
ਕੋਵਿਡ ਪੀੜਤ ਹੋਣ ਦੇ ਬਾਵਜੂਦ ਵੀ ਸੰਸਦ ਤੱਕ ਸਫਰ ਕਰਨ ਵਾਲੀ ਐੱਮ.ਪੀ. ਗ੍ਰਿਫਤਾਰ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੀ ਸੰਸਦ ਮੈਂਬਰ ਮਾਰਗਰੇਟ ਫੇਰੀਅਰ ਨੂੰ ਕੋਰੋਨਾਂ ਵਾਇਰਸ ਨਾਲ ਪੀੜਤ ਹੋਣ ਦੇ ਬਾਵਜੂਦ ਹਾਊਸ ਆਫ ਕਾਮਨਜ਼ ਦੀ ਯਾਤਰਾ ਕਰਨ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ 60 ਸਾਲਾ ਸੰਸਦ ਮੈਂਬਰ ‘ਤੇ ਪਿਛਲੇ ਸਾਲ 26 ਤੋਂ 29 ਸਤੰਬਰ ਦੇ ਵਿਚਕਾਰ ਕੋਰੋਨਾਂ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਵਾਲੇ ਵਿਵਹਾਰ ਦੇ ਨਾਲ ਕੋਰੋਨਾਂ ਪੀੜਤ ਹੋਣ ‘ਤੇ 800 ਮੀਲ ਦਾ ਸਫਰ ਤੈਅ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਫੇਰੀਆਰ ਨੇ ਸਤੰਬਰ ਵਿੱਚ ਉਸਦੇ ਵਾਇਰਸ ਪ੍ਰਤੀ ਸਕਾਰਾਤਮਕ ਟੈਸਟ ਬਾਰੇ ਜਾਣ ਲੈਣ ਦੇ ਬਾਅਦ ਟਰੇਨ ਰਾਹੀਂ ਯਾਤਰਾ ਕਰਕੇ ਵੈਸਟਮਿੰਸਟਰ ਵਿੱਚ ਹਾਊਸ ਆਫ ਕਾਮਨਜ਼ ਵਿੱਚ ਕਾਰਵਾਈ ਕਰਨ ਤੋਂ ਬਾਅਦ ਫਿਰ ਗਲਾਸਗੋ ਵਾਪਸ ਘਰ ਪਰਤੀ ਸੀ। ਫੇਰੀਅਰ ਨੇ ਆਪਣੀ ਇਸ ਲਾਪ੍ਰਵਾਹੀ ਕਰਕੇ ਵਾਇਰਸ ਸੰਬੰਧੀ ਨਿਯਮਾਂ ਨੂੰ ਤੋੜਿਆ ਸੀ। ਇਸਦੇ ਇਲਾਵਾ ਫੇਰੀਅਰ ‘ਤੇ ਉਸਦੇ ਕੋਰੋਨਾਂ ਟੈਸਟ ਦਾ ਨਤੀਜਾ ਆਉਣ ਤੋਂ ਪਹਿਲਾਂ ਲੈਨਾਰਕਸ਼ਾਇਰ ਵਿੱਚ ਬਿਊਟੀ ਸੈਲੂਨ, ਗਿਫਟ ਸ਼ਾਪ ਅਤੇ ਜਿਮ ਜਾਣ ਦਾ ਦੋਸ਼ ਵੀ ਲਗਾਇਆ ਗਿਆ ਸੀ। ਇਸ ਸੰਬੰਧੀ ਸਕਾਟਲੈਂਡ ਪੁਲਿਸ ਦੇ ਇੱਕ ਅਨੁਸਾਰ ਅਧਿਕਾਰੀਆਂ ਨੇ ਲਾਪ੍ਰਵਾਹੀ ਨਾਲ ਪੇਸ਼ ਆਉਣ ਦੇ ਦੋਸ਼ ਵਿੱਚ 60 ਸਾਲਾ ਫੇਰੀਅਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਸਕਾਟਲੈਂਡ ਪੁਲਿਸ ਦੁਆਰਾ 26 ਤੋਂ 29 ਸਤੰਬਰ 2020 ਦਰਮਿਆਨ ਕੋਰੋਨਾਂ ਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਦੀ ਪੂਰੀ ਜਾਂਚ ਤੋਂ ਬਾਅਦ ਕੀਤੀ ਗਈ ਹੈ ਅਤੇ ਇਸਦੀ ਰਿਪੋਰਟ ਸੰਬੰਧਿਤ ਅਧਿਕਾਰੀਆਂ ਨੂੰ ਭੇਜੀ ਜਾਵੇਗੀ।