6.9 C
United Kingdom
Sunday, April 20, 2025

More

    ਸਹੁਰੇ ਘਰ ਢੁੱਕਣ ਤੋਂ ਪਹਿਲਾਂ ਲਾੜੇ ਵੱਲੋਂ ਕਿਸਾਨ ਕਾਫਲਿਆਂ ਨੂੰ ਸਿਜਦਾ

    ਸੰਘਰਸ਼ ਦੀ ਸਹਾਇਤਾ ਲਈ 11 ਹਜਾਰ ਰੁਪਏ ਭੇਂਟ
    ਅਸ਼ੋਕ ਵਰਮਾ

    ਬਰਨਾਲਾ,9 ਜਨਵਰੀ2021: ਬਰਨਾਲਾ ਜਿਲੇ ਦੇ ਪਿੰਡ ਠੀਕਰੀਵਾਲਾ ਦੇ ਨੌਜਵਾਨ ਜਗਦੀਪ ਸਿੰਘ ਨੇ ਸਹੁਰੇ ਘਰ ਢੁੱਕਣ ਤੋਂ ਪਹਿਲਾਂ ਖੇਤੀ ਕਾਨੂੰਨਾਂ ਖਿਲਾਫ ਜੂਝ ਰਹੇ ਕਾਫਲਿਆਂ ਨੂੰ ਸਿਜਦਾ ਕਰਕੇ ਮੋਦੀ ਸਰਕਾਰ ਨੂੰ ਉਸ ਦੇ ਅੜੀਅਨ ਰਵਈਏ ਪ੍ਰਤੀ ਸਖਤ ਸੰਦੇਸ਼ ਦਿੱਤਾ ਹੈ। ਅੱਜ ਜਗਦੀਪ ਸਿੰਘ ਦਾ ਵਿਆਹ ਸੀ ਜਿਸ ਨੇ ਨਵੀਂ ਜਿੰਦਗੀ ’ਚ ਪੈਰ ਧਰਨ ਤੋਂ ਪਹਿਲਾਂ ਕਰੀਬ 12 ਵਜੇ ਮਹਿਲਕਲਾਂ ਟੋਲ ਪਲਾਜੇ ਉੱਪਰ ਕਰੀਬ ਸੌ ਦਿਨਾਂ  ਤੋਂ ਮੋਰਚਾ ਮੱਲੀ ਬੈਠੇ ਕਿਸਾਨ ਕਾਫਲੇ ਕੋਲ ਪੁੱਜਿਆ।ਸ਼ੁਰੂਆਤੀ ਦੌਰ ’ਚ ਮੋਰਚੇ ਤੇ ਬੈਠੇ ਕਿਸਾਨਾਂ ਨੇ ਸਮਝਿਆ   ਕਿ ਬਰਾਤ ਇਕੱਠੀ ਹੋ ਰਹੀ ਹੋਵੇਗੀ ਅਤੇ ਨੇੜਲੇ ਪਿੰਡ ਵਿਆਹੁਣ ਜਾਣਾ ਹੋਵੇਗਾ। ਕਿਸਾਨ ਮੋਰਚੇ ’ਚ ਡਟੇ ਲੋਕ ਉਦੋਂ ਦੰਗ ਰਹਿ ਗਏ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਝੰਡੇ ਲੱਗੀਆਂ ਕਰੀਬ ਇੱਕ ਦਰਜਨ ਕਾਰਾਂ ਵਿੱਚੋਂ ਬਰਾਤੀ ਬੜੇ ਠਰੰਮੇ ਨਾਲ ਉੱਤਰੇ ਅਤੇ ਚੁੱਪ ਚਾਪ ਪੰਡਾਲ ਦੀ ਰੌਣਕ ਬਣ ਗਏ।
                 ਇਸ ਮੌਕੇ ਧਰਨਾਕਾਰੀਆਂ ਨੇ ਜਗਦੀਪ ਸਿੰਘ ਦੇ ਜਜਬੇ ਦੇ ਸੁਆਗਤ ਵਜੋਂ ਕਿਸਾਨ ਸੰਘਰਸ਼ ਦੇ ਹੱਕ ’ਚ ਅਤੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਜਿਸ ’ਚ ਬਰਾਤੀਆਂ ਨੇ ਸਾਥ ਦਿੱਤਾ। ਇਸ ਮੌਕੇ ਬਰਾਤੀਆਂ ਨੇਕੁੱਝ ਸਮਾਂ ਕਿਸਾਨ ਕਾਫਲਿਆਂ ਸੰਗ ਬਿਤਾਇਆ ਅਤੇ ਸਮੇਂ ਦੀ ਸੀਮਤਾਈ ਹੋਣ ਦੇ ਬਾਵਜੂਦ ਵੀ ਬਰਾਤ ਨੂੰ ਚਾਹ ਛਕਾਈ ਗਈ। ਇਸ ਮੌਕੇ ਜਗਦੀਪ ਸਿੰਘ ਦੇ ਪ੍ਰੀਵਾਰ ਨੇ ਸੰਘਰਸ਼ ’ਚ ਯੋਗਦਾਨ ਲਈ ਬੀਕੇਯੂ ਏਕਤਾ ਡਕੌਂਦਾ ਨੂੰ 11 ਹਜਾਰ ਦਾ ਯੋਗਦਾਨ ਦਿੱਤਾ ਅਤੇ ਆਪਣੀ ਮੰਜਿਲ ਸ਼ਹਿਜਾਦ ਵੱਲ ਚਲੇ ਗਏ।  ਜਗਦੀਪ ਸਿੰਘ ਦਾ ਕਹਿਣਾ ਸੀ ਕਿ ਉਸ ਲਈ ਪੰਜਾਬ ਦੀਆਂ ਪੈਲੀਆਂ ਪਹਿਲਾਂ ਤੇ ਬਾਕੀ ਸਭ ਬਾਅਦ ’ਚ ਹੈ। ਉਸ ਨੇ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਅੜੀਅਲ ਰਵਈਆ ਤਿਆਗੇ ਅਤੇ ਖੇਤੀ ਕਾਨੂੰਨ ਵਾਪਸ ਲਵੇ ਨਹੀਂ ਤਾਂ ਉਸ ਨੂੰ ਕਿਸਾਨਾਂ ਦੇ ਵੱਡੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
                      ਇਸ ਸਮੇਂ ਮੌਜੂਦ ਆਗੂਆਂ ਕਿਹਾ ਕਿ ਮੋਦੀ ਹਕੂਮਤ ਨੇ ਪੰਜ ਜੂਨ ਨੂੰ ਖੇਤੀ ਵਿਰੋਧੀ ਤਿੰਨੇ ਆਰਡੀਨੈਂਸ (ਹੁਣ ਕਾਨੂੰਂਨ) ਪਾਸ ਕੀਤੇ ਸਨ ਜਿਹਨਾਂ ਖਿਲਾਫ ਕਿਸਾਨ ਸੰਘਰਸ਼ ਹੁਣ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਵੱਖ-ਵੱਖ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਕਾਰਨ ਛੋਟੀ ਕਿਸਾਨੀ ਕੋਲੋਂ ਰੇਤੇ ਵਾਂਗ ਕਿਰ ਰਹੀ ਜਮੀਨ, ਕਰਜਾ, ਖੁਦਕਸ਼ੀਆਂ ਦੀ ਖੇਤੀ ਉੱਗ ਰਹੀ ਹੈ। ਉਹਨਾਂ ਕਿਹਾ ਕਿ ਇਸ ਵਰਤਾਰੇ ਬਾਰੇ ਫਿਕਰਮੰਦ ਹੋਣ ਵਾਲੀ ਨੌਜਵਾਨ ਕਿਸਾਨੀ ਨੂੰ ਪਾਰਲੀਮਾਨੀ ਪਾਰਟੀਆਂ ਨੇ ਨਸ਼ਿਆਂ ਦੀ ਦਲਦਲ ਵੱਲ ਧੱਕ ਦਿੱਤਾ  ਅਤੇ ਬਜਾਰੂ, ਲੱਚਰ ਸਾਹਿਤ ਦਾ ਦਰਿਆ ਵਗਾਕੇ ਸੋਚ ਦੀ ਪੱਧਰ ਤੇ ਖੁੰਘਲ ਬਣਾ ਧਰਿਆ ਸੀ ਪਰ ਹੁਣ ਕਿਸਾਨੀ ਤੇ ਜੁਆਨੀ ਜਾਗ ਪਈ ਹੈ।
