ਹਰਪ੍ਰੀਤ ਸਿੰਘ ਲਲਤੋਂ
ਪ੍ਰਵਾਹ ਨੀ ਕੋਈ, ਵਿਪਰੀਤ ਮੇਰੇ, ਭਾਵੇਂ ਸਾਰਾ ਜੱਗ ਤੁਰੇ,
ਮੇਰੀ ਚੁੰਨੀ ਦੇ ਨਾਲ਼ੋਂ ਨਾਲ, ਮਾਹੀਆ ਤੇਰੀ, ਪੱਗ ਤੁਰੇ।

ਮੈਂ ਵੀਣੀ ,ਤੇ ਤੂੰ ਵੰਗ ਹੋਵੇਂ,ਮੈਂ ਡੋਰ ,ਤੇ ਤੂੰ ਪਤੰਗ ਹੋਵੇਂ,
ਮੈਂ ਹੋਵਾਂ ,ਹੀਰ ਸਿਆਲਾਂ ਦੀ,ਤੇ ਤੂੰ ਰਾਂਝਾ ,ਝੰਗ ਹੋਵੇਂ।
ਇਸ਼ਕ ਖ਼ੁਮਾਰ ,ਚੜ੍ਹੇ ਐਸਾ,ਜੋ ਮੇਰੀ ,ਰਗ ਰਗ ਤੁਰੇ,
ਮੇਰੀ ਚੁੰਨੀ ਦੇ ਨਾਲ਼ੋਂ ਨਾਲ……..।
ਮੈਂ ਮੀਨ ,ਤੇ ਤੂੰ ਨੀਰ ਹੋਵੇਂ,ਮੈਂ ਫ਼ਰੇਮ ,ਤੇ ਤੂੰ ਤਸ਼ਵੀਰ ਹੋਵੇਂ,
ਬਣ ਜਾਵਾਂ ਨਿਸ਼ਾਨਾ ,ਮੈਂ ਤੇਰਾ,ਜੇ ਤੂੰ ਕਿਧਰੇ ,ਤੀਰ ਹੋਵੇਂ।
ਦਰ ਵੱਲ ਆਵੇ ,ਮੌਤ ਤੇਰੇ,ਸੀਨੇ ਮੇਰੇ ਦੇ ਨਾਲ ,ਵੱਜ ਮੁੜੇ,
ਮੇਰੀ ਚੁੰਨੀ ਦੇ ਨਾਲ਼ੋਂ ਨਾਲ………।
ਮੈਂ ਲਾਟ ,ਤੇ ਤੂੰ ਮਸ਼ਾਲ ਹੋਵੇਂ,ਮੈਂ ਪੱਤੀ ,ਤੇ ਤੂੰ ਡਾਲ ਹੋਵੇਂ,
ਮੱਛਲੀ ਬਣ ,ਮੈਂ ਫੱਸ ਜਾਵਾਂ,ਤੂੰ ਪਾਣੀ ਸੁੱਟਿਆ ,ਜਾਲ ਹੋਵੇਂ।
ਚੁਭੇ ਪੈਰੀਂ ਕੰਡਾ ,ਤੇਰੇ ਜੇ,ਪੀੜ ਜਿਸ਼ਮ ਮੇਰੇ ਵਿੱਚ ,ਵਗ ਤੁਰੇ,
ਮੇਰੀ ਚੁੰਨੀ ਦੇ ਨਾਲ਼ੋਂ ਨਾਲ………।
ਮੈਂ ਤੱਕਲ਼ਾ ,ਤੇ ਤੂੰ ਤੰਦ ਹੋਵੇਂ, ਮੈਂ ਰਾਹੀਂ ,ਤੇ ਤੂੰ ਪੰਧ ਹੋਵੇਂ,
ਰਹਿੰਦੀ ਉਮਰ ,ਨਾ ਖੋਲਾਂ ਮੈਂ,ਜੇ ਤੂੰ ਅੱਖੀਆਂ ,ਵਿੱਚ ਬੰਦ ਹੋਵੇਂ।
ਮੇਰਾ ਹੋਵੇ ਪਲ ,ਆਖਰੀ ਉਹ,ਜਦ ਲਲਤੋਂ ਹੋ ਅਲੱਗ ਤੁਰੇ,
ਮੇਰੀ ਚੁੰਨੀ ਦੇ ਨਾਲ਼ੋਂ ਨਾਲ ,ਲਲਤੋਂ ਤੇਰੀ ਪੱਗ ਤੁਰੇ।