
ਬਲਵਿੰਦਰ ਸਿੰਘ ਚਾਹਲ ਯੂ ਕੇ
ਚੀਨ ਤੋ ਸ਼ੁਰੂ ਹੋਏ ਕੋਰੋਨਾ ਵਾਇਰਸ ਵੱਲੋਂ ਬੜੀ ਤੇਜ਼ੀ ਨਾਲ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਚਾਰੋਂ ਪਾਸੇ ਖੜੋਤ ਪੈਦਾ ਕਰ ਦਿੱਤੀ ਗਈ ਹੈ। ਚੀਨ ਤੋਂ ਪਿੱਛੋਂ ਜਪਾਨ, ਦੱਖਣੀ ਕੋਰੀਆ, ਇਰਾਨ ਤੇ ਕੁਝ ਹੋਰ ਮੁਲਕਾਂ ਵਿੱਚ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਸੀ ਤਾਂ ਫਿਰ ਇੱਕਦਮ ਯੂਰਪ ਵਿੱਚ ਕੋਰੋਨਾ ਨੇ ਦਸਤਕ ਦਿੱਤੀ ਤਾਂ ਇਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ। ਯੂਰਪੀ ਦੇਸ਼ ਇਟਲੀ ਵਿੱਚ ਕੋਰੋਨਾ ਬਹੁਤ ਜਲਦੀ ਫੈਲਿਆ ਅਤੇ ਕੁਝ ਦਿਨਾਂ ਵਿੱਚ ਹੀ ਇਸਨੇ ਸਾਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਟਲੀ ਵੱਲ ਦੇਖ ਕੇ ਬਹੁਤ ਸਾਰੇ ਮੁਲਕਾਂ ਨੇ ਆਪਣੇ ਕੰਨ ਖੜੇ ਕਰ ਲਏ ਅਤੇ ਕੋਰੋਨਾ ਨਾਲ ਲੜਨ ਲਈ ਕਮਰ ਕੱਸ ਲਈ। ਪਰ ਇਹ ਇੰਨੀ ਤੇਜ ਗਤੀ ਨਾਲ ਅੱਗੇ ਵਧਿਆ ਕਿ ਇਸ ਸਾਹਮਣੇ ਸਭ ਕੁਝ ਬੌਣਾ ਨਜ਼ਰ ਆਇਆ। ਜਿੱਥੇ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਗਈ ਉੱਥੇ ਮੌਤ ਦਰ ਵੀ ਅਸਮਾਨੀ ਉਚਾਈਆਂ ਨੂੰ ਛੂਹਣ ਲੱਗੀ।
ਵਿਸ਼ਵ ਸਿਹਤ ਆਰਗੇਨਾਈਜੇਸ਼ਨ ਵੱਲੋਂ ਇਸ ਨੂੰ ਮਹਾਂਮਾਰੀ ਐਲਾਨਣ ਤੋਂ ਬਾਅਦ ਵੱਡੀਆਂ ਵੱਡੀਆਂ ਆਰਥਿਕ ਹਸਤੀਆਂ ਇਸ ਕੋਰੋਨਾ ਵਾਇਰਸ ਦੇ ਸਾਹਮਣੇ ਲੜਖੜਾਉਂਦੀਆਂ ਨਜ਼ਰ ਆਈਆਂ। ਦੁਨੀਆ ਭਰ ਦਾ ਮੈਡੀਕਲ ਤੰਤਰ ਇਸ ਸਾਹਮਣੇ ਬੇਬੱਸ ਨਜ਼ਰ ਆ ਰਿਹਾ ਹੈ। ਗਰੀਬ ਮੁਲਕਾਂ ਦੀ ਤਾਂ ਕੀ ਗੱਲ ਕਰਨੀ ਹੈ ਸਗੋਂ ਬਹੁਤ ਸਾਰੇ ਅਮੀਰ ਤੇ ਵਿਕਸਤ ਦੇਸ਼ ਵੀ ਇਸ ਕੋਰੋਨਾ ਅੱਗੇ ਗੋਡੇ ਟੇਕਦੇ ਨਜ਼ਰ ਆਏ ਹਨ, ਜੋ ਆਪਣੀਆਂ ਸਿਹਤ ਸਹੂਲਤਾਂ ਦੇ ਦਾਅਵੇ ਕਰਦੇ ਆਏ ਹਨ ਅਤੇ ਕੁਝ ਦਿਨ ਪਹਿਲਾਂ ਕਹਿੰਦੇ ਸਨ ਕਿ ਕੋਰੋਨਾ ਨਾਲ ਲੜਨ ਲਈ ਸਾਡੇ ਵੱਲੋਂ ਹਰ ਤਰ੍ਹਾਂ ਦੀ ਤਿਆਰੀ ਹੈ, ਪਰ ਉਹਨਾਂ ਦੀ ਫੂਕ ਵੀ ਬਹੁਤ ਜਲਦੀ ਨਿੱਕਲ ਗਈ। ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੋੜੀਂਦੇ ਵੈਂਟੀਲੈਟਰ, ਆਈ ਸੀ ਯੂਨਿਟ ਅਤੇ ਟੈਸਟ ਕਿੱਟਾਂ ਤੱਕ ਦੀ ਘਾਟ ਨੇ ਕਿੰਨੇ ਹੀ ਸਵਾਲ ਪੈਦਾ ਕਰ ਦਿੱਤੇ।
ਇਸ ਬੀਮਾਰੀ ਨੂੰ ਵੱਧਣ ਤੋਂ ਰੋਕਣ ਲਈ ਸਭ ਦੇਸ਼ਾਂ ਦੇ ਆਗੂ ਲੋਕਾਂ ਨੂੰ ਬੇਨਤੀਆਂ ਕਰਨ ਲੱਗੇ ਕਿ ਘਰਾਂ ਤੋਂ ਬਾਹਰ ਨਾ ਨਿੱਕਲੋ। ਅਖੀਰ ਨੂੰ ਬਹੁਤ ਸਾਰੇ ਦੇਸ਼ਾਂ ਵੱਲੋਂ ਸਾਰੀ ਵਿਵਸਥਾ ਨੂੰ ਠੱਪ ਕਰਨ ਲਈ ਸਖਤ ਕਦਮ ਚੁੱਕਣੇ ਪਏ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ “ਤਾਲਾਬੰਦ” (ਲਾਕਡਾਉਨ) ਕੀਤਾ ਗਿਆ। ਵੱਡੇ ਵੱਡੇ ਸਟੋਰ ਬੰਦ ਹੋ ਗਏ, ਖਾਣ ਪੀਣ ਦੇ ਸਟੋਰਾਂ ਵਿੱਚ ਵੀ ਸਮਾਨ ਦੀ ਭਾਰੀ ਕਮੀ ਦੇਖਣ ਨੂੰ ਮਿਲੀ।
ਇਸ ਸਭ ਦੇ ਸੰਦਰਭ ਨੂੰ ਡੂੰਘਾਈ ਵਿੱਚ ਜਾ ਕੇ ਦੇਖਦੇ ਹਾਂ ਤਾਂ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਮਹਾਂਮਾਰੀ ਨੇ ਲੋਕਾਂ ਨੂੰ ਪ੍ਰਭਾਵਿਤ ਨਾ ਕੀਤਾ ਹੋਵੇ। ਪਿਛਲੇ ਸਮਿਆਂ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਫੈਲੀਆਂ ਹਨ ਜਿਹਨਾਂ ਨਾਲ ਲੱਖਾਂ ਲੋਕ ਮਰਦੇ ਆਏ ਹਨ। ਕੋਰੋਨਾ ਵਾਇਰਸ ਨੇ ਸ਼ੁਰੂਆਤ ਵਿੱਚ ਆਪਣਾ ਪਸਾਰਾ ਹੌਲੀ ਹੌਲੀ ਵਧਾਇਆ ਹੈ। ਦੇਖਣ ਵਿੱਚ ਲੱਗਦਾ ਸੀ ਕਿ ਹੌਲੀ ਹੌਲੀ ਇਸਦੀ ਦਰ ਘੱਟ ਹੋ ਜਾਵੇਗੀ। ਪਰ ਇਸਦੀ ਦਰ ਵੱਧਦੀ ਗਈ ਅਤੇ ਲੋਕ ਦਿਨ ਬ ਦਿਨ ਵੱਧ ਮਰਦੇ ਗਏ। ਇਹ ਲੇਖ ਲਿਖਣ ਤੱਕ ਮੌਤਾਂ ਦੀ ਗਿਣਤੀ 120000 ਤੇ ਪੀੜਤ ਲੋਕ ਲੱਗਭੱਗ ਦੋ ਮਿਲੀਅਨ ਹੋ ਚੁੱਕੇ ਹਨ। ਦੁਨੀਆ ਭਰ ਦੇ ਦੇਸ਼ਾਂ ਤੋਂ ਮਰੀਜ਼ਾਂ ਤੇ ਮੌਤਾਂ ਦੀ ਦਰ ਵੱਧਣ ਦੀਆਂ ਰੋਜ਼ ਖਬਰਾਂ ਆ ਰਹੀਆ ਹਨ।
ਹਰ ਰੋਜ਼ ਹੋਣ ਵਾਲੀਆਂ ਕੁਦਰਤੀ ਜਾਂ ਹੋਰ ਬੀਮਾਰੀਆਂ ਨਾਲ ਕਿੰਨੀਆਂ ਮੌਤਾਂ ਹੁੰਦੀਆਂ ਹਨ। ਇਸ ਬਾਰੇ ਕਿਸੇ ਵੀ ਸੰਸਥਾ ਜਾਂ ਸੰਗਠਨ ਨੇ ਕੋਈ ਵੀ ਠੋਸ ਜਾਣਕਾਰੀ ਸਾਂਝੀ ਨਹੀਂ ਕੀਤੀ। ਜਿਸ ਨਾਲ ਆਮ ਲੋਕਾਂ ਦੇ ਦਿਲਾਂ ਵਿੱਚ ਕੋਰੋਨਾ ਬਾਰੇ ਭਰਮ ਭੁਲੇਖੇ ਨਾ ਪੈਂਦੇ ਅਤੇ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੇ ਮਜਬੂਤ ਹੋ ਕੇ ਇਸ ਬੀਮਾਰੀ ਨਾਲ ਲੜ ਸਕਦੇ ਸਨ। ਜਿਸ ਨਾਲ ਮੌਤ ਦਰ ਬਹੁਤ ਹੱਦ ਤੱਕ ਘੱਟ ਸਕਦੀ ਸੀ। ਸ਼ਾਇਦ ਅਜਿਹਾ ਕਰਨ ਦੀ ਬਜਾਏ ਲੋਕਾਂ ਨੂੰ ਇਸ ਕਦਰ ਡਰਾਇਆ ਗਿਆ ਕਿ ਲੋਕ ਕੋਰੋਨਾ ਬਾਰੇ ਸੋਚ ਕੇ ਹੀ ਤਰਾਹੁਣ ਲੱਗੇ ਹਨ। ਭਾਂਵੇ ਕਿ ਪਹਿਲਾਂ ਹੋਈਆਂ ਮਹਾਂਮਾਰੀਆਂ ਜਾਂ ਬੀਮਾਰੀਆਂ ਕਾਰਨ ਲੱਖਾਂ ਲੋਕ ਮਰਦੇ ਆਏ ਹਨ।
ਜੇ ਛੋਟੀ ਝਾਤ ਪਿੱਛੇ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ 19ਵੀਂ ਸਦੀ ਦੇ ਸ਼ੁਰੂ ਵਿੱਚ ਹੈਜ਼ੇ ਨਾਲ ਸੱਤ ਅੱਠ ਲੱਖ ਲੋਕ ਮਰੇ ਸਨ। 1956 ਵਿੱਚ ਫੈਲੇ ਏਸ਼ੀਅਨ ਫਲੂ ਨੇ 2 ਮਿਲੀਅਨ ਲੋਕਾਂ ਦੀ ਜਾਨ ਲਈ। 1968 ਵਿੱਚ ਹੌਂਗ ਕਾਂਗ ਫਲੂ ਨੇ ਲੱਗਭੱਗ 10-11 ਲੱਖ ਲੋਕ ਮਾਰੇ। ਇਸ ਤੋਂ ਇਲਾਵਾ ਪਲੇਗ ਜਿਹੀ ਮਹਾਂਮਾਰੀ ਨਾਲ ਵੀ ਲੱਖਾਂ ਲੋਕ ਮਰ ਚੁੱਕੇ ਹਨ। ਇਸਦੇ ਇਲਾਵਾ ਦੋ ਆਲਮੀ ਜੰਗਾਂ ਵਿੱਚ ਮਿਲੀਅਨਾਂ ਦੇ ਹਿਸਾਬ ਨਾਲ ਫੌਜੀਆਂ ਸਮੇਤ ਲੱਖਾਂ ਲੋਕ ਮਾਰੇ ਗਏ ਸਨ। ਜਰਮਨ ਸ਼ਾਸ਼ਕ ਹਿਟਲਰ ਵਰਗਿਆਂ ਨੇ ਆਪਣੇ ਦੇਸ਼ਾਂ ਵਿੱਚ ਹੀ ਲੱਖਾਂ ਲੋਕਾਂ ਨੂੰ ਮਾਰਿਆ ਸੀ। ਹੋਰ ਵੀ ਬਹੁਤ ਸਾਰੀਆਂ ਕੁਦਰਤੀ ਆਫਤਾਂ ਜਿਵੇਂ ਸੁਨਾਮੀ, ਭੁਚਾਲ, ਸੋਕਾ ਜਾਂ ਭੁੱਖਮਰੀ ਨਾਲ ਵੀ ਲੱਖਾਂ ਲੋਕ ਆਪਣਾ ਬਲੀਦਾਨ ਦੇ ਚੁੱਕੇ ਹਨ। ਅੱਜ ਬਹੁਤ ਸਾਰੇ ਦੇਸ਼ਾਂ ਕੋਲ ਪਰਮਾਣੂ ਬੰਬ ਹੋਣ ਕਰਕੇ ਦੁਨੀਆ ਬਾਰੂਦ ਦੇ ਢੇਰ ‘ਤੇ ਬੈਠੀ ਹੈ।
ਹੁਣ ਵਿਗਿਆਨ ਨੇ ਮਨੁੱਖ ਰਾਹੀਂ ਬਹੁਤ ਲੰਬਾ ਸਫ਼ਰ ਤੈਅ ਕਰਕੇ ਆਪਣੇ ਆਪ ਨੂੰ ਇੱਕ ਅਜਿਹੇ ਮੁਕਾਮ ਤੇ ਲਿਆ ਖੜਾ ਕੀਤਾ ਹੈ, ਜਿੱਥੇ ਵਿਗਿਆਨ ਤੇ ਕੁਦਰਤ ਵਿੱਚ ਦੂਰੀ ਬਹੁਤ ਘੱਟ ਗਈ ਹੈ। ਪਰ ਇੰਨੀ ਨੇੜਤਾ ਨੇ ਕੁਦਰਤ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਹੈ, ਜਿਸਦਾ ਖਮਿਆਜ਼ਾ ਸਾਨੂੰ ਸਭ ਨੂੰ ਭੁਗਤਣਾ ਪੈ ਰਿਹਾ ਹੈ।
ਵਿਗਿਆਨ ਨੂੰ ਈਜਾਦ ਕਰਨ ਵਾਲਾ ਮਨੁੱਖ ਅੱਜ ਇਸ ਕੋਰੋਨਾ ਨਾਂ ਦੇ ਵਾਇਰਸ ਸਾਹਮਣੇ ਆਪਣੇ ਆਪ ਨੂੰ ਬੇਬੱਸ ਮਹਿਸੂਸ ਹੀ ਨਹੀਂ ਕਰ ਰਿਹਾ ਸਗੋਂ ਬੜੀ ਲਾਚਾਰਗੀ ਨਾਲ ਕੋਵਿਡ ਦੇ ਕਹਿਰ ਕੋਲੋਂ ਡਰਦਾ ਕੁਦਰਤ ਸਾਹਮਣੇ ਅਰਜੋਈਆਂ ਕਰ ਰਿਹਾ ਹੈ। ਪਰ ਕੁਦਰਤ ਮਨੁੱਖ ਉੱਪਰ ਹੱਸਦੀ ਨਜ਼ਰ ਆ ਰਹੀ ਹੈ।
ਹੋਰ ਦੇਖੋ ਇਸ ਕੋਰੋਨਾ ਨਾਂ ਦੇ ਵਾਇਰਸ ਨੇ ਆਪਣਾ ਸਫ਼ਰ ਤੈਅ ਕਰਨ ਲਈ ਮਨੁੱਖ ਨੂੰ ਹੀ ਚੁਣਿਆ ਹੈ। ਅਸਲ ਵਿੱਚ ਇਸ ਨੂੰ ਕੁਦਰਤ ਨਾਲ ਛੇੜਛਾੜ ਦਾ ਇੱਕ ਨਤੀਜਾ ਹੀ ਕਹਿ ਸਕਦੇ ਹਾਂ। ਕਿਉਂਕਿ ਇਸ ਵਾਰ ਕੁਦਰਤ ਨੇ ਜੋ ਵਰਤਾਰਾ ਰਚਿਆ ਹੈ ਉਸ ਵਿੱਚ ਸਿੱਧੇ ਤੌਰ ‘ਤੇ ਮਨੁੱਖ ਨੂੰ ਹੀ ਦੋਸ਼ੀ ਠਹਿਰਾਇਆ ਹੈ। ਇਸ ਵਾਇਰਸ ਨੂੰ ਅਗਾਂਹ ਪਹੁੰਚਾਣ ਲਈ ਵੀ ਮਨੁੱਖ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ। ਕਿਉਂਕਿ ਇਹ ਵਾਇਰਸ ਇੱਕ ਮਨੁੱਖ ਤੋਂ ਦੂਸਰੇ ਤੱਕ ਹੋ ਕੇ ਹੀ ਅੱਗੇ ਵੱਧਦਾ ਹੈ। ਇਸ ਦਾ ਸਿੱਧਾ ਭਾਵ ਇਹ ਹੈ ਕਿ ਮਨੁੱਖ ਦਾ ਸਿੱਧਾ ਸੰਬੰਧ ਇਸ ਵਾਇਰਸ ਨਾਲ ਹੈ। ਇਹ ਗੱਲ ਪੱਕੀ ਹੈ ਕਿ ਇਸ ਵਾਇਰਸ ਦਾ ਹੱਲ ਵੀ ਮਨੁੱਖ ਨੇ ਹੀ ਲੱਭਣਾ ਹੈ। ਇਹ ਜ਼ਿੰਮੇਵਾਰੀ ਵੀ ਮਨੁੱਖ ਦੀ ਹੈ ਅਤੇ ਇਸਨੂੰ ਨਿਭਾਉਣ ਲਈ ਮਨੁੱਖ ਯਤਨਸ਼ੀਲ ਵੀ ਹੈ। ਸਾਡਾ ਸਭ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਸ ਚਿੰਤਾਜਨਕ ਦੌਰ ਵਿੱਚ ਲੋਕਾਈ ਦੇ ਭਲੇ ਲਈ ਕੰਮ ਕਰੀਏ ਤਾਂ ਕਿ ਆਉਣ ਵਾਲਾ ਕੱਲ੍ਹ ਸਾਡੀ ਗਵਾਹੀ ਭਰ ਸਕੇ ਕਿ ਅਸੀਂ ਸਮੇਂ ਤੋਂ ਮੁਨਕਰ ਹੋ ਕੇ ਭੱਜੇ ਨਹੀਂ ਸੀ।
ਬਲਵਿੰਦਰ ਸਿੰਘ ਚਾਹਲ ਯੂ ਕੇ