                         ਉਹਨਾਂ ਆਖਿਆ ਕਿ ਹੁਣ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀ ਟਿੱਕਰੀ ਅਤੇ ਸਿੰਘੂ ਬਾਰਡਰਾਂ ਉੱਪਰ ਹਾਕਮਾਂ ਦੀ ਧੌਣ ਨੱਪੀ ਲੱਖਾਂ ਦੀ ਤਾਦਾਦ‘ਚ ਕਿਸਾਨ ਕਾਫਲਿਆਂ ਨੂੰ ਮੋਦੀ ਹਕੂਮਤ ਨੇ ਆਪਣੇ ਗੋਦੀ ਮੀਡੀਏ ਰਾਹੀਂ ਖੂਬ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਹੁਣ ਹਕੂਮਤੀ ਚਾਲਾਂ ਨੂੰ ਸਮਝ ਗਏ ਹਨ। ਉਹਨਾਂ ਆਖਿਆ ਕਿ ਇਹਨਾਂ ਕਾਫਲਿਆਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨ ਕਾਫਲੇ ਸ਼ਾਮਿਲ ਹਨ, ਜੇ ਹੋਰ ਵਧੇਰੇ ਠੀਕ ਢੰਗ ਨਾਲ ਕਹਿਣਾ ਹੋਵੇ ਤਾਂ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਅਜਿਹਾ ਚਿਤਵਿਆ ਵੀ ਨਹੀਂ ਜਾ ਸਕਦਾ ਸੀ। ਕਿਸਾਨ ਜਥੇਬੰਦੀਆਂ ਦੇ ਦਹਾਕਿਆਂ ਭਰ ਤੋਂ ਯੋਜਨਾਬੱਧ ਪ੍ਰਚਾਰ ਦਾ ਸਿੱਟਾ ਹੀ ਸੀ ਕਿ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ਾਂ ਵੱਲ ਖਿੱਚ ਲਿਆਈ ਅਤੇ ਗੋਦੀ ਮੀਡੀਆਂ ਦੇ ਮੁਕਾਬਲੇ ਸਮਾਨਅੰਤਰ ਪ੍ਰਚਾਰ ਦੀ ਜਿੰਮੇਵਾਰੀ ਵੀ ਨੌਜਵਾਨਾਂ ਨੇ ਸਾਂਭ ਲਈ ਹੈ।
                          ਉਹਨਾਂ ਆਖਿਆ ਕਿ ਬਾਹਰਮੁਖੀ ਬਦਲੇ ਹਾਲਤਾਂ ਕਾਰਨ ਗਾਇਕਾਂ ਨੇ ਵੀ ਆਪਣੇ ਗੀਤਾਂ ਦੀਆਂ ਮੁਹਾਰਾਂ ਕਿਸਾਨੀ ਸੰਕਟ ਨੂੰ ਮੁਖਾਤਿਬ ਕਰ ਦਿੱਤੀਆਂ। ਅੱਜ ਨੌਜਵਾਨ ਕਿਸਾਨੀ ਸੰਘਰਸ਼ਾਂ ਦਾ ਹਿੱਸਾ ਬਣਕੇ ਆਪਣੇ ਆਪ ਉੱਤੇ ਮਾਣ ਮਹਿਸੂਸ ਕਰ ਰਹੇ ਹਨ। ਬੁੱਢੇ ਬਾਪੂ ਵੀ ਖੁਸ਼ ਹਨ ਕਿ ਸਾਡੀ ਕੀਤੀ ਹੋਈ ਮਿਹਨਤ ਆਖਰ ਰੰਗ ਲਿਆਈ ਹੈ। ਸਾਡੇ ਵਾਰਸਾਂ ਨੇ ਆਪਣੇ ਫਰਜਾਂ ਦੀ ਪਹਿਚਾਣ ਕਰ ਲਈ ਹੈ। ਇਸ ਸਮੇਂ ਟੋਲ ਪਾਲਜਾ ਮਹਿਲਕਲਾਂ ਵਿਖੇ ਲਗਾਤਾਰ ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਮਲਕੀਤ ਸਿੰਘ, ਗੁਰਦੇਵ ਸਿੰਘ, ਗੁਰਮੇਲ ਸਿੰਘ, ਭਾਗ ਸਿੰਘ, ਸੁਖਦੇਵ ਸਿੰਘ, ਹਰਬੰਸ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ ਨੇ ਪ੍ਰੀਵਾਰ ਦੇ ਅਜਿਹੇ ਉਸਾਰੂ ਪ੍ਰੇਰਨਾਦਾਇਕ ਉਪਰਾਲੇ ਦੀ ਜੋਰਦਾਰ ਸਰਾਹਨਾ ਕੀਤੀ।
                        ਪ੍ਰੀਵਾਰ ਲਈ ਮਾਣ ਵਾਲੀ ਗੱਲ:ਜਗਦੀਪ
    ਨੌਜਵਾਨ ਜਗਦੀਪ ਸਿੰਘ ਦਾ ਕਹਿਣਾ ਸੀ ਜਦ ਮੁਲਕ ਦਾ ਕਿਸਾਨ ਜਮੀਨਾਂ ਦੀ ਰਾਖੀ ਲਈ ਜੰਗ ਦੇ ਮੋਰਚੇ ਵਿੱਚ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਿੱਚ ਖੁੱਲੇ ਅਸਮਾਨ ਹੇਠ ਬੈਠਾ ਹੋਵੇ ਤਾਂ ਉਸ ਵਰਗੇ ਨੌਜਵਾਨਾਂ ਨੂੰ ਵੀ ਫਰਜ਼ ਨਿਭਾਉਣ ਦੀ ਸੋਝੀ ਆ ਹੀ ਗਈ ਹੈ। ਨੌਜਵਾਨ ਜਗਦੀਪ ਸਿੰਘ  ਪਿਤਾ ਖੁਦ ਸਰਹੱਦਾਂ ਦੀ ਰਾਖੀ ਕਰਦਿਆਂ ਫੌਜ ਚੋਂ ਸੇਵਾਮੁਕਤ ਹੋਇਆ ਹੈ ਜਿਸ ਨੇ ਮਾਣ ਮਹਿਸੂਸ ਕੀਤਾ ਕਿ ਉਹਨਾਂ ਨੂੰ ਜੁਝਾਰੂ ਕਾਫਲਿਆਂ ਸਂੰਗ ਇਸ ਵਿਸ਼ੇਸ਼ ਦਿਨ ਤੇ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਉਹਨਾਂ ਆਖਿਆ ਕਿ ਕਾਫਲਿਆਂ ਵੱਲੋਂ ਸਾਨੂੰ ਮਾਣ ਸਤਿਕਾਰ ਦਿੱਤਾ ਜਾਣਾ ਸਾਡੇ ਲਈ ਬੇਸ਼ਕੀਮਤੀ ਤੋਹਫਾ ਹੈ ਜਿਸ ਨੂੰ ਉਹ ਤਾਉਮਰ ਯਾਦ ਰੱਖਣਗੇ। ਉਹਨਾਂ ਆਖਿਆ ਕਿ ਰੋਹ ਦੇ ਇਸ ਬੁਲੰਦ ਜਜਬੇ ਕਾਰਨ ਮੋਦੀ ਸਰਕਾਰ ਨੂੰ ਝੁਕਣਾ ਪੈਣਾ ਹੈ,।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!