
ਮਾਲੇਰਕੋਟਲਾ, 10 ਜਨਵਰੀ (ਥਿੰਦ)-ਸਥਾਨਕ ਏਕਤਾ ਨਗਰ ਵਿਖੇ ਇਲਾਕੇ ਦੇ ਉੱਘੇ ਸਮਾਜਸੇਵੀ ਸ. ਪਿਆਰਾ ਸਿੰਘ ਅਤੇ ਉਹਨਾਂ ਦੇ ਪਰਿਵਾਰ ਵਲੋਂ ਧੀਆਂ ਦੀ ਲੋਹੜੀ ਨੂੰ ਲੈ ਕੇ ਇਕ ਸਮਾਗਮ ਕਰਵਾਇਆ ਗਿਆ। ਜਿਸ ਮੁੱਖ ਮਹਿਮਾਨ ਵਜੋਂ ਸੇਵਾਮੁਕਤ ਐਸ.ਪੀ. ਸ. ਮਨਜੀਤ ਸਿੰਘ ਬਰਾੜ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਕੁਲਵੰਤ ਸਿੰਘ ਪੰਡੋਰੀ ਵਿਦਾਇਕ ਮਹਿਲ ਕਲਾਂ ਵਲੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਐਸ.ਪੀ. ਸ.ਮਨਜੀਤ ਸਿੰਘ ਬਰਾੜ ਸੇਵਾਮੁਕਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕਰਵਾਏ ਗਏ ਲੋਹੜੀ ਦੇ ਸਮਾਗਮ ਵਿਚ ਸਮਾਜਸੇਵੀ ਪਿਆਰਾ ਸਿੰਘ ਅਤੇ ਉਹਨਾਂ ਦੇ ਪਰਿਵਾਰ ਵਲੋਂ ਗਰੀਬ ਪਰਿਵਾਰਾਂ ਦੀਆਂ 51 ਧੀਆਂ ਦੀ ਲੋਹੜੀ ਮਨਾਈ ਗਈ ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਧੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਅਜਿਹੇ ਕਾਰਜ ਸਮਾਜ ਦੇ ਹਰ ਵਿਅਕਤੀ ਨੂੰ ਆਪਣੀ ਜਿੰਮੇਵਾਰੀ ਸਮਝ ਕੇ ਕਰਨੇ ਚਾਹੀਦੇ ਹਨ ਤਾਂ ਜੋ ਸਾਡੀਆਂ ਧੀਆਂ ਦਾ ਮਨੋਬਲ ਹੋਰ ਵੀ ਸਿਖਰਾਂ ਤੇ ਪੁੱਜ ਸਕੇ। ਇਸ ਮੌਕੇ ਸਮਾਜਸੇਵੀ ਸ.ਪਿਆਰਾ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਗਮ ਦੌਰਾਨ ਉਹਨਾਂ ਵਲੋਂ 51 ਧੀਆਂ ਨੂੰ ਸੂਟ, ਜੁਰਾਬਾਂ, ਬੂਟ ਅਤੇ ਇਕ-ਇਕ ਮਠਿਆਈ ਦਾ ਡੱਬਾ ਦੇ ਕੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਜਸਵੀਰ ਕੌਰ, ਸ਼ਬਨਮ ਦੋਵੇਂ ਆਂਗਣਵਾੜੀ ਵਰਕਰ, ਭੰਗੀ ਦਾਸ ਗੁਆਰਾ ਬਲਾਕ, ਜਤਿੰਦਰ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ।