
ਰਜਨੀ ਵਾਲੀਆ
ਇੱਕ ਰੋਜ਼ ਮੈਂ,
ਜ਼ਮੀਨ ਤੇ ਪਏ ਹੌਏ ਗਮਲੇ ਨੂੰ,
ਇੱਕ ਟੱਕ ਦੇਖੀ ਜਾ ਰਹੀ ਸੀ |
ਤੇ ਦਿਮਾਗ ਦੇ ਦਰਾਂ ਮੂਹਰੇ,
ਇੱਕ ਦਸਤਕ ਆ ਰਹੀ ਸੀ |
ਕੁਝ ਨਿੰਮ ਦੇ ਬੂਟੜੇ,
ਦੋ ਜਮੀਨਾਂ ਵਿੱਚ ਲਗਾ ਦਿੱਤੇ,
ਇੱਕ ਕੁਦਰਤੀ ਜਮੀਨ ਤੇ,
ਦੂਸਰਾ ਗਮਲੇ ਚ ਕੈਦ ਭਰੀ ਜਮੀਨ ਚ |
ਤੇ ਮੁੜ ਸੋਚਿਆ ਕਿਹੜੇ ਤੁਰਨਗੇ,
ਤੇ ਕਿਹੜੇ ਰਹਿਣਗੇ ਹਰੇ |
ਰੋਜ਼ ਉਹਨਾਂ ਨੂੰ ਪਾਈ ਲੋੜ ਅਨੁਸਾਰ ਖਾਦ |
ਉਹਨਾ ਦਾ ਪਾਲਣ-ਪੋਸ਼ਣ ਰਿਹਾ,
ਸਦਾ ਹੀ ਯਾਦ |
ਪਾਣੀ ਪਾਇਆ,
ਜਦ ਵੀ ਮੈਨੂੰ ਚੇਤਾ ਆਇਆ |
ਕੁਝ ਅਰਸਾ ਪਾ ਕੇ ਮੈਂ,
ਮਹਿਸੂਸ ਕੀਤਾ ਸੀ |
ਕਿ ਬੂਟੇ ਵੀ ਤਾਂ ਔਰਤ ਵਾਂਗੂ,
ਮਹਿਸੂਸ ਕਰਦੇ ਨੇਂ |
ਇਹਨਾਂ ਨੂੰ ਵੀ ਦਰਦ ਹੁੰਦਾ ਏ,
ਇਹ ਵੀ ਜਿਉਂਦੇ ਤੇ ਮਰਦੇ ਨੇਂ |
ਗਮਲੇ ਵਿਚਲਾ ਬੂਟਾ ਤਾਂ,
ਮੁਰਝਾ ਚੁਕਿਆ ਹੈ |
ਉਸਦੇ ਸਾਹ ਤਾਂ ਸੂਤੇ ਗਏ ਨੇਂ,
ਓ ਆਪਣੀ ਔਧ ਹੰਢਾ ਚੁਕਿਆ ਹੈ |
ਤੇ ਜਮੀਨ ਚ ਲੱਗਿਆ ਬੂਟਾ,
ਰਜਨੀ ,
ਅੱਜ ਵੀ ਹਰਾ ਬੜਾ ਹੈ |
ਕੱਦ ਕਾਠ ਵੀ ਕੱਢਿਐ,
ਤੇ ਓ ਖਰਾ ਬੜਾ ਹੈ |
ਇਸੇ ਤਰਾਂ ਹੀ ਜਿਹੜੀ ਔਰਤ,
ਮਰਦ ਦੇ ਅੱਗੇ ਗੱਲ-ਗੱਲ ਉਤੇ,
ਝੁਕ ਜਾਂਦੀ ਏ,
ਤੇ ਆਪਣਾ ਹਿੰਮਤੀ ਰੰਗ ਜਦੋਂ,
ਵਟਾ ਬਹਿੰਦੀ ਏ |
ਉਹੀ ਔਰਤ ਹਮੇਸ਼ਾ ਲਈ,
ਅਾਪਣੀ ਕਦਰ ਘਟਾ ਬਹਿੰਦੀ ਏ
ਅਾਪਣੀ ਕਦਰ ਘਟਾ ਬਹਿੰਦੀ ਏ |