ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਐਡਿਨਬਰਾ ਚਿੜੀਆਘਰ ਦੇ ਮੁੱਖ ਆਕਰਸ਼ਣ ਵੱਡ ਆਕਾਰੀ ਪੰਡਿਆਂ ਨੂੰ ਵਿੱਤੀ ਦਬਾਅ ਕਾਰਨ ਅਗਲੇ ਸਾਲ ਚੀਨ ਵਾਪਸ ਭੇਜਿਆ ਜਾ ਸਕਦਾ ਹੈ। ਯਾਂਗ ਗੁਆਂਗ ਅਤੇ ਤਿਆਨ ਤਿਆਨ ਨਾਮ ਦੇ ਦੋ ਪੰਡੇ ਜੋ ਕੇ ਚੀਨ ਤੋਂ ਲੀਜ਼ ‘ਤੇ ਲਏ ਗਏ ਹਨ, ਲਈ ਹਰ ਸਾਲ 1 ਮਿਲੀਅਨ ਪੌਂਡ ਦਾ ਖਰਚਾ ਆਉਂਦਾ ਹੈ। ਚਿੜੀਆਘਰ ਦਾ ਇਸ ਸੰਬੰਧੀ ਚੀਨੀ ਸਰਕਾਰ ਨਾਲ 10 ਸਾਲਾਂ ਦਾ ਸਮਝੌਤਾ ਖਤਮ ਹੋਣ ਦੇ ਨੇੜੇ ਹੈ ਅਤੇ ਆਰਥਿਕ ਸੰਕਟ ਕਾਰਨ ਹੋ ਸਕਦਾ ਹੈ ਕਿ ਇਹ ਸਮਝੌਤਾ ਦੁਬਾਰਾ ਨਾ ਕੀਤਾ ਜਾ ਸਕੇ। ਕੋਵਿਡ ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਕਾਰਨ ਐਡਿਨਬਰਾ ਚਿੜੀਆਘਰ ਅਤੇ ਹਾਈਲੈਂਡ ਵਾਈਲਡ ਲਾਈਫ ਪਾਰਕ ਚਲਾਉਣ ਵਾਲੀ ਸਕਾਟਲੈਂਡ ਦੀ ਰਾਇਲ ਜੁਆਲੋਜੀਕਲ ਸੁਸਾਇਟੀ ਨੂੰ ਤਕਰੀਬਨ 2 ਮਿਲੀਅਨ ਪੌਂਡ ਦਾ ਨੁਕਸਾਨ ਹੋਇਆ ਹੈ। ਸੁਸਾਇਟੀ ਦੇ ਮੁੱਖ ਕਾਰਜਕਾਰੀ ਡੇਵਿਡ ਫੀਲਡ ਅਨੁਸਾਰ ਇਸ ਸੰਸਥਾ ਨੂੰ ਪੰਡਾ ਇਕਰਾਰਨਾਮੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ ਹਾਲਾਂਕਿ ਇਹਨਾਂ ਚੀਨੀ ਪੰਡਿਆ ਨੇ ਪਿਛਲੇ ਨੌਂ ਸਾਲਾਂ ਵਿੱਚ ਦਰਸ਼ਕਾਂ ਉੱਤੇ ਪ੍ਰਭਾਵਸ਼ਾਲੀ ਪ੍ਰਭਾਵ ਪਾਉਣ ਦੇ ਨਾਲ ਲੱਖਾਂ ਲੋਕਾਂ ਨੂੰ ਕੁਦਰਤ ਨਾਲ ਜੁੜਨ ਵਿੱਚ ਸਹਾਇਤਾ ਕੀਤੀ ਹੈ, ਇਸਦੇ ਇਲਾਵਾ ਇਹਨਾਂ ਦੇ ਜਾਣ ਨਾਲ ਚਿੜੀਆਘਰ ਦੀ ਆਮਦਨ ਵਿੱਚ ਵੀ ਘਾਟ ਹੋ ਸਕਦੀ ਹੈ। ਫੀਲਡ ਅਨੁਸਾਰ ਚਿੜੀਆਘਰ ਪਹਿਲਾਂ ਹੀ ਇੱਕ ਸਰਕਾਰੀ ਲੋਨ ਲੈ ਚੁੱਕਾ ਹੈ ਅਤੇ ਤਾਲਾਬੰਦੀ ਦੌਰਾਨ ਸਟਾਫ ਦੀ ਵੀ ਵਿੱਤੀ ਸਹਾਇਤਾ ਕਰਨ ਦੇ ਨਾਲ ਫੰਡ ਇਕੱਠਾ ਕਰਨ ਦੀ ਅਪੀਲ ਸ਼ੁਰੂ ਕਰ ਰਿਹਾ ਹੈ, ਪਰ ਯੂਕੇ ਸਰਕਾਰ ਤੋਂ ਚਿੜੀਆਘਰ ਫੰਡ ਪ੍ਰਾਪਤ ਕਰਨ ਦੇ ਅਯੋਗ ਹੈ। ਇਸ ਲਈ ਆਉਣ ਵਾਲੇ ਮਹੀਨਿਆਂ ਵਿੱਚ ਚੀਨ ਵਿਚਲੇ ਸਹਿਯੋਗੀਆਂ ਨਾਲ ਅਗਲੀ ਕਾਰਵਾਈ ਲਈ ਵਿਚਾਰ ਕੀਤਾ ਜਾਵੇਗਾ।