਟ ਮਹੰਤ ਸਵਰੂਪ ਬਿਹਾਰੀ ਸ਼ਰਨ, ਜੋਤਿਸ਼ ਸਮਰਾਟ ਡਾ. ਚੰਦਰ ਸ਼ੇਖਰ, ਉੱਘੇ ਆਲੋਚਕ ਸਾਹਿਤਕਾਰ ਪ੍ਰੋ. ਓ. ਪੀ. ਵਰਮਾ ਅਤੇ ਅਚਾਰਿਆ ਰਜਨੀਸ਼ ਦੇ ਸਨਿਆਸੀ ਅਤੇ ਸਨਿਆਸਣਾਂ ਨੇ ਬਹੁਤ ਹੀ ਗਿਆਨ ਭਰਭੂਰ ਵਿਚਾਰ ਪ੍ਰਗਟ ਕੀਤੇ। ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਜੀ ਦੀ ਧਰਮ ਪਤਨੀ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਣ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮਾਗਮ ਵਿਚ ਸ. ਬਲਵੀਰ ਸਿੰਘ ਸਿੱਧੂ ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਪੰਜਾਬ ਨੇ ਮੁੱਖ ਮਹਿਮਾਨ ਅਤੇ ਪੰਜਾਬ ਦੇ ਉੱਘੇ ਸਮਾਜਸੇਵੀ ਅਤੇ ਵਾਤਾਵਰਣ ਪ੍ਰੇਮੀ ਸ. ਇੰਦਰਜੀਤ ਸਿੰਘ ਮੁੰਡੇ ਤੇ ਵਿਸ਼ਾਲ ਅੱਗਰਵਾਲ ਸਾਬਕਾ ਪ੍ਰਧਾਨ ਇੰਡਸਟ੍ਰੀਜ ਚੈਂਬਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਚ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਉਂਦਿਆਂ ਸ. ਨਾਹਰ ਸਿੰਘ ਮੁਬਾਰਕਪੁਰੀ ਨੇ ਸਮਾਗਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ ਕਰਦਿਆਂ ਦਿਲਸ਼ਾਦ ਜਮਾਲਪੁਰੀ ਦੇ ਧਾਰਮਿਕ ਗੀਤ ਓਮ ਅੱਲਾਹ ਹੂ, ਸਤਿਨਾਮ ਵਾਹਿਗੁਰੂ ਨਾਲ ਕੀਤਾ। ਇਸ ਉਪਰੰਤ ਮਹਿੰਦਰ ਦੀਪ ਨੇ ਤੇਰੇ ਨਾਮ ਪੇ ਮਿਟਾ ਹੂੰ, ਅਸ਼ੋਕ ਦੀਪਕ ਨੇ ਕੁੱਝ ਨਾ ਕੁੱਝ ਤਾਂ ਕਰਨਾ ਚੰਗਾ ਅਤੇ ਮਦਨ ਮਦਹੋਸ਼ ਨੇ ਆਪਣੇ ਵਿਚਾਰ ਹਾਜ਼ਰੀਨ ਸਾਹਮਣੇ ਪੇਸ਼ ਕੀਤੇ। ਲੰਮਾ ਸਮਾਂ ਚੱਲੇ ਸਮਾਗਮ ਦੌਰਾਨ ਡਾ. ਧਰਮ ਚੰਦ ਬਾਤਿਸ਼ ਨੇ ਲੇਖਕ ਦੀ ਇਸ ਪੁਸਤਕ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਧਰਤੀ ਉੱਪਰ ਮਨੁੱਖਤਾ ਦੇ ਵਿਕਾਸ ਸਮੇਂ ਸਭ ਤੋਂ ਪਹਿਲਾਂ ਅਧਿਆਤਮਵਾਦ ਨੇ ਹੀ ਜਨਮ ਲਿਆ ਸੀ, ਜਿਸ ਨੂੰ ਲਿਖਣਾ ਬਹੁਤ ਹੀ ਜੋਖਿਮ ਭਰਪੂਰ ਕੰਮ ਸੀ, ਪ੍ਰੋ. ਡੀ. ਡੀ. ਭੱਟੀ ਨੇ ਮਨੁੱਖਤਾ ਨੂੰ ਧਰਮ ਅਤੇ ਅਧਿਤਾਮਵਾਦ ਰਾਹੀਂ ਚੰਗੇ ਕਰਮ ਕਰਨ ਦਾ ਸੁਨੇਹਾ ਦਿੱਤਾ ਅਤੇ ਆਪਣੇ ਵਿਦਵਤਾ ਭਰਪੂਰ ਸ਼ਬਦਾਂ ਰਾਹੀਂ ਲੇਖਕ ਦੀ ਕਲਮ ਦੀ ਪ੍ਰਸ਼ੰਸਾ ਕੀਤੀ, ਡਾ. ਸਤੀਸ਼ ਕਪੂਰ ਨੇ ਮਨੁੱਖੀ ਜੀਵਨ ਅੰਦਰ ਅਧਿਆਤਮਵਾਦ ਦਾ ਮਹੱਵਪੂਰਨ ਅਸਥਾਨ ਦੱਸਦਿਆਂ ਮਾਨਸਿਕ ਸੰਤੁਲਨ ਅਤੇ ਮਨੁੱਖੀ ਵਿਕਾਸ ਲਈ ਇਸ ਦਾ ਅਧਿਐਨ ਕਰਨਾ ਜ਼ਰੂਰੀ ਦੱਸਿਆ, ਪ੍ਰੋ. ਓ. ਪੀ. ਵਰਮਾ ਨੇ ਆਪਣੀ ਵਿਆਖਿਆ ਵਿਚ ਬੋਲਦਿਆਂ ਕਿਹਾ ਕਿ ਅਧਿਆਤਮਵਾਦ ਦੇ ਗਿਆਨ ਤੋਂ ਬਗੈਰ ਮਾਰਕਸਵਾਦ ਅਤੇ ਹੋਰ ਸਾਰੇ ਵਾਦ ਅਧੂਰੇ ਹਨ, ਸੰਸਾਰੀਕਰਨ, ਪੂੰਜੀਵਾਦ ਤੇ ਨਿੱਜੀਕਰਨ ਪ੍ਰਤੀ ਆਪਣੇ ਸੰਖੇਪ ਸ਼ਬਦਾਂ ਵਿਚ ਸੁਚੇਤ ਹੋਣ ਦਾ ਸੰਦੇਸ਼ ਦਿੱਤਾ। ਸ. ਇੰਦਰਜੀਤ ਸਿੰਘ ਮੁੰਡੇ ਨੇ ਨਾਮ ਸਿਮਰਨ ਨੂੰ ਮਨੁੱਖੀ ਜੀਵਨ ਦਾ ਅੰਗ ਦੱਸਦਿਆਂ ਕਿਹਾ ਕਿ ਇਸ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ, ਮਹੰਤ ਸਰੂਪ ਬਿਹਾਰੀ ਸ਼ਰਨ ਨੇ ਇਸ ਪੁਸਤਕ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਦੇਣ ਦੀ ਗੱਲ ਆਖੀ ਅਤੇ ਡਾ. ਚੰਦਰ ਸ਼ੇਖਰ ਨੇ ਵੀ ਇਹਨਾਂ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਲੇਖਕ ਨੂੰ ਅੰਤਰਰਾਸ਼ਟਰੀ ਮੰਚ ’ਤੇ ਸਨਮਾਨ ਕਰਨ ਦੀ ਗੱਲ ਕਹੀ। ਅੰਤ ਵਿਚ ਸਮਾਗਮ ਦੇ ਮੁੱਖ ਮਹਿਮਾਨ ਸ. ਬਲਵੀਰ ਸਿੰਘ ਸਿੱਧੂ ਨੇ ਮਾਂ ਬੋਲੀ ਪੰਜਾਬੀ ਵਿਚ ਵਿਲੱਖਣ ਖੋਜ਼ ਭਰਪੂਰ ਕਿਤਾਬਾਂ ਨੂੰ ਮਾਲੀ ਸਹਾਇਤਾ ਦੇਣ ਲਈ ਆਖਦਿਆਂ ਕਿਹਾ ਕਿ ਸਾਹਿਤਕ ਸੰਸਥਾਵਾਂ ਨੂੰ ਆਪਣੇ ਕਾਟੋ ਕਲੇਸ਼ ’ਚੋਂ ਬਾਹਰ ਆ ਕੇ ਮਹੱਤਵਪੂਰਨ ਸਾਹਿਤ ਨੂੰ ਸੰਭਾਲਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਹਨਾਂ ਐਲਾਨ ਕਰਦਿਆਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਬਣਾ ਕੇ ਸਾਡੀ ਸੰਸਥਾ ਵਲੋਂ ਇਹੋ ਜਿਹਾ ਕੀਮਤੀ ਸਾਹਿਤ ਸਮਾਜ ਵਿਚ ਵੰਡਣ ਵਾਲੇ ਸਾਹਿਤਕਾਰਾਂ ਨੂੰ 5100/-ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਅੰਤ ਵਿਚ ਉਹਨਾਂ ਜ਼ਜਬਾਤੀ ਹੁੰਦੇ ਹੋਏ ਇਸ ਅਧਿਆਤਮਕ ਕਿਤਾਬ ਨੂੰ ਨਵੀਂ ਪੀੜੀ ਲਈ ਗ੍ਰੰਥਾਂ ਦੀ ਤਰਾਂ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਵਿਦਵਾਨਾਂ ਦੀ ਵਿਦਵਤਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ਦੌਰਾਨ ਸਾਰੇ ਵਿਦਵਾਨਾਂ ਨੇ ਕਿਤਾਬ ਦੇ ਲੇਖਕ ਡਾ. ਰਾਕੇਸ਼ ਸ਼ਰਮਾ ਨੂੰ ਕਿਤਾਬਾਂ ਦੀ ਮਾਲੀ ਰਾਸ਼ੀ, ਸਿਰਪਾਓ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਿਤਾਬ ਦੇ ਲੇਖਕ ਡਾ. ਰਾਕੇਸ਼ ਸ਼ਰਮਾ ਨੇ ਆਏ ਹੋਏ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨ, ਸਾਹਿਤਕਾਰਾਂ, ਪੱਤਰਕਾਰਾਂ ਅਤੇ ਡਾਕਟਰਾਂ ਤੋਂ ਇਲਾਵਾ ਪਹੁੰਚੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!