ਮੋਗਾ (ਵਰਿੰਦਰ ਸਿੰਘ ਖੁਰਮੀ)

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਬਿਜਲੀ ਸੋਧ ਐਕਟ 2020 ਅਤੇ ਪਰਾਲੀ ਐਕਟ ਖਿਲਾਫ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਾਥੀਆਂ ਨੂੰ ਪ੍ਰਣਾਮ ਕੀਤਾ ਗਿਆ। ਸ਼ਰਧਾਂਜਲੀ ਸਮਾਗਮਾਂ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਔਰਤ ਆਗੂ ਕੁਲਦੀਪ ਕੌਰ ਕੁੱਸਾ ਦੀ ਅਗਵਾਈ ਵਿੱਚ ਪਿੰਡ ਕੁੱਸਾ ਵਿਖੇ ਵਿਸ਼ਾਲ ਗਿਣਤੀ ਵਿਚ ਔਰਤਾਂ ਅਤੇੇ ਸਮੂਹ ਨਗਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿੱਥੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਘੋਲ਼ ਵਿਚ ਜਾਨਾਂ ਵਾਰਨ ਵਾਲੇ ਬਹਾਦਰ ਸਾਥੀਆਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਕਿਸਾਨ ਸੰਘਰਸ਼ ਦੀ ਲੋਕਾਂ ਵੱਲੋਂ ਡਟਕੇ ਹਮਾਇਤ ਕੀਤੀ ਜਾ ਰਹੀ ਹੈ। ਲੋਕਾਂ ਦੀ ਕਿਸਾਨ ਜਥੇਬੰਦੀਆਂ ਨੂੰ ਕੀਤੀ ਜਾ ਰਹੀ ਆਰਥਿਕ ਸਹਾਇਤਾ ਵੀ ਮੋਦੀ ਹਕੂਮਤ ਨੂੰ ਅੱਖ ਦੇ ਰੋੜ ਵਾਂਗ ਚੁਭ ਰਹੀ ਹੈ।ਇਸੇ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੇ ਬੈਂਕ ਖਾਤੇ ਵਿੱਚ ਆ ਰਹੀ ਵਿਦੇਸ਼ਾਂ ਵਿੱਚ ਬੈਠੇ ਕਿਸਾਨ ਸੰਘਰਸ਼ ਦੇ ਹਿਤੈਸ਼ੀਆਂ ਵੱਲੋਂ ਕੀਤੀ ਆਰਥਿਕ ਮੱਦਦ ਸਬੰਧੀ ਵੀ ਨੋਟਿਸ ਜਾਰੀ ਕਰਨ ਦੀ ਘਟੀਆ ਕਾਰਵਾਈ ਕੇਂਦਰ ਸਰਕਾਰ ਦੀ ਸ਼ਹਿ ਤੇ ਕੀਤੀ ਗਈ ਹੈ।ਲੋਕ ਦੋਖੀ ਸਰਕਾਰ ਆਪਣਾ ਹਰ ਹਰਬਾ ਵਰਤ ਰਹੀ ਹੈ।ਪਰ ਸਰਕਾਰ ਨੂੰ ਲੋਕਾਂ ਦੇ ਸੰਘਰਸ਼ ਤੇ ਏਕੇ ਦੀ ਤਾਕਤ ਤੋਂ ਮੂੰਹ ਦੀ ਖਾਣੀ ਪਵੇਗੀ।ਕਿਸਾਨ ਘੋਲ਼ ਸਹਾਇਤਾ ਕਮੇਟੀ ਨਿਹਾਲ ਸਿੰਘ ਵਾਲਾ ਦੇ ਆਗੂਆਂ ਨੇ ਵੱਖ-ਵੱਖ ਪਿੰਡਾਂ ਵਿੱਚ ਹੋਏ ਸਮਾਗਮ ਅਤੇ ਮਾਰਚ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਜਿੱਤ ਪ੍ਰਾਪਤ ਕਰੇਗਾ। ਕਾਰਪੋਰੇਟ ਘਰਾਣਿਆਂ ਦੀ ਅੰਨੀ ਮਚਾਉਣ ਵਿੱਚ ਜੁਟੀ ਹੋਈ ਮੋਦੀ ਹਕੂਮਤ ਨੂੰ ਲੋਕ ਰੋਹ ਅੱਗੇ ਝੁਕਦਿਆਂ ਆਪਣੇ ਕਿਸਾਨ ਮਾਰੂ ਫੈਸਲੇ ਵਾਪਸ ਲੈਣੇ ਹੀ ਪੈਣਗੇ।
ਇਸ ਸਮੇਂ ਲੁਹਾਰਾ, ਮੀਨੀਆਂ, ਰਾਮਾਂ, ਦੀਨਾ, ਬੁਰਜ ਹਮੀਰਾ, ਮਧੇਕੇ, ਬਾਰੇ ਵਾਲਾ, ਧੂੜਕੋਟ ਰਣਸੀਂਹ ਵਿਖੇ ਗੁਰਮੁਖ ਹਿੰਮਤਪੁਰਾ, ਕਰਮ ਰਾਮਾਂ, ਅਮਨਦੀਪ ਮਾਛੀਕੇ, ਦਰਸ਼ਨ ਸਿੰਘ ਹਿੰਮਤਪੁਰਾ, ਜਗਮੋਹਨ ਸਿੰਘ ਸੈਦੋਕੇ, ਬੂਟਾ ਸਿੰਘ ਭਾਗੀਕੇ, ਗੁਰਮੇਲ ਸਿੰਘ ਸੈਦੋਕੇ, ਇੰਦਰਮੋਹਨ ਸਿੰਘ, ਗੁਰਚਰਨ ਸਿੰਘ ,ਕੇਵਲ ਬੱਧਨੀ, ਕੁਲਵੰਤ ਕੌਰ ਲੁਹਾਰਾ, ਕਮਲੇਸ਼ ਰਾਣੀ ਆਦਿ ਆਗੂਆਂ ਨੇ ਸ਼ਰਧਾਂਜਲੀ ਸਮਾਗਮਾਂ ਵਿੱਚ ਸੰਬੋਧਨ ਕੀਤਾ।