
ਅਸ਼ੋਕ ਵਰਮਾ
ਬਠਿੰਡਾ,9 ਜਨਵਰੀ2021: ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਪੰਜਾਬ ’ਚ ਸਕੂਲ ਖੋਹਲਣ ਨੂੰ ਪੰਜਾਬ ਸਰਕਾਰ ਦੀ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਸਾਜਿਸ਼ ਕਰਾਰ ਦਿੱਤਾ ਹੈ। ਬੰਟੀ ਰੋਮਾਣਾ ਨੇ ਅੱਜ ਬਠਿੰਡਾ ’ਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਰਿਹਾਇਸ਼ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਸ ਮਾਮਲੇ ਨੂੰ ਲੈਕੇ ਕਈ ਤਰਾਂ ਦੇ ਇਲਜਾਮ ਲਾਏ ਅਤੇ ਪੰਜਾਬ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਅਮਰਿੰਦਰ ਸ਼ਾਹ ਸਰਕਾਰ ਦੱਸਿਆ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਕੇਂਦਰ ਦੀ ਕਠਪੁਤਲੀ ਬਣੀ ਹੋਈ ਹੈ ਅਤੇ ਹਰ ਫੈਸਲਾ ਕਿਸਾਨ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਲਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਅਸਲ ’ਚ ਬੱਚਿਆਂ ਦੇ ਮਾਪੇ ਦਿੱਲੀ ਸੰਘਰਸ਼ ’ਚ ਗਏ ਹੋਏ ਹਨ ਜਿਹਨਾਂ ਤੇ ਸਕੂਲ ਖੁੱਲਣ ਨਾਲ ਇੱਕ ਵੱਖਰੀ ਕਿਸਮ ਦਾ ਬੋਝ ਪੈ ਜਾਣਾ ਹੈ।
ਉਹਨਾਂ ਆਖਿਆ ਕਿ ਕਈ ਮਾਪੇ ਤਾਂ ਅਜਿਹੇ ਹਨ ਜੋ ਬੱਚਿਆਂ ਨੂੰ ਸਕੂਲ ਛੱਡਣ ਤੇ ਲਿਆਉਣ ਲਈ ਘਰਾਂ ਨੂੰ ਵਾਪਿਸ ਆ ਜਾਣਗੇ ਜਿਸ ਨਾਲ ਨਿਸਚੇ ਹੀ ਸੰਘਰਸ਼ ’ਚ ਇਕੱਠ ਘਟੇਗਾ। ਉਹਨਾਂ ਆਖਿਆ ਕਿ ਜੇਕਰ ਸਕੂਲ ਖੋਹਲਣ ਦੀ ਮਨਸ਼ਾ ਸਿੱਖਿਆ ਦਾ ਨੁਕਾਸਾਨ ਹੋਣਾ ਰੋਕਣਾ ਹੁੰਦੀ ਤਾਂ ਗੱਲ ਠੀਕ ਸੀ ਪਰ ਸਰਕਾਰ ਨੇ ਇਸ ਸਬੰਧ ’ਚ ਕੋਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਨਾਂ ਹੀ ਸਿਹਤ ਵਿਭਾਗ ਨੇ ਬੱਚਿਆਂ ਦੀ ਸੁਰੱਖਿਆ ਲਈ ਤਿਆਰੀਆਂ ਕੀਤੀਆਂ ਹਨ। ਉਹਨਾਂ ਆਖਿਆ ਕਿ ਕਿਸਾਨ ਸੰਘਰਸ਼ ਦਾ ਜੋਰ ਪੰਜਾਬ ਤੇ ਹਰਿਆਣਾ ’ਚ ਹੋਣ ਕਰਕੇ ਇਹਨਾਂ ਸੂਬਿਆਂ ’ਚ ਸਕੂਲ ਚਾਲੂ ਕੀਤੇ ਹਨ ਜਦੋਂਕਿ ਦੇਸ਼ ਦੇ ਕਿਸੇ ਹੋਰ ਸੂਬੇ ਨੇ ਅਜਿਹਾ ਫੈਸਲਾ ਨਹੀਂ ਲਿਆ ਹੈ। ਇਸ ਤੋਂ ਜਾਹਰ ਹੈ ਕਿ ਸਰਕਾਰ ਦਾ ਏਜੰਡਾ ਸਿੱਖਿਆ ਨਹੀਂ ਬਲਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲੜਾਈ ਨੂੰ ਢਾਹ ਲਾਉਣਾ ਹੈ।
ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਅਮਿਤ ਸ਼ਾਹ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਿਹਨਾਂ ਨੂੰ ਬੀਜੇਪੀ ਸਰਕਾਰਾਂ ਵਾਂਗ ਕੈਪਟਨ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਕਰਕੇ ਗੀਤਕਾਰਾਂ ਤੇ ਗਾਇਕਾਂ ਨੂੰ ਈਡੀ ਅਤੇ ਆਮਦਨ ਕਰ ਵਿਭਾਗ ਰਾਹੀਂ ਘੇਰਿਆ ਗਿਆ ਹੈ ਜਦੋਂਕਿ ਹੁਣ ਪੰਜਾਬ ਸਰਕਾਰ ਗੀਤ ਸੰਗੀਤ ਨਾਲ ਜੁੜੇ ਲੋਕਾਂ ਖਿਲਾਫ ਪਰਚੇ ਦਰਜ ਕਰਕੇ ਗਿ੍ਰਫਤਾਰੀਆਂ ਕਰ ਰਹੀ ਹੈ। ਉਹਨਾਂ ਆਖਿਆ ਕਿ ਇਸ ਦੀ ਤਾਜਾ ਮਿਸਾਲ ਸ੍ਰੀ ਬਰਾੜ ਦੀ ਗਿ੍ਰਫਤਾਰੀ ਹੈ ਜਿਸ ਨੂੰ ਕਿਸੇ ਪੁਰਾਣੇ ਗਾਣੇ ’ਚ ਹਿੰਸਾ ਨੂੰ ਪ੍ਰਮੋਟ ਕਰਨ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਗਿਆ ਹੈ। ਉਹਨਾਂ ਸਵਾਲ ਕੀਤਾ ਕਿ ਕੀ ਪੰਜਾਬ ਦੇ ਹੋਰ ਗਾਇਕਾਂ ਨੇ ਅਜਿਹੇ ਗਾਣੇ ਨਹੀਂ ਗਾਏ ਹਨ ਜਿਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਹੈ।
ਉਹਨਾਂ ਆਖਿਆ ਕਿ ਅਸਲ ’ਚ ਇਹ ਕਲਾਕਾਰ ਸਿਆਸੀ ਲੋਕਾਂ ਦੇ ਚਹੇਤੇ ਬਣੇ ਹੋਏ ਹਨ। ਬੰਟੀ ਰੋਮਾਣਾ ਨੇ ਆਖਿਆ ਕਿ ਅਸਲ ’ਚ ਸ੍ਰੀ ਬਰਾੜ ਖਿਲਾਫ ਕਾਰਵਾਈ ਪਿੱਛੇ ਕਿਸਾਨ ਸੰਘਰਸ਼ ਦੇ ਹੱਕ ’ਚ ਗਾਇਆ ਗਿਆ ਉਹ ਗੀਤ ਹੈ ਜਿਸ ਨੂੰ ਲੈਕੇ ਹੁਣ ਇਸ ਦੇ ਗਾਇਕਾਂ ਖਿਲਾਫ ਵੀ ਸ਼ਿਕੰਜਾ ਕਸਣ ਦੇ ਚਰਚੇ ਹਨ। ਅੰਤ ’ਚ ਬੰਟੀ ਰੋਮਾਣਾ ਨੇ ਕਿਹਾ ਕਿ ਸਕੂਲ ਖੋਹਲਣ ਦਾ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ’ਚ ਲਿਆ ਦਿੱਤਾ ਹੈ। ਉਹਨਾਂ ਆਖਿਆ ਕਿ ਇਸ ਮਾਮਲੇ ’ਚ ਵਿਚਾਰਾਂ ਕਰਨ ਉਪਰੰਤ ਪਾਰਟੀ ਵੱਲੋਂ ਅਗਲਾ ਫੈਸਲਾ ਲਿਆ ਜਾਏਗਾ ਅਤੇ ਕਾਂਗਰਸ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਦਲ ਦਾ ਬੁਲਾਰਾ ਚਮਕੌਰ ਮਾਨ ਹਾਜਰ ਸੀ।