
ਅਸ਼ੋਕ ਵਰਮਾ
ਬਠਿੰਡਾ,3ਜਨਵਰੀ2021: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਉਹਨਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਵਰਕਰਾਂ ਨੂੰ 11500 ਰੁਪਏ ਤੇ ਹੈਲਪਰਾਂ ਨੂੰ 5750 ਰੁਪਏ ਦਿੱਤੇ ਜਾਣ । ਮਾਲਵਾ ਖੇਤਰ ਦੇ ਨਾਲ ਸਬੰਧਤ 10 ਜਿਲ੍ਹਿਆਂ ਦੇ ਆਗੂਆਂ ਦੀ ਇਕ ਮੀਟਿੰਗ ਬਠਿੰਡਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿੱਥੇ ਬੋਲਦਿਆਂ ਉਹਨਾਂ ਕਿਹਾ ਕਿ ਜਿਹੜੇ ਪੈਸੇ ਵਰਕਰਾਂ ਤੇ ਹੈਲਪਰਾਂ ਦੇ ਪੰਜਾਬ ਸਰਕਾਰ ਅਕਤੂਬਰ 2018 ਤੋਂ ਕੱਟੀ ਬੈਠੀ ਹੈ , ਉਹ ਪੈਸੇ ਤੁਰੰਤ ਰਲੀਜ ਕੀਤੇ ਜਾਣ । ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਆਂਗਣਵਾੜੀ ਵਰਕਰਾਂ ਨੂੰ 24 ਹਜਾਰ ਰੁਪਏ ਤੇ ਹੈਲਪਰਾਂ ਨੂੰ 18 ਹਜਾਰ ਰੁਪਏ ਮਾਣਭੱਤਾ ਦਿੱਤਾ ਜਾਵੇ ।
ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਾਲ 2021 ਦੌਰਾਨ ਜਥੇਬੰਦੀ ਵੱਲੋਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਉਹਨਾਂ ਮੰਗ ਕੀਤੀ ਕਿ ਦੇਸ ਭਰ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਐਲਾਨਿਆ ਜਾਵੇ । ਉਹਨਾਂ ਦੋਸ਼ ਲਾਇਆ ਕਿ ਪਿਛਲੇ 45 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਦੇ ਮੂੰਹ ਵੱਲ ਵੇਖ ਰਹੀਆਂ ਦੇਸ ਭਰ ਦੀਆਂ 28 ਲੱਖ ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਸਾਲ 2021 ਦੌਰਾਨ ਉਹ ਆਪਣੀਆਂ ਮੰਗਾਂ ਸਰਕਾਰ ਦੇ ਕੋਲੋਂ ਮੰਨਵਾਉਣ ਲਈ ਤਿੱਖਾ ਸੰਘਰਸ਼ ਕਰਨਗੀਆਂ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 2 ਅਕਤੂਬਰ 1975 ਨੂੰ ਆਈ ਸੀ ਡੀ ਐਸ ਸਕੀਮ ਪੂਰੇ ਦੇਸ ਵਿੱਚ ਸ਼ੁਰੂ ਕੀਤੀ ਸੀ ਪਰ ਤ੍ਰਾਸਦੀ ਇਹ ਹੈ ਕਿ ਐਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਨਹੀਂ ਦਿੱਤਾ ਗਿਆ ਜਦ ਕਿ ਕੰਮ ਸਾਰੇ ਸਰਕਾਰੀ ਵਿਭਾਗਾਂ ਦੇ ਕਰਵਾਏ ਜਾਂਦੇ ਹਨ ।
ਉਹਨਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਉਹਨਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਨਹੀਂ ਦਿੰਦੀ , ਓਨਾਂ ਚਿਰ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਸੂਬੇ ਅੰਦਰ ਮੀਟਿੰਗਾਂ ਕਰਕੇ ਸੰਘਰਸ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਤਾਂ ਕਿ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ । ਉਹਨਾਂ ਕਿਹਾ ਕਿ ਸਰਕਾਰਾਂ ਨੇ ਹਮੇਸ਼ਾ ਹੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਅਤੇ ਲਾਰਿਆਂ ਦੇ ਵਿੱਚ ਰੱਖਿਆ ਗਿਆ ਪਰ ਆਪਣੇ ਹੱਕ ਲੈਣ ਲਈ ਹੁਣ ਜਥੇਬੰਦੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜੇਗੀ । ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 15 ਜਨਵਰੀ ਨੂੰ ਜਥੇਬੰਦੀ ਦਾ ਕੈਲੰਡਰ ਰਿਲੀਜ ਕੀਤਾ ਜਾਵੇਗਾ ।
ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਛਿੰਦਰਪਾਲ ਕੌਰ ਭਗਤਾ , ਦਲਜੀਤ ਕੌਰ ਬਰਨਾਲਾ, ਮਹਿੰਦਰ ਕੌਰ ਪੱਤੋ , ਬਲਵੀਰ ਕੌਰ ਮਾਨਸਾ , ਬਲਜੀਤ ਕੌਰ ਪੇਧਨੀ , ਕਿ੍ਸ਼ਨਾ ਔਲਖ , ਗੁਰਮੀਤ ਕੌਰ ਗੋਨੇਆਣਾ , ਜਸਵੀਰ ਕੌਰ ਬਠਿੰਡਾ , ਅੰਮਿ੍ਰਤ ਪਾਲ ਕੌਰ ਬੱਲੂਆਣਾ , ਸਰਬਜੀਤ ਕੌਰ ਫੂਲ , ਮਨਜੀਤ ਕੌਰ ਨਥਾਣਾ , ਪਰਮਜੀਤ ਕੌਰ ਰੁਲਦੂਵਾਲਾ , ਕਿਰਨਜੀਤ ਕੌਰ ਭੰਗਚੜੀ , ਗਗਨਦੀਪ ਕੌਰ ਮੱਲਣ , ਇੰਦਰਜੀਤ ਕੌਰ ਖੂਹੀਆਂ ਸਰਵਰ , ਕੁਲਜੀਤ ਕੌਰ ਜੀਰਾ , ਕੁਲਜੀਤ ਕੌਰ ਗੁਰੂ ਹਰਸਹਾਏ , ਪ੍ਰਕਾਸ ਕੌਰ ਮਮਦੋਟ , ਕੁਲਵੰਤ ਕੌਰ ਲੁਹਾਰਾ , ਗੁਰਮੀਤ ਕੌਰ ਦਬੜੀਖਾਨਾ , ਖੁਸਪਾਲ ਕੌਰ ਫਰੀਦਕੋਟ , ਸਮਿੱਤਰਾ ਫਾਜਲਿਕਾ , ਭੋਲੀ ਮਹਿਲ ਕਲਾਂ ਤੇ ਸੁਰਿੰਦਰ ਕੌਰ ਮਲੇਰਕੋਟਲਾ ਆਦਿ ਆਗੂ ਮੌਜੂਦ ਸਨ ।