

ਦਰਸ਼ਕਾਂ ਨੇ ‘ਮਨ ਕੀ ਬਾਤ’ ਖਿਲਾਫ ਖੜਕਾਈਆਂ ਥਾਲੀਆਂ
ਅਸ਼ੋਕ ਵਰਮਾ, ਬਠਿੰਡਾ:ਤੀਜੇ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਆਖਰੀ ਦਿਨ ਅੱਜ ਕਾਰਪੋਰੇਟ ਜਗਤ ਵੱਲੋਂ ਸਥਾਨਕ ਸਭਿਆਚਾਰ ਅਤੇ ਘੱਟ ਗਿਣਤੀ ਸਮਾਜਿਕ ਪਛਾਣ ਖਤਮ ਕਰਨ ਪ੍ਰਤੀ ਫਿਕਰ ਜਾਹਰ ਕੀਤੇ ਗਏ। ਬੁਲਾਰਿਆਂ ਨੇ ਇਸ ਮਾਮਲੇ ’ਚ ਸੱਤਾਧਾਰੀ ਧਿਰਾਂ ਨੂੰ ਦੋਸ਼ੀ ਕਰਾਰ ਦਿੰਦਿਆ ਆਖਿਆ ਕਿ ਨਿਰੋਲ ਮੁਨਾਫੇ ਅਧਾਰਿਤ ਖਪਤ ਸਭਿਆਚਾਰ ਪੈਦਾ ਕਰਨ ‘ਤੇ ਤੁਲੇ ਧਨਾਢ ਘਰਾਣਿਆਂ ਦੀ ਸਿਆਸੀ ਲੋਕਾਂ ਵੱਲੋਂ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਆਪਣੇ ਕੁੰਜੀਵਤ ਭਾਸ਼ਣ ‘ਲੋਕ ਲਹਿਰਾਂ ਅਤੇ ਸਭਿਆਚਾਰ’ ਵਿਸ਼ੇ ‘ਤੇ ਬੋਲਦਿਆਂ ਡਾ.ਅਰੀਤ (ਚੰਡੀਗੜ) ਨੇ ਕਿਸਾਨ ਅੰਦੋਲਨ ਨੂੰ ਵਿਸ਼ਵ ਭਰ ਦੇ ਸੰਘਰਸ਼ਾਂ ਨਾਲ ਜੋੜਦਿਆਂ ਦੱਸਿਆ ਕਿ ਕਿਸ ਤਰਾਂ ਦੁਨੀਆਂ ਦੇ ਹਰ ਖਿੱਤੇ ਚੋਂ ਪੂੰਜੀਵਾਦ ਦੇ ਵਿਰੋਧ ਵਿਚ ਅਵਾਜ਼ਾਂ ਉਠ ਰਹੀਆਂ ਹਨ। ਉਹਨਾਂ ਅਮਰੀਕਾ ਦੇ ਸਿਆਹ ਫਾਮ ਅੰਦੋਲਨਾਂ, ਲਾਤੀਨੀ ਅਮਰੀਕਾ ਦੇ ਪੂੰਜੀਵਾਦ ਅੰਦੋਲਨ ਅਤੇ ਭਾਰਤ ਵਿਚਲੇ ਸਮਾਨ ਨਾਗਰਿਕਤਾ ਅਧਿਕਾਰ (ਸੀ.ਏ.ਏ, ਐਨ,ਆਰ.ਸੀ ਵਿਰੋਧੀ ਅੰਦੋਲਨ) ਦੀ ਨਿਰੰਤਰਤਾ ’ਚ ਦਿੱਲੀ ਦੇ ਕਿਸਾਨ ਅੰਦੋਲਨ ਦੀ ਮਿਸਾਲ ਦਿੱਤੀ।
ਉਹਨਾਂ ਸਪਸ਼ਟ ਸ਼ਬਦਾਂ ’ਚ ਆਖਿਆ ਕਿ ਮੁਲਕ ਭਰ ’ਚ ਸਮਕਾਲੀ ਦੌਰ ਅੰਦਰ ਲੋਕ ਅੰਦੋਲਨ ਨੂੰ ਸੱਤਧਾਰੀ ਧਿਰ ਦਬਾਉਣ ਅਤੇ ਵੰਡਣ ਦੇ ਲਗਾਤਾਰ ਯਤਨ ਕਰ ਰਹੀ ਹੈ ਜਿਸ ਤੋਂ ਕਿਸੇ ਵੀ ਸਟੇਟ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਰਥ ਸ਼ਾਸ਼ਤਰੀ ਡਾ. ਅਨੁਪਮਾ ਨੇ ‘ਮੁਨਾਫੇ ਦੀ ਸਿਆਸਤ ਅਤੇ ਕਿਸਾਨੀ ਘੋਲ’ ਵਿਸ਼ੇ ‘ਤੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਕਿਸ ਤਰਾਂ ਸਾਡੇ ਦੇਸ਼ ਦਾ ਪੂੰਜੀਵਾਦ ਵਿਸ਼ਵੀਕਰਨ ਤਹਿਤ ਹੋਏ ਸਮਝੌਤਿਆਂ ਦੀ ਆੜ ਵਿਚ ਖੇਤੀ ਖੇਤਰ ਦੀ ਲੁੱਟ ਦਾ ਰਾਹ ਪੱਧਰਾ ਕਰਨ ’ਤੇ ਲੱਗਾ ਹੋਇਆ ਹੈ। ਉਹਨਾਂ ਆਖਿਆ ਇਸ ਸਦੰਰਭ ’ਚ ਜਿਹਨਾਂ ਪੱਛਮੀਂ ਦੇਸ਼ਾਂ ਨਾਲ ਹੋਏ ਸਮਝੌਤਿਆਂ ਦੇ ਹਵਾਲੇ ਦਿੱਤੇ ਜਾਂਦੇ ਹਨ ਉਹਨਾਂ ਵੱਲੋਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਾਡੇ ਦੇਸ਼ ਨਾਲੋਂ ਕਿਤੇ ਵੱਧ ਸਬਸਿਡੀ ਦਿੱਤੀ ਜਾ ਰਹੀ ਹੈ।
ਉਹਨਾਂ ਅੰਕੜਿਆਂ ਅਤੇ ਤੱਥਾਂ ਸਾਹਿਤ ਪ੍ਰਮਾਣਿਤ ਕਰਦਿਆਂ ਕਿਹਾ ਕਿ ਜੇ ਭਾਰਤ ਦੇ ਕਿਸਾਨ ਨੂੰ ਔਸਤ 285 ਡਾਲਰ ਸਬਸਿਡੀ ਮਿਲਦੀ ਹੈ ਤਾਂ ਯੂਰਪ ਦੇ ਕਿਸਾਨਾਂ ਨੂੰ 61 ਹਜ਼ਾਰ ਡਾਲਰ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਆਖਿਆ ਕਿ ਭਾਰਤ ਦੇ ਕਾਰਪੋਰੇਟ ਘਰਾਣਿਆਂ ਦੀ ਅੱਖ ਖੇਤੀ ਖੇਤਰ ਵਿਚ ਦਾਖਲੇ ਉਹਨਾਂ ਦਿਓਕੱਦ ਸਬਸਿਡੀ ’ਤੇ ਹੈ ਜਿਹੜੀਆਂ ਸੈਲੋ ਬਣਾਉਣ ਅਤੇ ਖੇਤੀ ਜਿਨਸਾਂ ਦਾ ਵਪਾਰ ਕਰਨ ਲਈ ਨਿੱਜੀ ਰੇਲਵੇ ਲਾਈਨਾਂ ਵਿਛਾਉਣ ਵਰਗੀਆਂ ਗਤੀਵਿਧੀਆਂ ਕਰਨ ਵੇਲੇ ਮਿਲਣਗੀਆਂ। ਉਹਨਾਂ ਇੱਕ ਤਰਾਂ ਨਾਲ ਦੋਸ਼ ਲਾਇਆ ਕਿ ਖੇਤੀ ਕਾਰਪੋਰੇਟ ਕਿਸਾਨਾਂ ਨੂੰ ਖੇਤੀ ਖੇਤਰ ਚੋਂ ਬਾਹਰ ਕਰਕੇ ਵਿਹਲੜ, ਖਪਤਕਾਰ ਬਣਾਉਣ ‘ਤੇ ਬਾਜਿਦ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ ਪਰਮਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮੌਜੂਦਾ ਕਿਸਾਨ ਲੋਕ ਅੰਦੋਲਨ ਨੇ ਭਾਰਤੀ ਲੋਕਾਂ ਨੂੰ ਇੱਕ ਨਵੀਂ ਸਾਂਝੀ ਪਛਾਣ ਦੇ ਕੇ ਕਾਰਪੋਰੇਟ ਜਗਤ ਦੀ ਲੁੱਟ ਅਤੇ ਸੱਤਾ ਦੀ ਸਾਂਝ ਭਿਆਲੀ ਖਿਲਾਫ ਇੱਕਮੁੱਠ ਕੀਤਾ ਹੈ ਅਤੇ ਇਸ ਨੇ ਲੋਕ-ਮੁਖੀ ਸਭਿਆਚਾਰ ਦੀਆਂ ਸੰਭਾਵਨਾਵਾਂ ਜਗਾਈਆਂ ਹਨ।
ਉਹਨਾਂ ਇਸ ਅੰਦੋਲਨ ਨੂੰ ਮਿਹਨਤੀ ਲੋਕਾਂ ਦੀ ਜਥੇਬੰਦੀਆਂ ਦੀ ਸਾਲਾਂ ਬੱਧੀ ਮਿਹਨਤ ਦਾ ਸਿੱਟਾ ਕਰਾਰ ਦਿੰਦਿਆਂ ਇਸ ਵਰਤਾਰੇ ਨੂੰ ਜਾਰੀ ਰੱਖਣ ਦੀ ਲੋੜ ਤੇ ਜੋਰ ਦਿੱਤਾ ਹੈ। ਇਸ ਤੋਂ ਪਹਿਲਾਂ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਆਖਰੀ ਦਿਨ ਦੀ ਸ਼ੁਰਆਤ ਸਮੇਂ ਦਰਸ਼ਕਾਂ ਨੇ ‘ਮਨ ਕੀ ਬਾਤ’ ਦੇ ਖਿਲਾਫ ਥਾਲੀਆਂ ਖੜਕਾ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ । ਲੋਕ ਪੱਖੀ ਗਾਇਕ ਨਵਦੀਪ ਧੌਲਾ ਅਤੇ ਸਾਥੀਆਂ ਨੇ ਸਾਹਿਤਕ ਅਤੇ ਅਗਾਂਹਵਧੂ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ‘ਇੱਕ ਸੀ ਫਰੀਦਕੋਟ ਰਿਆਸਤ’ (ਕਰਨਲ ਬਲਬੀਰ ਸਿੰਘ ਸਰਾਂ), ਗੁਰਸ਼ਰਨ ਸਿੰਘ ਦੀ ਡਾਇਰੀ (ਸੰਪਾਦਕ ਹਰਪ੍ਰੀਤ ਸਿੰਘ), ‘ਕਿਵੇਂ ਲੱਗਿਆ ਸੰਸਦ ਵਿਚ ਭਗਤ ਸਿੰਘ ਦਾ ਬੁੱਤ’ (ਮਨੋਹਰ ਸਿੰਘ ਗਿੱਲ), ਯਾਤਰਾਵਾਂ (ਪਵਨ ਗੁਲਾਟੀ) ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ (ਬਠਿੰਡਾ), ਕਰਤਾਰ ਸਿੰਘ ਸਰਾਭਾ ਲਾਇਬਰੇਰੀ ਦੀਵਾਨਾ (ਬਰਨਾਲਾ). ਸ਼ਹੀਦ ਭਗਤ ਸਿੰਘ ਲਾਇਬਰੇਰੀ ਦਬੜੀਖਾਨਾ (ਫਰੀਦਕੋਟ), ਐਡਵਰਡਗੰਜ ਪਬਲਿਕ ਲਾਇਬਰੇਰੀ ਮਲੋਟ, ਸ਼ਹੀਦ ਭਗਤ ਸਿੰਘ ਲਾਇਬਰੇਰੀ ਰੋੜੀ (ਸਿਰਸਾ) ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਮਾਨਿਤ ਕੀਤਾ ਗਿਆ। ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਦਿਆਂ ਤਿੰਨ ਦਿਨਾਂ ਪੀਪਲਜ਼ ਲਿਟਰੇਰੀ ਫੈਸਟੀਵਲ ਦੀ ਕਾਮਯਾਬੀ ਲਈ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਅਜਿਹੇ ਸਾਹਤਿਕ ਉਤਸਵ ਸਮਾਜ ਅੰਦਰ ਸਮਕਾਲੀ ਵਰਤਾਰਿਆਂ ਨੂੰ ਸਮਝਣ ਦੀ ਬੌਧਿਕ ਯੋਗਤਾ ਪੈਦਾ ਕਰਦੇ ਹਨ। ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਖਰੀ ਦਿਨ ਦਾ ਸਮੁੱਚਾ ਸੰਚਾਲਨ ਡਾ. ਨੀਤੂ ਆਰੋੜਾ ਨੇ ਕੀਤਾ।
ਗੁਰਪ੍ਰੀਤ ਆਰਟਿਸਟ ਕਿਸਾਨ ਅੰਦੋਲਨ ਨਾਲ ਸੰਬੰਧਿਤ ਚਿਤਰ ਪ੍ਰਦਸ਼ਨੀ ਵਿਚ ਮੌਕੇ ‘ਤੇ ਚਿਤਰ ਤਿਆਰ ਕੀਤੇ ਗਏ। ਇਸ ਮੌਕੇ ਨਟਰਾਜ ਰੰਗਮੰਚ ਕੋਟਕਪੂਰਾ ਵੱਲੋਂ ਰੰਗ ਹਰਜਿੰਦਰ ਦੀ ਨਿਰਦੇਸ਼ਨਾਂ ਹੇਠ ‘ਬੰਬੀਹਾ ਬੋਲੇ’ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਰਵਾਇਤੀ ਅਹਾਰਾਂ ਦੇ ਸਟਾਲਾਂ ਵਿਚ ‘ਬੀ-ਟਰੀਟ’ ਸ਼ਹਿਦ, ਬਰਗਾੜੀ ਗੁੜ, ਅਤੇ ਗਰੀਨ ਐਨਰਜ਼ੀ ਫਾਰਮ ਦੀ ਅਮਰੂਦ ਬਰਫੀ ਦਰਸ਼ਕਾਂ ਦੀ ਪਸੰਦ ਬਣੀ ਰਹੀ। ਫੈਸਟੀਵਲ ਵਿਚ ਡਾ.ਸੁਰਜੀਤ (ਪਟਿਆਲਾ) ,ਰਾਜਪਾਲ ਸਿੰਘ, ਸਤੀਸ਼ ਗੁਲਾਟੀ, ਗੁਰਪ੍ਰੀਤ ਸਿੱਧੂ, ਬੂਟਾ ਸਿੰਘ ਸਿਰਸਾ, ਸੁਦਰਸ਼ਨ ਜੱਗਾ, ਗੁਰਬਿੰਦਰ ਦਬੜੀਖਾਨਾ, ਰੁਪਿੰਦਰ ਵਰਮਾ, ਗੁਰਬਿੰਦਰ ਬਰਾੜ, ਅਮਰਜੀਤ ਢਿੱਲੋਂ, ਜੇ ਸੀ ਪਰਿੰਦਾ,ਪ੍ਰੋ. ਅਮਨਦੀਪ ਸੇਖੋਂ, ਜਸਪਾਲ ਮਾਨਖੇੜਾ, ਲਛਮਣ ਮਲੂਕਾ, ਰਣਜੀਤ ਗੌਰਵ, ਡਾ, ਰਵਿੰਦਰ ਸੰਧੂ ਅਤੇ ਸੁਰਿੰਦਰਪ੍ਰੀਤ ਘਣੀਆਂ ਹਾਜ਼ਰ ਸਨ।