
ਇਟਲੀ (ਪੰਜ ਦਰਿਆ ਬਿਊਰੋ)
ਇੰਡੀਆ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਸੰਦਰਭ ਵਿੱਚ ਬਹੁਤ ਸਾਰੇ ਲੋਕ ਨਿੱਤਰੇ ਹਨ, ਜਿਸਦੀ ਸ਼ੁਰੂਆਤ ਪੰਜਾਬ ਵਿੱਚੋਂ ਹੋਈ ਹੈ | ਪੂਰੇ ਭਾਰਤ ਵਿੱਚ ਅੱਜ ਪੰਜਾਬੀਆਂ ਦੇ ਜੋਸ਼ ਅਤੇ ਏਕਤਾ ਦੇ ਚਰਚੇ ਹੋ ਰਹੇ ਹਨ | ਬੇਸ਼ੱਕ ਸਰਕਾਰੀ ਪੱਖ ਵਿੱਚ ਖੜ੍ਹਨ ਵਾਲੇ ਲੀਡਰ ਜਾਂ ਕੁਝ ਵਿਕੇ ਮੀਡੀਏ ਏਸ ਗੱਲ ‘ਤੇ ਮਿੱਟੀ ਪਾਉਣ ਲਈ ਜੱਦੋ ਜਹਿਦ ਕਰ ਰਹੇ ਹਨ | ਪਰ ਜਿੱਥੋਂ ਤੱਕ ਵੀ ਹੋਇਆ ਪੰਜਾਬੀ ਕਲਾਕਾਰਾਂ ਨੇ ਏਸ ਸੰਘਰਸ਼ ਦੇ ਪੱਖ ਵਿੱਚ ਪੂਰੀ ਜਿੰਦ ਜਾਨ ਲਾ ਦਿੱਤੀ ਹੈ | ਇੱਕ ਵਾਰ ਤਾਂ ਲੋਕਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ,ਜਿਹਨਾਂ ਨੂੰ ਤੁਸੀਂ ਕੰਜਰਾਂ ਦੇ ਦਰਜੇ ਤੇ ਬਠਾਉਂਦੇ ਹੋ , ਉਹ ਕਿਵੇਂ ਆਪਣੀ ਕਲਾ ਰਾਹੀਂ ਠਰੇ ਹੋਏ ਖ਼ੂਨ ਵਿੱਚ ਕ੍ਰਾਂਤੀ ਭਰ ਸਕਦੇ ਹਨ | ਪਰਦੇਸਾਂ ਵਿੱਚ ਵੱਸਦੇ ਭਾਈਚਾਰੇ ਨੇ ਵੀ ਏਸ ਸੰਘਰਸ਼ ਦਾ ਪੂਰੀ ਤਰਾਂ ਸਮਰਥਨ ਕੀਤਾ ਹੈ | ਇਟਲੀ ਵਿੱਚ “ਸਾਹਿਤ ਸੁਰ ਸੰਗਮ ਸਭਾ” ਨੇ ਵੀ ਗਾਇਕ “ਐੱਸ. ਐੱਸ. ਫਰਾਲਵੀ” ਅਤੇ ਗਾਇਕਾ “ਦੀਪੀ ਹਰਦੀਪ” ਦੀ ਆਵਾਜ਼ ਵਿੱਚ ਇਸ ਸੰਘਰਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਦੋਗਾਣਾ “ਦਿੱਲੀ vs ਪੰਜਾਬ” ਪੇਸ਼ ਕੀਤਾ ਹੈ | ਜਿਸਦਾ ਪੋਸਟਰ ਬੀਤੇ ਸ਼ਨੀਵਾਰ ਨੂੰ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਇੱਕ ਮੀਟਿੰਗ ਵਿੱਚ ਰੀਲੀਜ਼ ਕੀਤਾ ਗਿਆ | ਜਿਸਦੀ ਅਗਵਾਈ ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲ਼ਾ ਨੇ ਕੀਤੀ | ਇਸ ਮੀਟਿੰਗ ਵਿੱਚ ਖ਼ੁਦ ਐੱਸ. ਐੱਸ. ਫਰਾਲਵੀ , ਜੱਸੀ ਬਨਵੈਤ , ਸ਼ਾਲ੍ਹੀ , ਲਖਵੀਰ ਰਾਣਾ , ਜਿੰਮੀਂ ਸਹਿਗਲ , ਕੁਲਦੀਪ ਟਿਵਾਣਾ ਆਦਿ ਸ਼ਾਮਿਲ ਹੋਏ | ਦੂਰ ਦੁਰਾਡੇ ਬੈਠੇ ਸਭਾ ਦੇ ਸਾਰੇ ਮੈਂਬਰਾਂ ਬਲਵਿੰਦਰ ਸਿੰਘ ਚਾਹਲ (ਪ੍ਰਧਾਨ) ਬਿੰਦਰ ਕੋਲ਼ੀਆਂਵਾਲ਼, ਦਲਜਿੰਦਰ ਰਹਿਲ਼, ਨਿਰਵੈਲ ਸਿੰਘ, ਸਿੱਕੀ ਝੱਜੀ ਪਿੰਡੀਆ, ਮੇਜਰ ਖੱਖ, ਰਾਜੂ ਹਠੂਰੀਆ, ਵਾਸਦੇਵ, ਹੋਠੀ ਬੱਲਾਂ ਵਾਲਾ, ਪ੍ਰੋ: ਜਸਪਾਲ ਸਿੰਘ ਅਠੌਲ਼ਾ, ਅਤੇ ਪਿੰਦਾ ਢੰਡਵਾਰ ਸਭ ਨੇ ਸ਼ੁਭਕਾਮਨਾਵਾਂ ਭੇਜੀਆਂ |